ਸੁਖਬੀਰ ਸਿੰਘ ਬਾਦਲ 'ਤੇ ਜਾਨਲੇਵਾ ਹਮਲੇ ਦੀ ਚਹੁੰ-ਤਰਫ਼ਾ ਨਿਖੇਧੀ, ਅਕਾਲੀ ਦਲ ਨੇ ਪੰਜਾਬ ਸਰਕਾਰ 'ਤੇ ਚੁੱਕੇ ਸਵਾਲ
Fire on Sukhbir Singh Badal : ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ 'ਤੇ ਸ੍ਰੀ ਦਰਬਾਰ ਸਾਹਿਬ ਦੇ ਬਾਹਰ ਜਾਨਲੇਵਾ ਹਮਲਾ ਨੇ ਪੰਜਾਬ 'ਚ ਕਾਨੂੰਨ ਦੀ ਸਥਿਤੀ ਨੂੰ ਮੁੜ ਇੱਕ ਵਾਰ ਸਵਾਲਾਂ ਦੇ ਘੇਰੇ ਵਿੱਚ ਖੜਾ ਕਰ ਦਿੱਤਾ ਹੈ। ਅਕਾਲੀ ਆਗੂ 'ਤੇ ਜਾਨਲੇਵਾ ਹਮਲੇ ਦੀ ਵੱਖ ਵੱਖ ਪਾਰਟੀ ਆਗੂਆਂ ਨੇ ਜ਼ੋਰਦਾਰ ਨਿਖੇਧੀ ਕੀਤੀ ਹੈ, ਉਥੇ ਸ਼੍ਰੋਮਣੀ ਅਕਾਲੀ ਦਲ ਨੇ ਇਸ ਲਈ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ 'ਤੇ ਸਵਾਲ ਚੁੱਕੇ ਹਨ।
ਸ਼੍ਰੋਮਣੀ ਅਕਾਲੀ ਦਲ ਦੇ ਬਿਕਰਮ ਸਿੰਘ ਮਜੀਠੀਆ ਅਤੇ ਡਾ. ਦਲਜੀਤ ਸਿੰਘ ਸਮੇਤ ਆਗੂਆਂ ਨੇ ਇਸ ਹਮਲੇ ਦੀ ਸਖ਼ਤ ਤੇ ਤਿੱਖੀ ਨਿਖੇਧੀ ਕੀਤੀ ਹੈ। ਉਨ੍ਹਾਂ ਇਸ ਲਈ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ, ਪੰਜਾਬ ਪੁਲਿਸ ਅਤੇ ਕੇਂਦਰੀ ਏਜੰਸੀਆਂ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਆਗੂਆਂ ਨੇ ਕਿਹਾ ਕਿ ਇਹ ਸਭ ਤੋਂ ਪਤਾ ਸੀ ਕਿ ਸੁਖਬੀਰ ਸਿੰਘ ਬਾਦਲ ਇਥੇ ਮੌਜੂਦ ਹਨ ਅਤੇ ਇਹ ਵਿਅਕਤੀ ਹਮਲਾਵਰ ਇਥੇ ਬੀਤੇ ਦਿਨ ਵੀ ਜਦ ਵੇਖਿਆ ਗਿਆ ਅਤੇ ਸੰਕੇਤ ਸਨ ਕਿ ਕੋਈ ਹਮਲਾ ਹੋ ਸਕਦਾ ਹੈ ਤਾਂ ਫਿਰ ਇਸ ਨੂੰ ਲੈ ਕੇ ਇੰਨੀ ਢਿੱਲ ਕਿਉਂ ਵਰਤੀ ਗਈ?
ਡਾ. ਦਲਜੀਤ ਸਿੰਘ ਚੀਮਾ ਨੇ ਇਸ ਹਮਲੇ ਨੂੰ ਲੈ ਕੇ ਕਿਹਾ ਹੈ ਕਿ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ 'ਤੇ ਉਨ੍ਹਾਂ ਨੂੰ ਹੁਣ ਭਰੋਸਾ ਨਹੀਂ ਰਿਹਾ ਹੈ, ਕਿਉਂਕਿ ਇਹ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਖਤਮ ਕਰਨ ਦੀ ਇੱਕ ਕੋਸ਼ਿਸ਼ ਤਹਿਤ ਹਮਲਾ ਸੀ। ਉਨ੍ਹਾਂ ਕਿਹਾ ਕਿ ਇਸ ਘਟਨਾ ਨੇ ਪੰਜਾਬ ਨੂੰ ਮੁੜ ਪੁਰਾਣਾ ਸਮਾਂ ਯਾਦ ਕਰਵਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਉਹ ਪਾਰਟੀ ਵੱਲੋਂ ਇਸ ਹਮਲੇ ਦੀ ਨਿਰਪੱਖ ਜਾਂਚ ਦੀ ਮੰਗ ਕਰਦੇ ਹਨ।
ਹਮਲਾਵਰ 'ਤੇ ਸਖਤ ਕਾਰਵਾਈ ਹੋਵੇ : ਰਾਜਾ ਵੜਿੰਗ
ਸੁਖਬੀਰ ਸਿੰਘ ਬਾਦਲ 'ਤੇ ਜਾਨਲੇਵਾ ਹਮਲੇ ਦੀ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਵੀ ਸਖਤ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ ਕਿ ਇਸ ਦੀ ਜਿੰਨੀ ਨਿਖੇਧੀ ਕੀਤੀ ਜਾਵੇ, ਘੱਟ ਹੈ। ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਇੱਕ ਨਿਮਾਣੇ ਸਿੱਖ ਵੱਜੋਂ ਸੇਵਾ ਨਿਭਾਅ ਰਹੇ ਸਨ, ਭਾਵੇਂ ਕਿਸੇ ਨੂੰ ਵੀ ਸੁਖਬੀਰ ਸਿੰਘ ਬਾਦਲ ਨਾਲ ਨਫਰਤ ਹੋ ਸਕਦੀ ਹੈ, ਪਰ ਅਜਿਹਾ ਘਟਨਾਕ੍ਰਮ ਦੀ ਸਖਤ ਨਿਖੇਧੀ ਕੀਤੀ ਜਾਣੀ ਬਣਦੀ ਹੈ। ਉਨ੍ਹਾਂ ਕਿਹਾ ਕਿ ਹਮਲਾਵਰ ਨਾਰਾਇਣ ਸਿੰਘ ਚੌੜਾ ਖਿਲਾਫ਼ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ।
ਇਸਤੋਂ ਇਲਾਵਾ ਭਾਜਪਾ ਦੇ ਸੀਨੀਅਰ ਆਗੂ ਵਿਜੈ ਸਾਂਪਲਾ, ਅਕਾਲੀ ਆਗੂ ਮਨਜਿੰਦਰ ਸਿੰਘ ਸਿਰਸਾ, ਮੈਂਬਰ ਪਾਰਲੀਮੈਂਟ ਸਰਬਜੀਤ ਸਿੰਘ ਖਾਲਸਾ ਆਦਿ ਨੇ ਵੀ ਹਮਲੇ ਦੀ ਸਖਤ ਨਿਖੇਧੀ ਕੀਤੀ ਹੈ।
ਹਮਲੇ ਨੂੰ ਲੈ ਕੇ ਪੁਲਿਸ ਦਾ ਕੀ ਹੈ ਕਹਿਣਾ
ਹਮਲੇ ਬਾਰੇ ਪੁਲਿਸ ਕਮਿਸ਼ਨਰ ਦਾ ਕਹਿਣਾ ਹੈ ਕਿ ਇਹ ਪੁਲਿਸ ਦੀ ਚੌਕਸੀ ਸੀ ਕਿ ਮੁਲਾਜ਼ਮ ਰਛਪਾਲ ਸਿੰਘ ਨੇ ਤੁਰੰਤ ਇਸ ਹਮਲੇ ਨੂੰ ਨਾਕਾਮ ਕਰ ਦਿੱਤਾ। ਉਨ੍ਹਾਂ ਕਿਹਾ ਕਿ ਹਮਲਾਵਰ ਨਾਰਾਇਣ ਸਿੰਘ ਚੌੜਾ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਪੂਰੇ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਸੁਰੱਖਿਆ ਦੇ ਪੂਰੇ ਪ੍ਰਬੰਧ ਹਨ ਅਤੇ ਪੌਣੇ 200 ਦੇ ਲਗਭਗ ਸੁਰੱਖਿਆ ਕਰਮਚਾਰੀ ਕੰਪਲੈਕਸ 'ਚ ਮੌਜੂਦ ਹਨ। ਉਨ੍ਹਾਂ ਸੰਗਤ ਨੂੰ ਵੀ ਅਪੀਲ ਕੀਤੀ ਕਿ ਪੁਲਿਸ ਦਾ ਪੂਰਾ ਸਾਥ ਦਿੱਤਾ ਜਾਵੇ ਅਤੇ ਸ਼ਾਂਤੀ ਬਣਾਈ ਰੱਖੀ ਜਾਵੇ।
- PTC NEWS