ਅੰਮ੍ਰਿਤਸਰ: ਸ੍ਰੀ ਗੁਰੂ ਹਰਿ ਰਾਏ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੇ ਸਬੰਧ ਚ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸ਼ਾਮ ਵਾਲੇ ਅਤਿ ਸੁੰਦਰ ਦੀਪਮਾਲਾ ਤੇ ਆਤਿਸ਼ਬਾਜੀ ਕੀਤੀ ਗਈ। ਦੇਸ਼-ਵਿਦੇਸ਼ ਦੀਆਂ ਸੰਗਤਾਂ ਵਲੋਂ ਸ੍ਰੀ ਦਰਬਾਰ ਸਾਹਿਬ ਦੇ ਪਵਿੱਤਰ ਸਰੋਵਰ ਦੇ ਕਿਨਾਰੇ ਤੇ ਅਤੇ ਸਾਰੇ ਪ੍ਰਵੇਸ਼ ਦੁਆਰਾਂ ਦੇ ਬਾਹਰ ਘਿਓ ਦੇ ਦੀਵੇ ਅਤੇ ਰੰਗ ਬਿਰੰਗੀਆਂ ਮੋਮਬੱਤੀਆਂ ਬਾਲ ਕੇ ਗੁਰੂ ਸਾਹਿਬ ਦੇ ਪ੍ਰਕਾਸ਼ ਪੁਰਬ ਦੀ ਖੁਸ਼ੀ ਮਨਾਈ ਗਈ। ਸੰਗਤਾਂ ਅਨੁਸਾਰ ਇਸ ਪਾਵਨ ਪਵਿਤਰ ਦਿਹਾੜੇ ਮੌਕੇ ਆਸਥਾ ਦੇ ਦੀਵੇ ਬਾਲ ਕੇ ਬਹੁਤ ਸਕੂਨ ਤੇ ਅੰਨਦ ਦੀ ਪ੍ਰਾਪਤੀ ਹੋਈ ਹੈ। ਰਹਿਰਾਸ ਸਾਹਿਬ ਦੇ ਪਾਠ ਤੋਂ ਉਪਰੰਤ ਅਕਾਸ਼ ਵਿਚ ਚਲਣ ਵਾਲੀ ਪ੍ਰਦੂਸ਼ਣ ਰਹਿਤ ਮਨਮੋਹਕ ਆਤਿਸ਼ਬਾਜੀ ਕੀਤੀ ਗਈ। ਈ ਲਾਈਟਾਂ ਨਾਲ ਜਗਮਗਾਉਂਦੇ ਸ੍ਰੀ ਦਰਬਾਰ ਸਾਹਿਬ ਦਾ ਅਦਭੁਤ ਨਜ਼ਾਰਾ ਦੇਖਣ ਲਈ ਸੰਗਤਾਂ ਲੱਖਾਂ ਦੀ ਤਦਾਦ ਚ ਪਹੁੰਚੀਆਂ। ਸੰਗਤਾਂ ਅਨੁਸਾਰ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਮੌਕੇ ਗੁਰੂ ਘਰ ਦੇ ਦਰਸ਼ਨਾਂ ਦਾ ਮੌਕਾ ਮਿਲਣਾ ਬਹੁਤ ਵੱਡੇ ਭਾਗਾਂ ਵਾਲੀ ਗਲ ਹੈ ਅਤੇ ਅੱਜ ਦੇ ਦਿਨ ਇਥੇ ਆ ਕੇ ਦੀਪਮਾਲਾ ਤੇ ਆਤਿਸਬਜ਼ੀ ਦਾ ਦਿਲਖਿਚਵਾਂ ਨਜ਼ਾਰਾ ਦੇਖ ਕੇ ਜੋ ਆਨੰਦ ਮਿਲਿਆ ਹੈ ਉਸ ਨੂੰ ਸ਼ਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ।