ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣੀ ਤਾਂ ਨਸ਼ਾ ਤਸਕਰਾਂ ਤੇ ਗੈਂਗਸਟਰਾਂ ਨੂੰ ਫਾਂਸੀ ਦੀ ਸਜ਼ਾ ਦੇਣ ਲਈ ਕਾਨੂੰਨ ਬਣਾਵਾਂਗੇ: ਸੁਖਬੀਰ ਸਿੰਘ ਬਾਦਲ
ਰਾਮਾ ਮੰਡੀ: ਸ਼੍ਰੋਮਣੀ ਅਕਾਲੀ ਦਲ (SAD) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ (Sukhbir Singh Badal) ਨੇ ਅੱਜ ਕਿਹਾ ਕਿ ਸੂਬੇ ਵਿਚ ਅਗਲੀ ਅਕਾਲੀ ਦਲ ਦੀ ਸਰਕਾਰ ਬਣਨ ’ਤੇ ਅਸੀਂ ਨਸ਼ਾ ਤਸਕਰਾਂ ਤੇ ਗੈਂਗਸਰਾਂ ਨੂੰ ਫਾਂਸੀ ਦੇਣ ਲਈ ਕਾਨੂੰਨ ਬਣਾ ਕੇ ਇਨ੍ਹਾਂ ਮਸਲਿਆਂ ਨੂੰ ਹਮੇਸ਼ਾ ਲਈ ਖ਼ਤਮ ਕਰਾਂਗੇ।
ਅਕਾਲੀ ਦਲ ਦੇ ਪ੍ਰਧਾਨ ਨੇ ਤਪਦੀ ਦੁਪਹਿਰ ਵਿਚ ਪਾਰਟੀ ਉਮੀਦਵਾਰ ਹਰਸਿਮਰਤ ਕੌਰ ਬਾਦਲ ਦੇ ਨਾਲ ਰਲ ਕੇ ਵਿਸ਼ਾਲ ਤੇ ਉਤਸ਼ਾਹ ਰੈਲੀ ਨੂੰ ਸੰਬੋਧਨ ਕੀਤਾ, ਨੇ ਕਿਹਾ ਕਿ ਮੈਂ ਤੁਹਾਨੂੰ ਗਰੰਟੀ ਦਿੰਦਾ ਹਾਂ ਕਿ 2027 ਵਿਚ ਅਕਾਲੀ ਦਲ ਦੀ ਸਰਕਾਰ ਬਣਨ ’ਤੇ ਪੰਜਾਬ ਵਿਚ ਕੋਈ ਵੀ ਨਸ਼ਾ ਤਸਕਰ ਤੇ ਗੈਂਗਸਟਰ ਨਹੀਂ ਰਹਿਣਗੇ। ਉਨ੍ਹਾਂ ਕਿਹਾ ਕਿ ਅਸੀਂ ਨਾ ਸਿਰਫ ਇਨ੍ਹਾਂ ਘਿਨੌਣਾ ਅਪਰਾਧਾਂ ਲਈ ਫਾਂਸੀ ਦੀ ਸਜ਼ਾ ਦੀ ਸ਼ੁਰੂਆਤ ਕਰਾਂਗੇ ਬਲਕਿ ਅਜਿਹੇ ਸਾਰੇ ਅਪਰਾਧੀਆਂ ਦੀਆਂ ਸਾਰੀਆਂ ਜਾਇਦਾਦਾਂ ਜ਼ਬਤ ਕਰਾਂਗੇ। ਉਨ੍ਹਾਂ ਕਿਹਾ ਕਿ ਇਨ੍ਹਾਂ ਦੇ ਕੇਸਾਂ ਦੀ ਤੇਜ਼ ਰਫਤਾਰ ਸੁਣਵਾਈ ਵਾਸਤੇ ਫਾਸਟ ਟਰੈਕ ਕੋਰਟਾਂ ਸਥਾਪਿਤ ਕੀਤੀਆਂ ਜਾਣਗੀਆਂ। ਉਨ੍ਹਾਂ ਐਲਾਨ ਕੀਤਾ ਕਿ ਜਿਹੜੇ ਆਪ ਵਿਧਾਇਕਾਂ ਤੇ ਅਹੁਦੇਦਾਰਾਂ ਨੇ ਨਸ਼ਾ ਤਸਕਰਾਂ ਦੀ ਪੁਸ਼ਤ ਪਨਾਹੀ ਕੀਤੀ ਤੇ ਉਹਨਾਂ ਤੋਂ ਮਹੀਨੇ ਲਏ ਹਨ, ਉਹ ਵੀ ਬਖਸ਼ੇ ਨਹੀਂ ਜਾਣਗੇ।
ਅਕਾਲੀ ਦਲ ਦੇ ਪ੍ਰਧਾਨ ਨੇ ਐਲਾਨ ਕੀਤਾ ਕਿ ਅਕਾਲੀ ਦਲ ਦੀ ਸਰਕਾਰ ਸਰਕਾਰੀ ਨੌਕਰੀਆਂ ਬਾਹਰਲਿਆਂ ਨੂੰ ਦੇਣ ਦੇ ਰੁਝਾਨ ਨੂੰ ਬੰਦ ਕਰੇਗੀ। ਉਨ੍ਹਾਂ ਕਿਹਾ ਕਿ ਅਸੀਂ ਪ੍ਰਾਈਵੇਟ ਅਦਾਰਿਆਂ ਲਈ ਵੀ ਇਹ ਲਾਜ਼ਦੀ ਕਰਾਂਗੇ ਕਿ ਉਹ ਆਪਣੇ ਅਦਾਰਿਆਂ ਵਿਚ 75 ਫੀਸਦੀ ਨੌਕਰੀਆਂ ਪੰਜਾਬੀਆਂ ਨੂੰ ਦੇਣ।
ਸੁਖਬੀਰ ਸਿੰਘ ਬਾਦਲ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪੂਰੇ ਦਿਲੋਂ ਅਕਾਲੀ ਦਲ ਦੀ ਹਮਾਇਤ ਕਰਨ। ਉਨ੍ਹਾਂ ਕਿਹਾ ਕਿ ਇਹ ਚੋਣ ਕਈ ਮਾਮਲਿਆਂ ਵਿਚ ਵਿਸ਼ੇਸ਼ ਹੈ। ਉਨ੍ਹਾਂ ਕਿਹਾ ਕਿ ਸਮਾਂ ਆ ਗਿਆ ਹੈ ਕਿ ਸਿੱਖ ਸੰਗਤ ਸਪਸ਼ਟ ਸੰਦੇਸ਼ ਦੇਵੇ ਕਿ ਅਸੀਂ ਆਪਣੇ ਧਾਰਮਿਕ ਮਾਮਲਿਆਂ ਵਿਚ ਦਖਲਅੰਦਾਜ਼ੀ ਬਰਦਾਸ਼ਤ ਨਹੀਂ ਕਰਾਂਗੇ। ਉਨ੍ਹਾਂ ਕਿਹਾ ਕਿ ਸਾਨੂੰ ਇਕਜੁੱਟ ਹੋ ਕੇ ਆਰਐਸਐਸ ਨੂੰ ਸਾਡੇ ਧਾਰਮਿਕ ਅਦਾਰਿਆਂ ਵਿਚੋਂ ਕੱਢਣਾ ਪਵੇਗਾ। ਉਨ੍ਹਾਂ ਨੇ ਦੱਸਿਆ ਕਿ ਕਿਵੇਂ ਆਰਐਸਐਸ ਨੇ ਤਖਤ ਸ੍ਰੀ ਹਜ਼ੂਰ ਸਾਹਿਬ ਤੇ ਤਖਤ ਸ੍ਰੀ ਪਟਨਾ ਸਾਹਿਬ ’ਤੇ ਕਬਜ਼ਾ ਕੀਤਾ ਹੋਇਆ ਹੈ ਅਤੇ ਕਿਵੇਂ ਆਰ ਐਸ ਐਸ ਦੇ ਏਜੰਟ ਬਲਜੀਤ ਸਿੰਘ ਦਾਦੂਵਾਲ ਨੂੰ ਹਰਿਆਣਾ ਗੁਰਦੁਆਰਾ ਕਮੇਟੀ ਦਾ ਕੰਟਰੋਲ ਦਿੱਤਾ ਹੋਇਆ ਹੈ।
ਉਨ੍ਹਾਂ ਨੇ ਲੋਕਾਂ ਨੂੰ ਇਹ ਵੀ ਅਪੀਲ ਕੀਤੀ ਕਿ ਉਹ 1 ਜੂਨ ਨੂੰ ਵੋਟਾਂ ਪਾਉਣ ਵੇਲੇ 1 ਜੂਨ 1984 ਦਾ ਦਿਨ ਯਾਦ ਰੱਖਣ, ਜਦੋਂ ਇੰਦਰਾ ਗਾਂਧੀ ਨੇ ਟੈਂਕਾਂ ਤੇ ਤੋਪਾਂ ਨਾਲ ਸ੍ਰੀ ਦਰਬਾਰ ਸਾਹਿਬ ’ਤੇ ਹਮਲਾ ਕਰਵਾਇਆ ਸੀ। ਇਸ ਮਗਰੋਂ 1984 ਵਿਚ ਕਾਂਗਰਸ ਪਾਰਟੀ ਦੀ ਸ਼ਹਿਰ ਦਿੱਲੀ ਤੇ ਦੇਸ਼ ਦੇ ਹੋਰ ਸ਼ਹਿਰਾਂ ਵਿਚ ਹਜ਼ਾਰਾਂ ਨਿਰਦੋਸ਼ ਸਿੱਖਾਂ ਦਾ ਕਤਲੇਆਮ ਕੀਤਾ ਗਿਆ। ਉਹਨਾਂ ਕਿਹਾ ਕਿ ਸਮਾਂ ਆ ਗਿਆ ਹੈ ਕਿ ਕਾਂਗਰਸ ਤੋਂ ਇਸਦੇ ਗੁਨਾਹਾਂ ਦਾ ਹਿਸਾਬ ਲਿਆ ਜਾਵੇ।
'ਆਪ', ਕਾਂਗਰਸ ਤੇ ਭਾਜਪਾ, ਬੰਦੀ ਸਿੰਘਾਂ ਦੇ ਮੁੱਦੇ 'ਤੇ ਸਟੈਂਡ ਸਪੱਸ਼ਟ ਕਰਨ: ਹਰਸਿਮਰਤ ਕੌਰ ਬਾਦਲ
ਇਸ ਮੌਕੇ ਸੰਬੋਧਨ ਕਰਦਿਆਂ ਪਾਰਟੀ ਉਮੀਦਵਾਰ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਆਮ ਆਦਮੀ ਪਾਰਟੀ (ਆਪ), ਕਾਂਗਰਸ ਤੇ ਭਾਜਪਾ ਨੂੰ ਆਖਿਆ ਕਿ ਉਹ ਸੂਬੇ ਦੇ ਦਰਿਆਈ ਪਾਣੀਆਂ, ਚੰਡੀਗੜ੍ਹ ਦੇ ਰੁਤਬੇ ਅਤੇ ਬੰਦੀ ਸਿੰਘਾਂ ਨੂੰ ਰਿਹਾਅ ਨਾ ਕਰਨ ਦੇ ਮਾਮਲੇ ’ਤੇ ਆਪਣੇ ਸਟੈਂਡ ਸਪਸ਼ਟ ਕਰਨ। ਉਨ੍ਹਾਂ ਕਿਹਾ ਕਿ ਆਪ ਸਰਕਾਰ ਇਕ ਜਾਅਲੀ ਸਰਵੇਖਣ ਕਰਵਾ ਰਹੀ ਹੈ ਤਾਂ ਜੋ ਨਹਿਰੀ ਪਟਵਾਰੀਆਂ ਰਾਹੀਂ ਇਹ ਸਾਬਤ ਕੀਤਾ ਜਾ ਸਕੇ ਕਿ ਪੰਜਾਬ ’ਚ ਖੇਤੀ ਜ਼ਮੀਨਾਂ ਨੂੰ 100 ਫੀਸਦੀ ਨਹਿਰੀ ਪਾਣੀ ਲੱਗਦਾ ਹੈ ਤਾਂ ਜੋ ਐਸਵਾਈਐਲ ਨਹਿਰ ਦੀ ਉਸਾਰੀ ਦਾ ਰਾਹ ਪੱਧਰਾ ਹੋ ਸਕੇ ਪਰ ਅਸਲੀਅਤ ਵਿਚ ਸਿਰਫ 23 ਫੀਸਦੀ ਜ਼ਮੀਨਾਂ ਨੂੰ ਨਹਿਰੀ ਪਾਣੀ ਲੱਗਦਾ ਹੈ। ਉਨ੍ਹਾਂ ਕਿਹਾ ਕਿ ਇਸੇ ਤਰੀਕੇ ਕਾਂਗਰਸ ਤੇ ਆਪ ਦੇ ਚੰਡੀਗੜ੍ਹ ਲਈ ਸਾਂਝੇ ਚੋਣ ਮਨੋਰਥ ਪੱਤਰ ਵਿਚ ਚੰਡੀਗੜ੍ਹ ਲਈ ਦਿੱਲੀ ਪੈਟਰਨ ’ਤੇ ਸੂਬੇ ਦਾ ਦਰਜਾ ਲੈ ਕੇ ਦੇਣ ਦਾ ਵਾਅਦਾ ਕੀਤਾ ਗਿਆ ਹੈ। ਸਰਦਾਰਨੀ ਬਾਦਲ ਨੇ ਭਾਜਪਾ ਨੂੰ ਆਖਿਆਕਿ ਉਹ ਬੰਦੀ ਸਿੰਘਾਂ ਦੀ ਰਿਹਾਈ ਦੇ ਮਾਮਲੇ ’ਤੇ ਆਪਣਾ ਸਟੈਂਡ ਬਦਲ ਲੈਣ ਬਾਰੇ ਜਵਾਬ ਦੇਵੇ ਕਿਉਂਕਿ 2019 ਵਿਚ ਇਹਨਾਂ ਦੀ ਸਰਕਾਰ ਨੇ ਬੰਦੀ ਸਿੰਘਾਂ ਦੀ ਰਿਹਾਈ ਦਾ ਫੈਸਲਾ ਕੀਤਾ ਸੀ।
ਇਸ ਮੌਕੇ ਸੀਨੀਅਰ ਆਗੂ ਹਰਗੋਬਿੰਦ ਕੌਰ, ਰਵੀਪ੍ਰੀਤ ਸਿੰਘ ਸਿੱਧੂ, ਮੋਹਣ ਸਿੰਘ ਬੰਗੀ ਤੇ ਮੋਹਿਤ ਗੁਪਤਾ ਵੀ ਹਾਜ਼ਰ ਸਨ।
- PTC NEWS