ਹਰਦੀਪ ਸਿੰਘ ਨਿੱਝਰ ਦੇ ਕਤਲ ਸਬੰਧੀ ਹੈਰਾਨੀਜਨਕ ਖ਼ੁਲਾਸੇ; ਕਤਲਕਾਂਡ ਦੀ CCTV ਫੁਟੇਜ ਆਈ ਸਾਹਮਣੇ
Hardeep Singh Nijjar Death Case: ਹਰਦੀਪ ਸਿੰਘ ਨਿੱਝਰ ਦੇ ਕਤਲ ਨੂੰ ਲੈ ਕੇ ਭਾਰਤ ਅਤੇ ਕੈਨੇਡਾ ਵਿਚਾਲੇ ਚੱਲ ਰਹੇ ਕੂਟਨੀਤਕ ਵਿਵਾਦ ਦੇ ਵਿਚਕਾਰ ਅਮਰੀਕੀ ਅਖ਼ਬਾਰ ਵਾਸ਼ਿੰਗਟਨ ਪੋਸਟ ਨੇ ਹੈਰਾਨ ਕਰਨ ਵਾਲੀ ਰਿਪੋਰਟ ਪ੍ਰਕਾਸ਼ਿਤ ਕੀਤੀ ਹੈ। ਇੱਕ 90 ਸੈਕਿੰਡ ਦੇ ਸੀ.ਸੀ.ਟੀ.ਵੀ. ਵੀਡੀਓ ਅਤੇ ਉੱਥੇ ਮੌਜੂਦ ਚਸ਼ਮਦੀਦਾਂ ਦਾ ਹਵਾਲਾ ਦਿੰਦੇ ਹੋਏ ਅਖ਼ਬਾਰ ਨੇ ਲਿਖਿਆ ਹੈ ਕਿ ਨਿੱਝਰ ਦੇ ਕਤਲ ਵਿੱਚ ਘੱਟੋ-ਘੱਟ ਛੇ ਲੋਕ ਸ਼ਾਮਲ ਸਨ। ਕਤਲ ਵਿੱਚ ਦੋ ਕਾਰਾਂ ਦੀ ਵਰਤੋਂ ਕੀਤੀ ਗਈ ਸੀ। ਜਿਸ ਕਾਰਨ ਨਿੱਝਰ ਦਾ ਕਤਲ ਬਹੁਤ ਸੋਚੀ ਸਮਝੀ ਕਾਰਵਾਈ ਦਾ ਸੰਕੇਤ ਦਿੰਦਾ ਹੈ।
ਅਮਰੀਕੀ ਅਖ਼ਬਾਰ ਨੇ ਕਤਲ ਬਾਰੇ ਕੀ ਕਿਹਾ? ਜਾਣੋ
ਵਾਸ਼ਿੰਗਟਨ ਪੋਸਟ ਨੇ ਲਿਖਿਆ ਹੈ ਕਿ ਘਟਨਾ ਵਾਲੀ ਥਾਂ 'ਤੇ ਮੌਜੂਦ ਸੀ.ਸੀ.ਟੀ.ਵੀ. ਕੈਮਰੇ ਦੀ ਫੁਟੇਜ ਤੋਂ ਮਾਮਲੇ 'ਚ ਨਵੀਂ ਜਾਣਕਾਰੀ ਸਾਹਮਣੇ ਆਈ ਹੈ। 90-ਸਕਿੰਟ ਦੀ ਵੀਡੀਓ ਕਲਿੱਪ ਵਿੱਚ ਨਿੱਝਰ ਦੀ ਸਲੇਟੀ ਪਿਕਅੱਪ ਦੇ ਨਾਲ ਇੱਕ ਚਿੱਟੀ ਸੇਡਾਨ ਡਰਾਈਵਿੰਗ ਕਰਦੀ ਦਿਖਾਈ ਦਿੰਦੀ ਹੈ। ਜਿਵੇਂ ਹੀ ਨਿੱਝਰ ਪਾਰਕਿੰਗ ਲਾਟ ਤੋਂ ਬਾਹਰ ਨਿਕਲਦਾ ਹੈ। ਸੇਡਾਨ ਉਸਦੇ ਪਿਕਅੱਪ ਦਾ ਰਸਤਾ ਰੋਕਦੀ ਹੈ। ਉਦੋਂ ਦੋ ਨਕਾਬਪੋਸ਼ ਹਮਲਾਵਰ ਜਿਨ੍ਹਾਂ ਨੇ ਹੁੱਡ ਵਾਲੀਆਂ ਸਵੈਟ-ਸ਼ਰਟਾਂ ਪਾਈਆਂ ਸਨ, ਨਿੱਝਰ ਦੇ ਟਰੱਕ ਦੇ ਨੇੜੇ ਆਉਂਦੇ ਹਨ। ਅਖ਼ਬਾਰ ਦਾ ਕਹਿਣਾ ਕਿ ਹਮਲਾਵਰਾਂ ਨੇ ਨਿੱਝਰ 'ਤੇ ਕਰੀਬ 50 ਰੌਂਦ ਦਾਗੇ ਸਨ, ਜਿਸ ਵਿੱਚੋਂ 34 ਗੋਲੀਆਂ ਨਿੱਝਰ ਨੂੰ ਲੱਗੀਆਂ।
ਅਖ਼ਬਾਰ ਦੀ ਰਿਪੋਰਟ ਮੁਤਾਬਕ ਬ੍ਰਿਟਿਸ਼ ਕੋਲੰਬੀਆ ਸਿੱਖ ਗੁਰਦੁਆਰਾ ਕੌਂਸਲ ਦੇ ਬੁਲਾਰੇ ਮੋਨਿੰਦਰ ਸਿੰਘ ਦਾ ਕਹਿਣਾ ਹੈ ਕਿ ਨਿੱਝਰ ਦੀ ਕਾਰ ਵਿੱਚ ਪਹਿਲਾਂ ਹੀ ਇੱਕ ਟਰੈਕਰ ਲਗਾਇਆ ਹੋਇਆ ਸੀ, ਜਿਸ ਤੋਂ ਪਤਾ ਲੱਗਦਾ ਹੈ ਕਿ ਨਿੱਝਰ ਦਾ ਕਤਲ ਨਿਸ਼ਾਨਾ ਬਣਾ ਕੇ ਕੀਤਾ ਗਿਆ ਸੀ।
ਕੈਨੇਡੀਅਨ ਪੁਲਿਸ 'ਤੇ ਲਾਪਰਵਾਹੀ ਦਾ ਇਲਜ਼ਾਮ
ਵਾਸ਼ਿੰਗਟਨ ਪੋਸਟ ਮੁਤਾਬਕ ਗਵਾਹਾਂ ਨੇ ਹੈਰਾਨੀ ਪ੍ਰਗਟ ਕੀਤੀ ਹੈ ਕਿ ਸਥਾਨਕ ਪੁਲਿਸ ਇਸ ਖੇਤਰ ਵਿੱਚ ਨਿਯਮਤ ਤੌਰ 'ਤੇ ਗਸ਼ਤ ਕਰਦੀ ਹੈ। ਇਸ ਦੇ ਬਾਵਜੂਦ ਪੁਲਿਸ ਨੂੰ ਮੌਕੇ ’ਤੇ ਪੁੱਜਣ ਵਿੱਚ ਕਰੀਬ 12 ਤੋਂ 20 ਮਿੰਟ ਲੱਗ ਗਏ। ਇਸ ਤੋਂ ਇਲਾਵਾ ਸਰੀ ਪੁਲਿਸ ਅਤੇ ਰਾਇਲ ਕੈਨੇਡੀਅਨ ਮਾਉਂਟਿਡ ਪੁਲਿਸ ਵਿਚਕਾਰ ਅਧਿਕਾਰ ਖੇਤਰ ਅਤੇ ਜਾਂਚ ਲੀਡਰਸ਼ਿਪ ਨੂੰ ਲੈ ਕੇ ਇੱਕ ਘੰਟਾ ਬਹਿਸ ਹੋਈ।
ਰਿਪੋਰਟ ਮੁਤਾਬਕ ਘਟਨਾ ਦੇ ਲਗਭਗ ਤਿੰਨ ਮਹੀਨੇ ਬੀਤ ਜਾਣ ਦੇ ਬਾਵਜੂਦ ਅਜੇ ਤੱਕ ਚਾਰਜਸ਼ੀਟ ਦਾਇਰ ਨਹੀਂ ਕੀਤੀ ਗਈ ਹੈ। ਨਾ ਹੀ ਸ਼ੱਕੀਆਂ ਦੀ ਪਛਾਣ ਬਾਰੇ ਕੋਈ ਜਾਣਕਾਰੀ ਦਿੱਤੀ ਗਈ ਹੈ। ਨਿੱਝਰ ਦੇ ਕਤਲ ਵਿੱਚ ਸ਼ਾਮਲ ਹਮਲਾਵਰ ਜਿਸ ਰਸਤੇ ਰਾਹੀਂ ਭੱਜ ਗਏ ਸਨ, ਉਸ ਰਸਤੇ ਦੇ ਨੇੜੇ ਰਹਿਣ ਵਾਲੇ ਲੋਕਾਂ ਦਾ ਕਹਿਣਾ ਹੈ ਕਿ ਪੁਲਿਸ ਨੇ ਅਜੇ ਤੱਕ ਉਨ੍ਹਾਂ ਨਾਲ ਸੰਪਰਕ ਨਹੀਂ ਕੀਤਾ।
ਸੰਖੇਪ 'ਚ ਜਾਣੋ ਪੂਰਾ ਵਿਵਾਦ
ਜੂਨ 2023 ਵਿੱਚ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਸਰੀ ਸ਼ਹਿਰ ਵਿੱਚ ਸਿੱਖ ਆਗੂ ਹਰਦੀਪ ਸਿੰਘ ਨਿੱਝਰ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਨਿੱਝਰ ਨੂੰ ਗੁਰਦੁਆਰੇ ਦੀ ਪਾਰਕਿੰਗ ਵਿੱਚ ਗੋਲੀ ਮਾਰੀ ਗਈ ਸੀ। ਪਿਛਲੇ ਹਫ਼ਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਦੀ ਸੰਸਦ ਵਿੱਚ ਨਿੱਝਰ ਦੇ ਕਤਲ ਵਿੱਚ ਭਾਰਤ ਦਾ ਹੱਥ ਹੋਣ ਦਾ ਕਥਿਤ ਦੋਸ਼ ਲਾਇਆ ਸੀ। ਜਿਸ ਨੂੰ ਭਾਰਤ ਨੇ ਪੂਰੀ ਤਰ੍ਹਾਂ ਰੱਦ ਕਰ ਦਿੱਤਾ ਹੈ। ਟਰੂਡੋ ਦੇ ਕਥਿਤ ਦੋਸ਼ਾਂ ਤੋਂ ਬਾਅਦ ਦੋਵਾਂ ਦੇਸ਼ਾਂ ਵਿਚਾਲੇ ਕੂਟਨੀਤਕ ਵਿਵਾਦ ਸਿਖਰ 'ਤੇ ਹੈ।
ਸਿੱਖ ਪਹਿਰਾਵੇ ਵਿੱਚ ਸਨ ਹਮਲਾਵਰ
ਰਿਪੋਰਟ 'ਚ ਕਿਹਾ ਗਿਆ ਕਿ ਮੌਕੇ 'ਤੇ ਮੌਜੂਦ ਇਕ ਹੋਰ ਚਸ਼ਮਦੀਦ ਅਤੇ ਗੁਰਦੁਆਰਾ ਕਮੇਟੀ ਦੇ ਮੈਂਬਰ ਮਲਕੀਤ ਸਿੰਘ ਉਸ ਸਮੇਂ ਫੁੱਟਬਾਲ ਖੇਡ ਰਿਹਾ ਸੀ। ਮਲਕੀਤ ਸਿੰਘ ਮੁਤਾਬਕ ਹਮਲਾਵਰਾਂ ਨੇ ਸਿੱਖ ਪਹਿਰਾਵਾ ਪਾਇਆ ਹੋਇਆ ਸੀ। ਮਲਕੀਤ ਸਿੰਘ ਨੇ ਅੱਗੇ ਦੱਸਿਆ ਕਿ ਨਿੱਝਰ ਦਾ ਕਤਲ ਕਰਨ ਤੋਂ ਬਾਅਦ ਦੋਵੇਂ ਹਮਲਾਵਰ ਕੌਗਰ ਕਰੀਕ ਪਾਰਕ ਦੇ ਬਾਹਰ ਖੜ੍ਹੀ ਸਿਲਵਰ ਰੰਗ ਦੀ 2008 ਟੋਇਟਾ ਕੈਮਰੀ ਗੱਡੀ ਵਿੱਚ ਫਰਾਰ ਹੋ ਗਏ। ਉਨ੍ਹਾਂ ਦੱਸਿਆ ਕਿ ਦੋ ਹਮਲਾਵਰਾਂ ਦੀ ਉਡੀਕ ਵਿੱਚ ਪਹਿਲਾਂ ਹੀ ਤਿੰਨ ਲੋਕ ਮੌਜੂਦ ਸਨ। ਮਲਕੀਤ ਦਾ ਕਹਿਣਾ ਹੈ ਕਿ ਉਸਨੂੰ ਇਹ ਸਭ ਇਸ ਲਈ ਯਾਦ ਹੈ ਕਿਉਂਕਿ ਦੋ ਹਮਲਾਵਰਾਂ ਵਿੱਚੋਂ ਇੱਕ ਨੇ ਕਾਰ ਵਿੱਚ ਬੈਠਣ ਤੋਂ ਪਹਿਲਾਂ ਉਸ ਵੱਲ ਪਿਸਤੌਲ ਤਾਣ ਲਈ ਸੀ।
ਟਰੂਡੋ ਨੇ ਦੁਹਰਾਇਆ ਇਲਜ਼ਾਮ
ਪਿਛਲੇ ਹਫ਼ਤੇ 19 ਸਤੰਬਰ ਨੂੰ ਕੈਨੇਡੀਅਨ ਸੰਸਦ ਵਿੱਚ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਨਿੱਝਰ ਦੇ ਕਤਲ ਵਿੱਚ ਭਾਰਤ ਦਾ ਹੱਥ ਹੋਣ ਦਾ ਕਥਿਤ ਦੋਸ਼ ਲਾਇਆ ਸੀ। ਉਨ੍ਹਾਂ ਕਿਹਾ ਸੀ ਕਿ ਕੈਨੇਡੀਅਨ ਸੁਰੱਖਿਆ ਏਜੰਸੀਆਂ ਕੈਨੇਡੀਅਨ ਨਾਗਰਿਕ ਹਰਦੀਪ ਸਿੰਘ ਨਿੱਝਰ ਦੇ ਕਤਲ ਅਤੇ ਭਾਰਤ aਸਰਕਾਰ ਦੇ ਸੰਭਾਵੀ ਸਬੰਧਾਂ ਦੇ ਭਰੋਸੇਯੋਗ ਦੋਸ਼ਾਂ ਦੀ ਸਰਗਰਮੀ ਨਾਲ ਜਾਂਚ ਕਰ ਰਹੀਆਂ ਹਨ।
ਭਾਰਤ ਸਰਕਾਰ ਨੇ ਟਰੂਡੋ ਦੇ ਦੋਸ਼ਾਂ ਨੂੰ ਸਖ਼ਤੀ ਨਾਲ ਰੱਦ ਕਰਦਿਆਂ ਕਿਹਾ ਹੈ ਕਿ ਕੈਨੇਡਾ ਵਿੱਚ ਕਿਸੇ ਵੀ ਹਿੰਸਾ ਦੀ ਕਾਰਵਾਈ ਵਿੱਚ ਭਾਰਤ ਦੀ ਸ਼ਮੂਲੀਅਤ ਦੇ ਦੋਸ਼ ਬੇਤੁਕੇ ਦੱਸੇ ਸਨ। ਭਾਰਤ ਵੱਲੋਂ ਇਨ੍ਹਾਂ ਦੋਸ਼ਾਂ ਨੂੰ ਪੂਰੀ ਤਰ੍ਹਾਂ ਖਾਰਿਜ ਕੀਤੇ ਜਾਣ ਦੇ ਬਾਵਜੂਦ ਟਰੂਡੋ ਨੇ ਅਮਰੀਕੀ ਸ਼ਹਿਰ ਨਿਊਯਾਰਕ ਵਿੱਚ ਇੱਕ ਵਾਰ ਫਿਰ ਭਾਰਤ ਵਿਰੁੱਧ ਦੋਸ਼ਾਂ ਨੂੰ ਦੁਹਰਾਉਂਦਿਆਂ ਕਿਹਾ ਕਿ ਨਿੱਝਰ ਦੇ ਕਤਲ ਪਿੱਛੇ ਭਾਰਤ ਸਰਕਾਰ ਦਾ ਹੱਥ ਹੈ।
- PTC NEWS