ਪੀੜਤ NRI ਪਰਿਵਾਰ ਨਾਲ ਸੁਖਬੀਰ ਬਾਦਲ ਨੇ ਕੀਤੀ ਮੁਲਾਕਾਤ
ਅੰਮ੍ਰਿਤਸਰ, 11 ਨਵੰਬਰ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਬੁੱਧਵਾਰ ਨੂੰ ਐਨਆਰਆਈ (NRI) ਪਰਿਵਾਰ ਨਾਲ ਮੁਲਾਕਾਤ ਕੀਤੀ ਅਤੇ ਕੁੱਝ ਦਿਨ ਪਹਿਲਾਂ ਅੰਮ੍ਰਿਤਸਰ ਵਿੱਚ ਸ਼ਰਾਬ ਠੇਕੇਦਾਰਾਂ ਵੱਲੋਂ ਉਨ੍ਹਾਂ ਦੇ ਵਿਆਹ ਸਮਾਗਮ ਵਿੱਚ ਗੋਲੀਬਾਰੀ ਦੀ ਘਟਨਾ ਦੀ ਨਿਖੇਧੀ ਕੀਤੀ।
ਪਰਿਵਾਰ ਨਾਲ ਗੱਲਬਾਤ ਦੀ ਵੀਡੀਓ ਸਾਂਝੀ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਆਪਣੇ ਫੇਸਬੁੱਕ ਪੇਜ 'ਤੇ ਲਿਖਿਆ ਕਿ "4 ਨਵੰਬਰ ਦੀ ਰਾਤ ਨੂੰ ਅੰਮ੍ਰਿਤਸਰ ਦੇ ਇੱਕ ਮੈਰਿਜ ਪੈਲੇਸ 'ਚ ਸ਼ਰਾਬ ਦੇ ਠੇਕੇਦਾਰ ਦੀ ਅਸਲੇ ਨਾਲ ਲੈਸ ਫੌਜ ਵੱਲੋਂ ਸ਼ਹਿਰ ਦੇ ਇੱਕ ਐਨ.ਆਰ.ਆਈ ਪਰਿਵਾਰ (ਰੰਧਾਵਾ ਪਰਿਵਾਰ) ਉੱਤੇ ਜਾਨਲੇਵਾ ਹਮਲਾ ਕੀਤਾ ਜਾਣਾ ਅਤੇ ਫ਼ਿਰ ਪੁਲਿਸ ਵੱਲੋਂ ਪੀੜ੍ਹਤ ਪਰਿਵਾਰ ਉੱਤੇ ਹੀ ਪਰਚਾ ਦਰਜ ਕਰ ਦੇਣਾ ਬਹੁਤ ਹੀ ਮੰਦਭਾਗਾ ਹੈ।"
ਉਨ੍ਹਾਂ ਅੱਗੇ ਲਿਖਿਆ, "ਕੰਵਰਦੀਪ ਸਿੰਘ ਰੰਧਾਵਾ (ਕੈਨੇਡਾ ਸਿਟੀਜ਼ਨ) ਅਤੇ ਉਨ੍ਹਾਂ ਦੇ ਭੈਣ ਜੀ ਜਸਕਿਰਨ ਕੌਰ (ਯੂਐਸਏ ਸਿਟੀਜ਼ਨ) ਨੂੰ ਸਥਾਨਕ ਲੀਡਰਸ਼ਿਪ ਸਮੇਤ ਉਨ੍ਹਾਂ ਦੇ ਘਰ ਜਾ ਕੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਨਾ ਕੇਵਲ ਇਸ ਵਧੀਕੀ ਖ਼ਿਲਾਫ਼ ਉਨ੍ਹਾਂ ਦਾ ਸਾਥ ਦੇਣ ਦਾ ਭਰੋਸਾ ਦਿੱਤਾ ਸਗੋਂ ਮੌਕੇ 'ਤੇ ਹੀ ਪੁਲਿਸ ਦੇ ਉੱਚ ਅਧਿਕਾਰੀਆਂ ਨਾਲ ਗੱਲਬਾਤ ਕਰਕੇ ਪਰਿਵਾਰ ਨਾਲ ਹੋਈ ਇਸ ਬੇਇਨਸਾਫ਼ੀ ਅਤੇ ਧੱਕੇਸ਼ਾਹੀ ਸਬੰਧੀ ਲੋੜੀਂਦੀ ਦਰੁਸਤੀ ਕਰਕੇ ਪੰਜਾਬ ਨੂੰ ਦੇਸ਼ਾਂ ਵਿਦੇਸ਼ਾਂ 'ਚ ਬਦਨਾਮ ਹੋਣ ਤੋਂ ਬਚਾਉਣ ਦੀ ਅਪੀਲ ਵੀ ਕੀਤੀ।"
ਸੁਖਬੀਰ ਸਿੰਘ ਬਾਦਲ ਨੇ ਸੂਬੇ ਵਿੱਚ ਵਿਗੜ ਰਹੀ ਕਾਨੂੰਨ ਵਿਵਸਥਾ ਲਈ ਸੱਤਾਧਾਰੀ 'ਆਪ' ਸਰਕਾਰ 'ਤੇ ਵੀ ਹਮਲਾ ਬੋਲਿਆ ਤੇ ਕਿਹਾ ਕਿ ਮੁਖ ਮੰਤਰੀ ਗੁਜਰਾਤ 'ਚ ਪਾਰਟੀ ਲਈ ਪ੍ਰਚਾਰ ਕਰਨ ਵਿੱਚ ਇਨ੍ਹੇ ਰੁੱਝੇ ਹੋਏ ਨੇ ਕਿ ਸੂਬੇ 'ਚ ਵੱਧ ਰਹੀ ਅਪਰਾਧ ਦਰ 'ਤੇ ਲਗਾਮ ਲਗਾਉਣ ਵਿੱਚ ਉਹ ਅਸਫਲ ਹੋ ਚੁੱਕੇ ਹਨ।
- PTC NEWS