Dog Attack : ਆਵਾਰਾ ਕੁੱਤਿਆਂ ਨੇ ਨੋਚ-ਨੋਚ ਕੇ ਖਾਧਾ 7 ਸਾਲ ਦਾ ਮਾਸੂਮ, ਮਾਪਿਆਂ ਦਾ 'ਇਕਲੌਤਾ' ਸੀ ਬੱਚਾ ਸ਼ਹਿਬਾਜ਼
Dog Attack Death in Punjab : ਪੰਜਾਬ 'ਚ ਆਵਾਰਾ ਕੁੱਤਿਆਂ ਦਾ ਕਹਿਰ ਰੁਕਦਾ ਵਿਖਾਈ ਨਹੀਂ ਦੇ ਰਿਹਾ ਹੈ। ਨਿੱਤ ਦਿਨ ਆਵਾਰਾ ਕੁੱਤਿਆਂ ਵੱਲੋਂ ਬੱਚਿਆਂ ਤੇ ਬਜ਼ੁਰਗਾਂ ਨੂੰ ਕੱਟਣ ਦੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਹੁਣ ਇੱਕ ਹੋਰ ਤਾਜ਼ਾ ਘਟਨਾ ਸਾਹਮਣੇ ਆਈ ਹੈ, ਜਿਸ ਵਿੱਚ ਆਵਾਰਾ ਕੁੱਤੇ ਇੱਕ ਬੱਚੇ ਨੂੰ ਨੋਚ ਨੋਚ ਕੇ ਖਾ ਗਏ।
ਜਾਣਕਾਰੀ ਅਨੁਸਾਰ ਰਾਜਾ ਸਾਂਸੀ ਦੇ ਕਸਬਾ ਚੁਗਾਵਾਂ ਦੇ ਨਜ਼ਦੀਕ ਪੈਂਦੇ ਪਿੰਡ ਟਪਿਆਲਾ ਉਸ ਸਮੇਂ ਸੋਗ ਦੀ ਲਹਿਰ ਫੈਲ ਗਈ, ਜਦ ਮਾਪਿਆਂ ਦੇ ਇਕਲੌਤੇ ਪੁੱਤਰ ਦੀ ਦੁੱਖਦਾਈ ਮੌਤ ਹੋ ਗਈ। ਪਿੰਡ ਦੇ ਬਾਹਰ ਅਵਾਰਾ ਕੁੱਤਿਆਂ ਵੱਲੋਂ ਸ਼ਹਿਬਾਜ ਬਾਜ ਨੂੰ ਉਸ ਸਮੇਂ ਆਪਣਾ ਸ਼ਿਕਾਰ ਬਣਾਇਆ ਗਿਆ, ਜਦ ਉਹ ਪਤੰਗ ਲੁੱਟਣ ਦੇ ਚੱਕਰ ਵਿੱਚ ਇੱਕ ਖੇਤ ਵਿੱਚ ਜਾ ਵੜਿਆ, ਜਿੱਥੇ ਇੱਕ ਆਵਾਰਾ ਕੁੱਤਿਆਂ ਦੇ ਟੋਲੇ ਨੇ ਸੱਤ ਸਾਲ ਦੇ ਸ਼ਹਿਬਾਜ਼ ਸਿੰਘ ਨੂੰ ਆਪਣਾ ਸ਼ਿਕਾਰ ਬਣਾ ਲਿਆ।
ਖੇਤਾਂ 'ਚ ਹੋਣ ਕਾਰਨ ਕਿਸੇ ਨੂੰ ਨਹੀਂ ਸੁਣੀ ਸਾਹਿਬ ਬਾਜ਼ ਦੀ ਆਵਾਜ਼
ਜਾਣਕਾਰੀ ਅਨੁਸਾਰ ਘਟਨਾ ਖੇਤਾਂ ਵਿੱਚ ਹੋਣ ਕਾਰਨ ਕਿਸੇ ਨੂੰ ਵੀ ਬੱਚੇ ਦੀ ਆਵਾਜ਼ ਦਾ ਦੂਰੋਂ ਪਤਾ ਨਹੀਂ ਲੱਗਿਆ। ਜਦ ਤੱਕ ਲੋਕਾਂ ਨੂੰ ਇਸ ਗੱਲ ਦਾ ਪਤਾ ਲੱਗਾ, ਤਦ ਤੱਕ ਸ਼ਹਿਬਾਜ ਸਿੰਘ ਦੀ ਮੌਤ ਹੋ ਚੁੱਕੀ ਸੀ, ਜਿੱਥੇ ਅਵਾਰਾ ਕੁੱਤਿਆਂ ਨੇ ਮਾਪਿਆਂ ਦੇ ਇਕਲੋਤੇ 7 ਸਾਲ ਦੇ ਮਾਸੂਮ ਬੱਚੇ ਨੂੰ ਨੋਚ-ਨੋਚ ਕੇ ਖਾ ਲਿਆ ਹੈ।
ਦਾਦਾ-ਦਾਦੀ ਕੋਲ ਰਹਿੰਦਾ ਸੀ ਬੱਚਾ
ਮ੍ਰਿਤਕ ਬੱਚੇ ਦੇ ਪਰਿਵਾਰਿਕ ਮੈਂਬਰਾਂ ਦੱਸਿਆ ਕਿ ਸ਼ਹਿਬਾਜ਼ ਸਿੰਘ, ਜੋ ਪਹਿਲੀ ਜਮਾਤ ਵਿੱਚ ਪੜ੍ਹਦਾ ਸੀ। ਅੱਜ ਛੁੱਟੀ ਹੋਣ ਤੇ ਸਕੂਲ ਦਾ ਬਸਤਾ ਘਰ ਰੱਖ ਕੇ ਬਾਹਰ ਖੇਡਣ ਗਿਆ, ਜਿੱਥੇ ਅਵਾਰਾ ਕੁੱਤਿਆਂ ਦੇ ਝੁੰਡ ਨੇ ਸ਼ਹਿਬਾਜ ਸਿੰਘ 'ਤੇ ਹਮਲਾ ਕਰਕੇ ਨੋਚ-ਨੋਚ ਕੇ ਖਾ ਲਿਆ। ਨਤੀਜੇ ਵੱਜੋਂ ਉਨ੍ਹਾਂ ਦੇ ਬੱਚੇ ਦੀ ਮੌਕੇ 'ਤੇ ਹੀ ਮੌਤ ਹੋ ਗਈ। ਮ੍ਰਿਤਕ ਸਹਿਬਾਜ ਸਿੰਘ ਆਪਣੇ ਦਾਦੀ-ਦਾਦਾ ਕੋਲ ਰਹਿੰਦਾ ਸੀ। ਉਸ ਦਾ ਪਿਤਾ ਵਿਦੇਸ਼ ਵਿੱਚ ਰਹਿ ਰਿਹਾ ਹੈ। ਪਿੰਡ ਵਿੱਚ ਵਾਪਰੀ ਇਸ ਘਟਨਾ ਨਾਲ ਪੂਰੇ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ।
- PTC NEWS