ਖਹਿਰਾ ਨੇ ਪਾਣੀ ਪੀ-ਪੀ ਕੋਸਿਆ CM ਮਾਨ, ਦਿੱਤੀ ਸਲਾਹ, ਕਿਹਾ; ਆਪਣੇ ਪਰਚੇ ਦੀ SC ਤੋਂ ਮੰਗਾਂਗਾ CBI ਜਾਂਚ
ਚੰਡੀਗੜ੍ਹ: ਸੀਨੀਅਰ ਕਾਂਗਰਸੀ ਆਗੂ ਸੁਖਪਾਲ ਸਿੰਘ ਖਹਿਰਾ ਵੱਲੋਂ ਆਪਣੇ ਪਰਚੇ ਅਤੇ ਮੁੱਖ ਮੰਤਰੀ ਭਗਵੰਤ ਮਾਨ (CM Mann) ਦੀ ਅਗਵਾਈ ਹੇਠਲੀ ਪੰਜਾਬ ਸਰਕਾਰ ਵੱਲੋਂ ਕੀਤੀ ਜਾ ਰਹੀ ਰਾਜਨੀਤੀ ਨੂੰ ਲੈ ਕੇ ਕਈ ਸਵਾਲ ਚੁੱਕੇ ਗਏ। ਖਹਿਰਾ ਨੇ ਇਸ ਮੌਕੇ ਜਿਥੇ ਆਪਣੇ ਉਪਰ ਦਰਜ ਪਰਚੇ ਦਾ ਇਤਿਹਾਸ (sukhpal-khaira-petition) ਦੱਸਦਿਆਂ ਇਸਨੂੰ ਫਰਜ਼ੀ ਦੱਸਿਆ ਅਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਤਾਰੀਫ਼ ਕੀਤੀ, ਉਥੇ ਮੁੱਖ ਮੰਤਰੀ ਮਾਨ ਨੂੰ ਘਟੀਆ ਰਾਜਨੀਤੀ ਨਾ ਕਰਨ ਦੀ ਸਲਾਹ ਵੀ ਦਿੱਤੀ ਹੈ।
ਜ਼ਮਾਨਤ 'ਤੇ ਬਾਹਰ ਆਏ ਕਾਂਗਰਸੀ ਵਿਧਾਇਕ ਨੇ ਬੁੱਧਵਾਰ ਇਥੇ ਪ੍ਰੈਸ ਕਾਨਫਰੰਸ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ (AAP) ਦੀ ਸਰਕਾਰ ਵਿੱਚ ਅੱਜ ਜੋ ਘਟੀਆ ਰਾਜਨੀਤੀ ਕੀਤੀ ਜਾ ਰਹੀ ਹੈ ਉਹ ਪਹਿਲਾਂ ਕਾਂਗਰਸ ਅਤੇ ਅਕਾਲੀ ਦਲ ਦੇ ਰਾਜ ਵਿੱਚ ਨਹੀਂ ਦੇਖੀ ਸੀ। ਉਨ੍ਹਾਂ ਸਾਬਕਾ ਮੁੱਖ ਮੰਤਰੀ ਮਰਹੂਮ ਪ੍ਰਕਾਸ਼ ਸਿੰਘ ਬਾਦਲ ਦੀ ਤਾਰੀਫ਼ ਵੀ ਕੀਤੀ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਸਰਕਾਰ ਵੱਲੋਂ ਜਦੋਂ ਉਨ੍ਹਾਂ ਨੂੰ ਗ੍ਰਿਫਤਾਰ ਕੀਤਾ ਗਿਆ ਤਾਂ ਪੁਲਿਸ ਨੇ ਉਨ੍ਹਾਂ ਨੂੰ ਪੱਗ ਵੀ ਨਹੀਂ ਬੰਨ੍ਹਣ ਦਿੱਤੀ ਸੀ, ਜਦਕਿ ਪਹਿਲਾਂ ਏਦਾਂ ਦਾ ਨਾ ਕਾਂਗਰਸ ਸਰਕਾਰ ਵੇਲੇ ਅਤੇ ਨਾ ਹੀ ਅਕਾਲੀ ਦਲ ਦੀ ਸਰਕਾਰ ਸਮੇਂ ਅਜਿਹੀ ਰਾਜਨੀਤੀ ਦੇਖੀ ਸੀ।
ਦੱਸ ਦੇਈਏ ਕਿ ਹਲਕਾ ਭੁਲੱਥ ਤੋਂ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੂੰ ਜਲਾਲਾਬਾਦ, ਫਾਜ਼ਿਲਕਾ ਵਿੱਚ ਕਈ ਸਾਲ ਪੁਰਾਣੇ ਐਨਡੀਪੀਐਸ ਕੇਸ ਵਿੱਚ ਹਾਈ ਕੋਰਟ ਤੋਂ ਜ਼ਮਾਨਤ ਮਿਲੀ ਸੀ, ਪਰ ਫਿਰ ਕਪੂਰਥਲਾ ਪੁਲਿਸ ਨੇ ਗਵਾਹਾਂ ਨੂੰ ਡਰਾਉਣ-ਧਮਕਾਉਣ ਦੇ ਦੋਸ਼ ਅਧੀਨ ਗ੍ਰਿਫਤਾਰ ਕੀਤਾ ਗਿਆ ਸੀ। ਪਰ ਹੁਣ ਉਹ ਇਸ ਵਿੱਚੋਂ ਵੀ ਜ਼ਮਾਨਤ 'ਤੇ ਬਾਹਰ ਆਏ ਹੋਏ ਹਨ।
ਖਹਿਰਾ ਨੇ ਕਿਹਾ ਕਿ ਉਨ੍ਹਾਂ ਉਪਰ ਦਰਜ ਕੀਤਾ ਗਿਆ ਪਰਚਾ ਝੂਠਾ ਅਤੇ ਫਰਜ਼ੀ ਹੈ। ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ 'ਤੇ ਸਵਾਲ ਚੁੱਕਦੇ ਹੋਏ ਕਿਹਾ ਕਿ ਕੀ ਕੇਸ ਖਤਮ ਹੋਣ ਤੋਂ ਬਾਅਦ ਕਿਸੇ ਨੂੰ ਤਲਬ ਕੀਤਾ ਜਾ ਸਕਦਾ ? ਉਨ੍ਹਾਂ ਕਿਹਾ ਮਾਨ ਸਰਕਾਰ ਸੂਬੇ ਨਾਲ ਸਬੰਧਤ ਐਸਵਾਈਐਲ ਦੇ ਮੁੱਦਿਆਂ 'ਤੇ ਘੱਟ ਧਿਆਨ ਦੇ ਰਹੀ ਹੈ, ਜਦਕਿ ਉਸ ਦੇ ਮਾਮਲੇ ਵਿੱਚ ਪੂਰੀ ਪੁਲਿਸ ਲਗਾ ਰੱਖੀ ਹੈ, ਕਿ ਖਹਿਰੇ ਨੂੰ ਬਚਣ ਨਾ ਦਿੱਤਾ ਜਾ ਸਕੇ।
ਕਾਂਗਰਸੀ ਆਗੂ ਨੇ ਕਿਹਾ ਕਿ ਮੈਂ ਤਾਂ ਮੁੱਖ ਮੰਤਰੀ ਨੂੰ ਸਿਰਫ਼ ਇਹੀ ਪੁੱਛਿਆ ਸੀ ਕਿ ਤੁਹਾਡੀ ਪਤਨੀ ਤੇ ਮਾਂ ਕੋਲ ਸੋਨਾ ਕਿੱਥੋਂ ਆਇਆ? ਜਿਸਦਾ ਨਤੀਜਾ ਇਹ ਹੋਇਆ ਉਨ੍ਹਾਂ ਉਪਰ ਨਵਾਂ ਮੁਕੱਦਮਾ ਬਣਾ ਦਿੱਤਾ ਗਿਆ। ਉਨ੍ਹਾਂ ਕਿਹਾ ਮੇਰੇ 'ਤੇ ਦਰਜ ਕੀਤਾ ਗਿਆ ਪਰਚਾ ਫਰਜ਼ੀ ਹੈ ਅਤੇ ਮੈਂ ਇਸ ਖਿਲਾਫ਼ ਸੁਪਰੀਮ ਕੋਰਟ ਜਾਵਾਂਗਾ ਅਤੇ ਪਰਚੇ ਦੀ ਸੀਬੀਆਈ ਜਾਂਚ ਦੀ ਮੰਗ ਕਰਾਂਗਾ।
ਖਹਿਰਾ ਨੇ ਕਿਹਾ ਕਿ ਉਹ ਕਾਂਗਰਸ ਦੇ ਦਫਤਰ ਦੇ ਬਾਹਰ ਬੋਰਡ ਲਾਉਣਗੇ ਅਤੇ ਉਨ੍ਹਾਂ ਸਾਰੇ ਅਫਸਰਾਂ ਦੇ ਨਾਂ ਲਿਖਣਗੇ ਜਿਨ੍ਹਾਂ ਨੇ ਕਾਂਗਰਸੀ ਆਗੂਆਂ ਅਤੇ ਵਰਕਰਾਂ ਖਿਲਾਫ਼ ਝੂਠੇ ਕੇਸ ਦਰਜ ਕੀਤੇ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸਾਬ੍ਹ ਫੋਟੋ ਤਾਂ ਸ਼ਹੀਦ ਭਗਤ ਸਿੰਘ ਦੀ ਲਗਾਉਂਦੇ ਹਨ ਪਰ ਉਨ੍ਹਾਂ ਦੇ ਪੂਰਨਿਆਂ 'ਤੇ ਨਹੀਂ ਚਲਦੇ। ਖਹਿਰਾ ਨੇ ਮੁੱਖ ਮੰਤਰੀ ਨੂੰ ਸਲਾਹ ਦਿੱਤੀ ਕਿ ਐਨਾ ਮਤ ਗਿਰੋ ਥੱਲੇ, ਜਿਸ ਲਈ ਬਾਅਦ ਵਿੱਚ ਪਛਤਾਉਣਾ ਪਵੇ।
-