Pahalgam Terror Attack : ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਦੀ ਸ਼੍ਰੋਮਣੀ ਅਕਾਲੀ ਦਲ ਨੇ ਕੀਤੀ ਸਖ਼ਤ ਨਿੰਦਾ ,ਕਿਹਾ -ਇਸ ਘਟਨਾ ਦੇ ਦੋਸ਼ੀਆਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ
Pahalgam Terror Attack : ਸ਼੍ਰੋਮਣੀ ਅਕਾਲੀ ਦਲ (Shiromani Akali Dal) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ,ਸਾਂਸਦ ਹਰਸਿਮਰਤ ਕੌਰ ਬਾਦਲ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਜੰਮੂ-ਕਸ਼ਮੀਰ ਦੇ ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਦੀ ਸਖ਼ਤ ਨਿੰਦਾ ਕੀਤੀ ਹੈ। ਸੁਖਬੀਰ ਸਿੰਘ ਬਾਦਲ ਨੇ ਟਵੀਟ ਕਰਦਿਆਂ ਲਿਖਿਆ ; ਜੰਮੂ-ਕਸ਼ਮੀਰ ਦੇ ਪਹਿਲਗਾਮ ਵਿੱਚ ਨਿਰਦੋਸ਼ ਸੈਲਾਨੀਆਂ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਘਿਨਾਉਣੇ ਅਤੇ ਕਾਇਰਤਾਪੂਰਨ ਅੱਤਵਾਦੀ ਹਮਲੇ ਦੀ ਸਖ਼ਤ ਨਿੰਦਾ ਕਰਦਾ ਹਾਂ। ਹਿੰਸਾ ਦਾ ਇਹ ਵਹਿਸ਼ੀ ਕਾਰਾ ਮਨੁੱਖਤਾ ਅਤੇ ਸ਼ਾਂਤੀ 'ਤੇ ਹਮਲਾ ਹੈ। ਪੀੜਤਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਪ੍ਰਤੀ ਮੇਰੀ ਸੰਵੇਦਨਾਂ ਹੈ - ਅਜਿਹੇ ਅੱਤਿਆਚਾਰਾਂ ਨੂੰ ਸਜ਼ਾ ਦਿੱਤੇ ਬਿਨਾਂ ਨਹੀਂ ਛੱਡਣਾ ਚਾਹੀਦਾ। ਅਸੀਂ ਪੀੜਤ ਪਰਿਵਾਰਾਂ ਨਾਲ ਖੜ੍ਹੇ ਹਾਂ।
ਸਾਂਸਦ ਹਰਸਿਮਰਤ ਕੌਰ ਬਾਦਲ ਨੇ ਵੀ ਜੰਮੂ-ਕਸ਼ਮੀਰ ਦੇ ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਦੀ ਨਿੰਦਾ ਕੀਤੀ ਹੈ। ਹਰਸਿਮਰਤ ਕੌਰ ਬਾਦਲ ਨੇ ਟਵੀਟ ਕਰਦਿਆਂ ਲਿਖਿਆ ;ਪਹਿਲਗਾਮ ਵਿੱਚ ਬੇਕਸੂਰ ਸੈਲਾਨੀਆਂ ਨੂੰ ਨਿਸ਼ਾਨਾ ਬਣਾਉਣ ਦੀ ਘਿਣਾਉਣੀ ਘਟਨਾ ਦੀ ਮੈਂ ਸਖ਼ਤ ਨਿੰਦਾ ਕਰਦੀ ਹਾਂ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਜੀ ਨੂੰ ਲੋਕਾਂ ਦਾ ਵਿਸ਼ਵਾਸ ਬਹਾਲ ਕਰਨ ਲਈ ਤੁਰੰਤ ਕਦਮ ਚੁੱਕਣ ਦੀ ਅਪੀਲ ਕਰਦੀ ਹਾਂ। ਇਸ ਘਟਨਾ ਦੇ ਦੋਸ਼ੀਆਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ।
ਬਿਕਰਮ ਸਿੰਘ ਮਜੀਠੀਆ ਨੇ ਟਵੀਟ ਕਰਦਿਆਂ ਲਿਖਿਆ ; ਪਾਕਿਸਤਾਨ ਸਮਰਥਿਤ ਅੱਤਵਾਦੀਆਂ ਵੱਲੋਂ ਪਹਿਲਗਾਮ ਵਿੱਚ ਨਿਰਦੋਸ਼ ਸੈਲਾਨੀਆਂ 'ਤੇ ਕੀਤੇ ਗਏ ਵਹਿਸ਼ੀ ਅਤੇ ਕਾਇਰਤਾਪੂਰਨ ਹਮਲੇ ਦੀ ਸਖ਼ਤ ਨਿੰਦਾ ਕਰਦਾ ਹਾਂ। ਨਿਰਦੋਸ਼ ਲੋਕਾਂ ਵਿਰੁੱਧ ਅਜਿਹਾ ਘਿਨਾਉਣਾ ਕੰਮ ਬਹੁਤ ਹੀ ਦੁਖਦਾਈ ਹੈ। ਇਸ ਔਖੇ ਸਮੇਂ 'ਚ ਮ੍ਰਿਤਕਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨਾਲ ਸਾਡੀ ਦਿਲੋਂ ਹਮਦਰਦੀ ਹੈ।
ਦਰਅਸਲ 'ਚ ਮੰਗਲਵਾਰ ਦੁਪਹਿਰ ਕਰੀਬ 3 ਵਜੇ ਜੰਮੂ-ਕਸ਼ਮੀਰ ਦੇ ਪਹਿਲਗਾਮ ਵਿੱਚ ਅੱਤਵਾਦੀਆਂ ਨੇ ਸੈਲਾਨੀਆਂ 'ਤੇ ਗੋਲੀਬਾਰੀ ਕੀਤੀ। ਇਸ ਹਮਲੇ ਵਿੱਚ ਇੱਕ ਸੈਲਾਨੀ ਦੀ ਮੌਤ ਹੋ ਗਈ ਅਤੇ 20 ਲੋਕ ਜ਼ਖਮੀ ਦੱਸੇ ਜਾ ਰਹੇ ਹਨ। ਮੀਡੀਆ ਰਿਪੋਰਟਾਂ ਅਨੁਸਾਰ ਅੱਤਵਾਦੀਆਂ ਨੇ ਸੈਲਾਨੀ ਤੋਂ ਉਸਦਾ ਨਾਮ ਪੁੱਛਿਆ ਅਤੇ ਫਿਰ ਉਸਦੇ ਸਿਰ ਵਿੱਚ ਗੋਲੀ ਮਾਰ ਦਿੱਤੀ ਅਤੇ ਗੋਲੀਬਾਰੀ ਕਰਦੇ ਹੋਏ ਭੱਜ ਗਏ। ਲਸ਼ਕਰ-ਏ-ਤੋਇਬਾ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਹੈ।
ਪ੍ਰਧਾਨ ਮੰਤਰੀ ਨਾਲ ਗੱਲ ਕਰਨ ਤੋਂ ਬਾਅਦ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਸ਼੍ਰੀਨਗਰ ਪਹੁੰਚ ਗਏ ਹਨ। ਉਹ ਇੱਥੇ ਅਧਿਕਾਰੀਆਂ ਨਾਲ ਇੱਕ ਉੱਚ-ਪੱਧਰੀ ਮੀਟਿੰਗ ਕਰਨਗੇ। ਇਸ ਦੌਰਾਨ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਫੌਜ ਮੁਖੀ ਉਪੇਂਦਰ ਦਿਵੇਦੀ ਨਾਲ ਗੱਲ ਕੀਤੀ ਅਤੇ ਸਥਿਤੀ ਬਾਰੇ ਜਾਣਕਾਰੀ ਲਈ। ਸੁਰੱਖਿਆ ਬਲਾਂ ਨੇ ਪਹਿਲਗਾਮ ਵਿੱਚ ਹਮਲੇ ਵਾਲੇ ਇਲਾਕੇ ਨੂੰ ਘੇਰ ਲਿਆ ਹੈ। ਇਲਾਕੇ ਦੀ ਹੈਲੀਕਾਪਟਰ ਰਾਹੀਂ ਨਿਗਰਾਨੀ ਕੀਤੀ ਜਾ ਰਹੀ ਹੈ। ਜ਼ਖਮੀਆਂ ਦਾ ਇਲਾਜ ਹਸਪਤਾਲ ਵਿੱਚ ਜਾਰੀ ਹੈ।
- PTC NEWS