Sukhbir Singh Badal Gunman : ''ਸਾਨੂੰ ਪਹਿਲਾਂ ਹੀ ਪਤਾ ਸੀ...'' ਸੁਖਬੀਰ ਸਿੰਘ ਬਾਦਲ ਦੀ ਜਾਨ ਬਚਾਉਣ ਵਾਲੇ ਜਸਬੀਰ ਸਿੰਘ ਦਾ ਵੱਡਾ ਖੁਲਾਸਾ
Gunman Jasbir Singh statement : ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ 'ਤੇ ਸ੍ਰੀ ਦਰਬਾਰ ਸਾਹਿਬ ਵਿਖੇ ਹਮਲੇ ਦੀ ਜਿਥੇ ਚਹੁੰ-ਤਰਫਾ ਨਿਖੇਧੀ ਹੋ ਰਹੀ ਹੈ। ਇਥੋਂ ਤੱਕ ਕਿ ਇਸ ਹਮਲੇ ਨੂੰ ਹਮਲਾਵਰ ਨਾਰਾਇਣ ਸਿੰਘ ਚੌੜਾ ਦੀ ਪਤਨੀ ਨੇ ਵੀ ਹਮਲੇ ਦੀ ਨਿਖੇਧੀ ਕੀਤੀ ਅਤੇ ਆਪਣੀ ਪਤੀ ਨੂੰ ਗਲਤ ਦੱਸਿਆ ਹੈ। ਹੁਣ ਇਸ ਮਾਮਲੇ ਵਿੱਚ ਸੁਖਬੀਰ ਸਿੰਘ ਬਾਦਲ ਦੀ ਮੌਕੇ 'ਤੇ ਆਪਣੀ ਮੁਸਤੈਦੀ ਨਾਲ ਜਾਨ ਬਚਾਉਣ ਵਾਲੇ ਗੰਨਮੈਨ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਗੰਨਮੈਨ ਜਸਬੀਰ ਸਿੰਘ ਨੇ ਮਾਮਲੇ ਵਿੱਚ ਵੱਡਾ ਖੁਲਾਸਾ ਕਰਦੇ ਹੋਏ ਕਿਹਾ ਹੈ ਕਿ ਉਨ੍ਹਾਂ ਨੂੰ ਇਸ ਸਬੰਧੀ ਪਹਿਲਾਂ ਹੀ ਸੰਕੇਤ ਸਨ ਕਿ ਅਜਿਹਾ ਕੁੱਝ ਵਾਪਰ ਸਕਦਾ ਹੈ। ਦੱਸ ਦਈਏ ਕਿ ਜਸਬੀਰ ਸਿੰਘ, ਸੁਖਬੀਰ ਸਿੰਘ ਬਾਦਲ ਦੀ ਸੁਰੱਖਿਆ ਵਿੱਚ 20 ਸਾਲ ਤੋਂ ਲਗਾਤਾਰ ਡਿਊਟੀ 'ਤੇ ਤੈਨਾਤ ਹਨ।
ਏਐਸਆਈ ਜਸਬੀਰ ਸਿੰਘ (ਨੰਬਰ 1343) ਏਐਸਆਈ ਅੰਮ੍ਰਿਤਸਰ ਸਿਟੀ ਨੇ ਕਿਹਾ, ''ਉਹ ਸੁਖਬੀਰ ਸਿੰਘ ਬਾਦਲ ਨਾਲ 20 ਸਾਲ ਤੋਂ ਲਗਾਤਾਰ ਆਪਣੀ ਸੁਰੱਖਿਆ ਗਾਰਡ ਵੱਜੋਂ ਸੁਰੱਖਿਆ ਵਿੱਚ ਤੈਨਾਤ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਪਹਿਲਾਂ ਵੀ ਅਧਿਕਾਰੀਆਂ ਨੇ ਅਜਿਹੀ ਘਟਨਾ ਦੇ ਸਬੰਧ ਵਿੱਚ ਸੰਕੇਤ ਦਿੱਤੇ ਸਨ ਕਿ ਅਜਿਹਾ ਕੁੱਝ ਘਟਨਾ ਵਾਪਰ ਸਕਦੀ ਹੈ, ਜਿਸ ਨੂੰ ਲੈ ਕੇ ਰੋਜ਼ਾਨਾ ਦੀ ਤਰ੍ਹਾਂ ਮੁਸਤੈਦ ਸਨ।''
ਉਨ੍ਹਾਂ ਅੱਗੇ ਕਿਹਾ, ''ਸ੍ਰੀ ਦਰਬਾਰ ਸਾਹਿਬ ਦੀ ਮਰਿਆਦਾ ਨੂੰ ਵੇਖਦੇ ਹੋਏ ਇਥੇ ਕਿਸੇ ਨੂੰ ਨਾ ਤਾਂ ਰੋਕਿਆ ਜਾ ਸਕਦਾ ਹੈ ਅਤੇ ਨਾ ਹੀ ਕਿਸੇ ਦੀ ਤਲਾਸ਼ੀ ਲਈ ਜਾ ਸਕਦੀ ਹੈ। ਇਸ ਲਈ ਜਦੋਂ ਨਾਰਾਇਣ ਸਿੰਘ ਚੌੜਾ ਨੇੜੇ ਹਮਲਾ ਕਰਨ ਲਈ ਵਧਿਆ ਤਾਂ ਉਨ੍ਹਾਂ ਨੇ ਤੁਰੰਤ ਮੁਸਤੈਦੀ ਵਿਖਾਉਂਦਿਆਂ ਰਾਊਂਡਅਪ ਕਰ ਲਿਆ ਅਤੇ ਉਸ ਦਾ ਪਿਸਤੌਲ ਖੋਹ ਕੇ ਗ੍ਰਿਫ਼ਤਾਰ ਕਰ ਲਿਆ।''
ਜਸਬੀਰ ਸਿੰਘ ਨੇ ਕਿਵੇਂ ਬਚਾਈ ਸੀ ਜਾਨ
ਹਮਲੇ ਦੀ ਸਾਹਮਣੇ ਆਈ ਵੀਡੀਓ ਵਿੱਚ ਵੇਖਿਆ ਜਾ ਸਕਦਾ ਹੈ ਕਿ ਕਿਵੇਂ ਇੱਕ ਸ਼ਖ਼ਸ ਹੌਲੀ-ਹੌਲੀ ਸੇਵਾ ਨਿਭਾਅ ਰਹੇ ਸੁਖਬੀਰ ਸਿੰਘ ਬਾਦਲ ਵੱਲ ਆ ਰਿਹਾ ਸੀ ਅਤੇ ਜਦੋਂ ਉਹ ਨੇੜੇ ਪਹੁੰਚਿਆ ਤਾਂ ਅਚਾਨਕ ਆਪਣੀ ਜੇਬ ਵਿਚੋਂ ਪਿਸਤੌਲ ਕੱਢ ਲਈ ਪਰ ਇਸ ਤੋਂ ਪਹਿਲਾਂ ਕਿ ਉਹ ਸੁਖਬੀਰ ਸਿੰਘ ਬਾਦਲ 'ਤੇ ਗੋਲੀ ਚਲਾਉਂਦਾ ਤਾਂ ਗੰਨਮੈਨ ਜਸਬੀਰ ਸਿੰਘ ਨੇ ਮੌਕੇ 'ਤੇ ਵੇਖ ਕੇ ਮੁਸਤੈਦੀ ਵਿਖਾਉਂਦਿਆਂ ਤੁਰੰਤ ਉਸ ਦਾ ਹੱਥ ਫੜ ਲਿਆ ਅਤੇ ਉਪਰ ਕਰ ਦਿੱਤਾ, ਜਿਸ ਦੌਰਾਨ ਫਾਇਰ ਹਵਾ ਵਿੱਚ ਚਲ ਗਿਆ। ਉਪਰੰਤ ਸੁਰੱਖਿਆ ਕਰਮੀਆਂ ਨੇ ਤੁਰੰਤ ਹਮਲਾਵਰ ਨੂੰ ਕਾਬੂ ਕਰ ਲਿਆ ਸੀ।
- PTC NEWS