ਸੁਖਜਿੰਦਰ ਸਿੰਘ ਰੰਧਾਵਾ ਦੇ ਮੁੰਡੇ 'ਤੇ ਕਿਉਂ ਲੱਗ ਰਹੇ ਅਗਵਾ ਕਰਨ ਦੇ ਇਲਜ਼ਾਮ? ਜਾਣੋ ਕੀ ਹੈ ਪੂਰਾ ਮਾਮਲਾ
ਚੰਡੀਗੜ੍ਹ: ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੇ ਪੁੱਤਰ ਉਦੈਵੀਰ ਰੰਧਾਵਾ ਅਤੇ ਉਸਦੀ ਸੁਰੱਖਿਆ 'ਚ ਤੈਨਾਤ ਦੋ ਹੋਰ ਗੰਨਮੈਨਾਂ 'ਤੇ ਮੋਹਾਲੀ ਦੇ ਰਹਿਣ ਵਾਲੇ ਨੌਜਵਾਨ ਨਰਵੀਰ ਸਿੰਘ ਨਾਲ ਕੁੱਟਮਾਰ ਅਤੇ ਉਸਨੂੰ ਅਗਵਾ ਕਰਨ ਦਾ ਕਥਿਤ ਦੋਸ਼ ਲਾਇਆ ਗਿਆ ਹੈ।
ਮਾਮਲੇ ਦੀ ਸ਼ਿਕਾਇਤ ਸੈਕਟਰ 17 ਦੇ ਥਾਣੇ 'ਚ ਦਰਜ ਕਰਵਾਈ ਗਈ ਹੈ। ਦੱਸ ਦੇਈਏ ਕਿ ਨਰਵੀਰ ਪੰਜਾਬ ਯੂਨੀਵਰਸਿਟੀ ਵਿੱਚ ਕਾਨੂੰਨ ਦਾ ਵਿਦਿਆਰਥੀ ਹੈ। ਚੰਡੀਗੜ੍ਹ ਵਿੱਚ ਨਰਵੀਰ ਸਿੰਘ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਹ ਬੁੱਧਵਾਰ ਰਾਤ ਸੈਕਟਰ 17 ਦੇ ਇੱਕ ਨਿੱਜੀ ਹੋਟਲ ਵਿੱਚ ਤਿੰਨ ਦੋਸਤਾਂ ਨਾਲ ਡਿਨਰ ਕਰਨ ਗਿਆ ਸੀ। ਇਸ ਦੌਰਾਨ ਉਦੈਵੀਰ ਆਪਣੇ ਪਰਿਵਾਰਕ ਮੈਂਬਰਾਂ ਨਾਲ ਉਥੇ ਆ ਗਿਆ।
ਹੋਟਲ ਦੇ ਟਾਇਲਟ 'ਚ ਉਦੈਵੀਰ ਅਤੇ ਉਨ੍ਹਾਂ ਦੀ ਬਹਿਸ ਹੋ ਗਈ। ਇਸ ਤੋਂ ਬਾਅਦ ਉਦੈਵੀਰ ਨੇ ਉਸ 'ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ। ਉਸ ਨੇ ਆਪਣਾ ਬਚਾਅ ਕਰਨਾ ਚਾਹਿਆ ਤਾਂ ਇਸ ਤੋਂ ਬਾਅਦ ਉਦੈਵੀਰ ਨੇ ਆਪਣੇ ਗੰਨਮੈਨਾਂ ਨੂੰ ਬੁਲਾ ਲਿਆ। ਨਰਵੀਰ ਦਾ ਉਦੈਵੀਰ 'ਤੇ ਕਥਿਤ ਦੋਸ਼ ਹੈ ਕਿ ਉਸ ਨੇ ਗੰਨਮੈਨਾਂ ਅਤੇ ਪਰਿਵਾਰਕ ਮੈਂਬਰਾਂ ਨਾਲ ਮਿਲ ਕੇ ਝਗੜਾ ਕੀਤਾ। ਇਸ ਤੋਂ ਬਾਅਦ ਉਸ ਨੂੰ ਆਪਣੀ ਕਾਰ ਵਿੱਚ ਅਗਵਾ ਕਰਨ ਦੀ ਕੋਸ਼ਿਸ਼ ਵੀ ਕੀਤੀ।
ਨਰਵੀਰ ਮੁਤਾਬਕ ਉਸਨੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਸੈਕਟਰ 17-18 ਦੇ ਲਾਈਟ ਪੁਆਇੰਟ ’ਤੇ ਮੁਲਜ਼ਮਾਂ ਨੇ ਉਸ ਨੂੰ ਗੱਡੀ ਵਿੱਚ ਅਗਵਾ ਕਰਨ ਦੀ ਕੋਸ਼ਸ਼ ਕੀਤੀ। ਨਰਵੀਰ ਮੁਤਾਬਕ ਇਸ ਦੌਰਾਨ ਉਸ ਨੂੰ ਮੌਕਾ ਮਿਲਦੇ ਹੀ ਉਸ ਨੇ ਆਪਣੇ ਦੋਸਤ ਮੀਤ ਨੂੰ ਫ਼ੋਨ 'ਤੇ ਬੁਲਾਇਆ, ਪਰ ਮੁਲਜ਼ਮਾਂ ਨੇ ਉਸ ਨੂੰ ਬੰਦੂਕ ਦੀ ਨੋਕ 'ਤੇ ਚੁੱਕ ਕੇ ਕਾਰ 'ਚ ਬਿਠਾਉਣਾ ਸ਼ੁਰੂ ਕਰ ਦਿੱਤਾ ਸੀ | ਕਾਰ 'ਚ ਬੈਠ ਕੇ ਲੋਕਾਂ ਨੂੰ ਦੇਖ ਕੇ ਉਸ ਨੇ ਰੌਲਾ ਪਾਇਆ ਤਾਂ ਮੁਲਜ਼ਮ ਉਸ ਨੂੰ ਸੈਕਟਰ-17 ਥਾਣੇ ਲੈ ਗਏ। ਇਸ ਲੜਾਈ ਦੌਰਾਨ ਉਸਦੇ ਸਿਰ 'ਤੇ ਵੀ ਸੱਟ ਲੱਗੀ ਹੈ।
ਦੂਜੇ ਪਾਸੇ ਨਰਵੀਰ ਦੇ ਦੋਸਤ ਮੀਤ ਨੇ ਦੱਸਿਆ ਕਿ ਨਰਵੀਰ ਸਿੰਘ ਅਤੇ ਉਦੈਵੀਰ ਰੰਧਾਵਾ ਵਿਚਕਾਰ ਪੁਰਾਣੀ ਦੁਸ਼ਮਣੀ ਚੱਲ ਰਹੀ ਹੈ, ਜੋ ਪਿਛਲੇ ਕਾਫੀ ਸਮੇਂ ਤੋਂ ਚੱਲ ਰਹੀ ਸੀ। ਪਹਿਲਾਂ ਵੀ ਦੋਵਾਂ ਵਿਚਾਲੇ ਕਈ ਵਾਰ ਲੜਾਈ ਹੋ ਚੁੱਕੀ ਹੈ। ਨਰਵੀਰ ਸਿੰਘ ਨੇ ਦੱਸਿਆ ਕਿ 2019 ਵਿੱਚ ਉਨ੍ਹਾਂ ਦੀ ਇੱਕ ਸਾਂਝੀ ਦੋਸਤੀ ਕਾਰਨ ਲੜਾਈ ਹੋਈ ਸੀ। ਅੱਜ ਜਦੋਂ ਉਦੈਵੀਰ ਰੈਸਟੋਰੈਂਟ ਦੇ ਬਾਥਰੂਮ ਵਿੱਚ ਦਾਖਲ ਹੋਇਆ ਤਾਂ ਉਦੈਵੀਰ ਨੇ ਬਾਥਰੂਮ ਦੇ ਅੰਦਰ ਹੀ ਨਰਵੀਰ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ।
ਨਰਵੀਰ ਸਿੰਘ ਨੇ ਦੱਸਿਆ ਕਿ ਉਦੈਵੀਰ ਨੇ ਪੁਲਿਸ ਵਾਲਿਆਂ ਨਾਲ ਵੀ ਬਦਸਲੂਕੀ ਕੀਤੀ। ਉੱਥੇ ਪੁਲਿਸ ਨੇ ਪਹਿਲਾਂ ਸ਼ਿਕਾਇਤਕਰਤਾ ਦਾ ਸੈਕਟਰ-22 ਹਸਪਤਾਲ 'ਚ ਇਲਾਜ ਕਰਵਾਇਆ, ਫਿਰ ਉਸ ਨੂੰ ਥਾਣੇ ਲੈ ਜਾ ਪੁੱਛਗਿੱਛ ਕੀਤੀ ਅਤੇ ਉਸ ਤੋਂ ਬਾਅਦ ਦੇਰ ਰਾਤ ਉਸ ਨੂੰ ਛੱਡ ਦਿੱਤਾ। ਇਸ ਤੋਂ ਬਾਅਦ ਸੁਖਜਿੰਦਰ ਸਿੰਘ ਰੰਧਾਵਾ ਵੀ ਮੌਕੇ 'ਤੇ ਆਪਣੇ ਪੁੱਤਰ ਨੂੰ ਬਚਾਉਣ ਲਈ ਪਹੁੰਚ ਗਏ। ਉਦੋਂ ਤੋਂ ਹੀ ਨਰਵੀਰ 'ਤੇ ਮਾਮਲੇ 'ਚ ਸਮਝੌਤਾ ਕਰਨ ਲਈ ਦਬਾਅ ਬਣਾਇਆ ਜਾ ਰਿਹਾ ਹੈ।
ਨਰਵੀਰ ਸਿੰਘ ਨੇ ਦੱਸਿਆ ਕਿ ਉਸ ਨੇ ਕੱਲ੍ਹ ਹੀ ਪੁਲਿਸ ਨੂੰ ਸ਼ਿਕਾਇਤ ਦਿੱਤੀ ਸੀ। ਪਰ ਪੁਲਿਸ ਨੇ ਅਜੇ ਤੱਕ ਉਸ 'ਤੇ ਕੋਈ ਕਾਰਵਾਈ ਨਹੀਂ ਕੀਤੀ। ਰੰਧਾਵਾ ਸਾਹਬ ਵੀ ਕੱਲ੍ਹ ਥਾਣੇ ਆਏ ਸਨ। ਉਸਦਾ ਇਲਜ਼ਾਮ ਹੈ ਕਿ ਉਸਨੇ ਪੁਲਿਸ ’ਤੇ ਦਬਾਅ ਪਾ ਕੇ ਕਾਰਵਾਈ ਰੋਕ ਦਿੱਤੀ ਹੈ ਅਤੇ ਉਸੇ ’ਤੇ ਸ਼ਿਕਾਇਤ ਵਾਪਸ ਲੈਣ ਲਈ ਦਬਾਅ ਪਾਇਆ ਜਾ ਰਿਹਾ ਹੈ।
ਨਰਵੀਰ ਨੇ ਮੰਗ ਕੀਤੀ ਹੈ ਕਿ ਮੁਲਜ਼ਮ ਉਦੈਵੀਰ ਅਤੇ ਸੁਖਜਿੰਦਰ ਰੰਧਾਵਾ ਦੇ ਦੋ ਗੰਨਮੈਨਾਂ ਖ਼ਿਲਾਫ਼ ਕੁੱਟਮਾਰ ਅਤੇ ਅਗਵਾ ਦਾ ਕੇਸ ਦਰਜ ਕੀਤਾ ਜਾਵੇ। ਸੈਕਟਰ 17 ਥਾਣਾ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਐੱਸ.ਐੱਸ.ਪੀ ਨੂੰ ਵੀ ਸ਼ਿਕਾਇਤ ਦਰਜ ਕਰਵਾ ਦਿੱਤੀ ਗਈ ਹੈ।
- With inputs from our correspondent