ਸੁਖਵਿੰਦਰ ਸੁੱਖੂ ਨੇ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਵਜੋਂ ਲਿਆ ਹਲਫ਼, ਅਗਨੀਹੋਤਰੀ ਬਣੇ ਉਪ ਮੁੱਖ ਮੰਤਰੀ
ਸ਼ਿਮਲਾ : ਕਾਂਗਰਸੀ ਨੇਤਾ ਸੁਖਵਿੰਦਰ ਸਿੰਘ ਸੁੱਖੂ ਨੇ ਅੱਜ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਵਜੋਂ ਹਲਫ ਲਿਆ। ਸ਼ਿਮਲਾ ਦੇ ਰਿਜ ਮੈਦਾਨ ਵਿੱਚ ਰਾਜਪਾਲ ਰਾਜੇਂਦਰ ਵਿਸ਼ਵਨਾਥ ਅਰਲੇਕਰ ਨੇ ਸੁਖਵਿੰਦਰ ਸਿੰਘ ਸੁੱਖੂ ਨੂੰ ਸੂਬੇ ਦੇ 15ਵੇਂ ਮੁੱਖ ਮੰਤਰੀ ਵਜੋਂ ਅਹੁਦੇ ਦਾ ਹਲਫ਼ ਦਿਵਾਇਆ। ਮੁਕੇਸ਼ ਅਗਨੀਹੋਤਰੀ ਨੇ ਉਪ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ।
ਹਲਫ਼ ਸਮਾਰੋਹ ਦੌਰਾਨ ਸੁਖਵਿੰਦਰ ਸਿੰਘ ਸੁੱਖੂ ਦੀ ਮਾਤਾ ਸੰਸਾਰ ਦੇਈ, ਕਾਂਗਰਸ ਦੇ ਸਹਿ ਇੰਚਾਰਜ ਸੰਜੇ ਦੱਤ, ਕਾਂਗਰਸ ਦੀ ਸੂਬਾ ਪ੍ਰਧਾਨ ਪ੍ਰਤਿਭਾ ਸਿੰਘ ਵੀ ਮੰਚ 'ਤੇ ਪੁੱਜੇ। ਰਾਹੁਲ ਗਾਂਧੀ ਨੇ ਸਟੇਜ 'ਤੇ ਪ੍ਰਤਿਭਾ ਸਿੰਘ ਨੂੰ ਗਲੇ ਲਗਾਇਆ। ਰਾਹੁਲ ਗਾਂਧੀ ਤੇ ਪ੍ਰਿਅੰਕਾ ਗਾਂਧੀ ਨੇ ਮਰਹੂਮ ਵੀਰਭੱਦਰ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ।
ਇਹ ਵੀ ਪੜ੍ਹੋ : ਕੈਨੇਡਾ ਦੇ ਐਡਮਿੰਟਨ ’ਚ 24 ਸਾਲਾਂ ਪੰਜਾਬੀ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ
ਇਸ ਤੋਂ ਪਹਿਲਾਂ ਸ਼ਿਮਲਾ ਵਿੱਚ ਕਾਂਗਰਸ ਵਿਧਾਇਕ ਦਲ ਦੀ ਮੀਟਿੰਗ ਵਿੱਚ ਸੁਖਵਿੰਦਰ ਸੁੱਖੂ ਨੂੰ ਵਿਧਾਇਕ ਦਲ ਦਾ ਆਗੂ ਚੁਣਿਆ ਗਿਆ। ਪ੍ਰਿਅੰਕਾ ਗਾਂਧੀ ਨੇ ਮੁੱਖ ਮੰਤਰੀ ਦੀ ਦਾਅਵੇਦਾਰ ਪ੍ਰਤਿਭਾ ਸਿੰਘ ਨੂੰ ਆਪਣੇ ਕੋਲ ਬਿਠਾਇਆ ਹੋਇਆ ਸੀ। ਇਸ ਦੌਰਾਨ ਸੁਖਵਿੰਦਰ ਸਿੰਘ ਸੁੱਖੂ ਨੇ ਸਾਰੇ ਕਾਂਗਰਸੀ ਵਿਧਾਇਕਾਂ ਸਮੇਤ ਸਟੇਜ ਤੋਂ ਸਮਰਥਕਾਂ ਦਾ ਸਵਾਗਤ ਕੀਤਾ। ਸਵੇਰੇ-ਸਵੇਰੇ ਸੁੱਖੂ ਖ਼ੁਦ ਪ੍ਰਤਿਭਾ ਸਿੰਘ ਨੂੰ ਸਹੁੰ ਚੁੱਕ ਸਮਾਗਮ ਲਈ ਸੱਦਾ ਦੇਣ ਲਈ ਗਏ ਸਨ। ਸੁਖਵਿੰਦਰ ਸੁੱਖੂ ਨੇ ਕਿਹਾ ਸਭ ਤੋਂ ਪਹਿਲਾਂ ਪਾਰਟੀ ਹੈ ਤੇ ਪ੍ਰਤਿਭਾ ਸਿੰਘ ਉਨ੍ਹਾਂ ਦੇ ਆਦਰਸ਼ ਹਨ। ਪ੍ਰਤਿਭਾ ਸਿੰਘ ਨੇ ਕਿਹਾ ਕਿ ਹਿਮਾਚਲ ਵਿੱਚ ਸਥਿਰ ਸਰਕਾਰ ਬਣੇਗੀ। ਅਸੀਂ ਇਕਜੁੱਟ ਹੋ ਕੇ ਕੰਮ ਕਰਾਂਗੇ।
- PTC NEWS