ਕਾਰਕੁੰਨ ਜਸਵੰਤ ਸਿੰਘ ਖਾਲੜਾ ਦੀ ਕਹਾਣੀ, ਜਿਨ੍ਹਾਂ ਨੂੰ ਪੁਲਿਸ ਨੇ ਹੀ ਅਗਵਾ ਕਰ ਕੀਤਾ ਸੀ ਕਤਲ
Jaswant Singh Khalra Biopic: ਜਸਵੰਤ ਸਿੰਘ ਖਾਲੜਾ ਦੀ ਬਾਇਓਪਿਕ ਪਿਛਲੇ ਕਾਫੀ ਸਮੇਂ ਤੋਂ ਲਾਈਮਲਾਈਟ 'ਚ ਹੈ। ਇਸ ਫਿਲਮ 'ਚ ਪੰਜਾਬੀ ਗਾਇਕ-ਅਦਾਕਾਰ ਦਿਲਜੀਤ ਦੋਸਾਂਝ ਮੁੱਖ ਭੂਮਿਕਾ 'ਚ ਨਜ਼ਰ ਆਉਣ ਵਾਲੇ ਹਨ। ਹੁਣ ਹਾਲ ਹੀ ਵਿੱਚ ਜਸਵੰਤ ਸਿੰਘ ਖਾਲੜਾ ਦੀ ਬਾਇਓਪਿਕ 'ਪੰਜਾਬ 95' ਦੀ ਪਹਿਲੀ ਝਲਕ ਰਿਲੀਜ਼ ਹੋਈ ਹੈ, ਜਿਸ ਵਿੱਚ ਦਿਲਜੀਤ ਦੋਸਾਂਝ ਮਨੁੱਖੀ ਅਧਿਕਾਰ ਕਾਰਕੁਨ ਜਸਵੰਤ ਸਿੰਘ ਖਾਲੜਾ ਦੀ ਭੂਮਿਕਾ ਨਿਭਾਅ ਰਹੇ ਹਨ।
ਕੋਣ ਸਨ ਜਸਵੰਤ ਸਿੰਘ ਖਾਲੜਾ?
ਸਾਲ 1995 ਵਿੱਚ ਪੰਜਾਬ ਪੁਲਿਸ ਨੇ ਮਨੁੱਖੀ ਅਧਿਕਾਰਾਂ ਦੇ ਰਾਖੇ ਜਸਵੰਤ ਸਿੰਘ ਖਾਲੜਾ ਨੂੰ ਪੰਜਾਬ ਪੁਲਿਸ ਦੁਆਰਾ ਨੌਜਵਾਨਾਂ ਦੇ ਕੀਤੇ ਗਏ ਘਾਣ ਅਤੇ ਗੈਰ-ਕਾਨੂੰਨੀ ਕਤਲਾਂ ਅਤੇ ਸਿੱਖਾਂ ਦੇ ਗੁਪਤ ਸਸਕਾਰਾਂ ਦਾ ਪਰਦਾਫਾਸ਼ ਕਰਨ ਲਈ ਅਗਵਾ ਕਰ ਤਸੀਹੇ ਦਿੱਤੇ ਗਏ ਅਤੇ ਕਤਲ ਕਰ ਦਿੱਤਾ ਗਿਆ ਸੀ।
ਕਤਲਾਂ ਦੀ ਖੋਜ ਕਰਨ ਲਈ ਛੱਡੀ ਆਪਣੀ ਨੌਕਰੀ
ਪੰਜਾਬ ਵਿੱਚ ਖਾੜਕੂਵਾਦ ਦੇ ਦੌਰ ਵਿੱਚ ਜਸਵੰਤ ਸਿੰਘ ਖਾਲੜਾ ਅੰਮ੍ਰਿਤਸਰ, ਪੰਜਾਬ ਵਿੱਚ ਇੱਕ ਬੈਂਕ ਦੇ ਡਾਇਰੈਕਟਰ ਵਜੋਂ ਕੰਮ ਕਰ ਰਹੇ ਸਨ। 1987 ਵਿੱਚ ਉਨ੍ਹਾਂ ਨੇ ਪੰਜਾਬ ਪੁਲਿਸ ਦੁਆਰਾ ਗੈਰ-ਕਾਨੂੰਨੀ ਕਤਲਾਂ ਦੀ ਖੋਜ ਕਰਨ ਲਈ ਆਪਣੀ ਨੌਕਰੀ ਛੱਡ ਦਿੱਤੀ। ਇਸ ਤੋਂ ਇਲਾਵਾ ਖਾਲੜਾ ਨੇ ਸ਼੍ਰੋਮਣੀ ਅਕਾਲੀ ਦਲ ਦੇ ਮਨੁੱਖੀ ਅਧਿਕਾਰ ਵਿੰਗ ਦੇ ਜਨਰਲ ਸਕੱਤਰ ਵਜੋਂ ਵੀ ਸੇਵਾ ਨਿਭਾਈ। ਉਨ੍ਹਾਂ ਨੂੰ ਪੁਲਿਸ ਦੁਆਰਾ ਅਗਵਾ, ਕਤਲ ਅਤੇ ਹਜ਼ਾਰਾਂ ਅਣਪਛਾਤੀਆਂ ਲਾਸ਼ਾਂ ਦੇ ਸਸਕਾਰ ਦੇ ਸਬੂਤ ਮਿਲੇ ਸਨ। ਲਾਈਵ ਲਾਅ ਦੀ ਰਿਪੋਰਟ ਮੁਤਾਬਕ ਪੁਲਿਸ ਨੇ ਜ਼ਾਹਰ ਤੌਰ 'ਤੇ ਆਪਣੇ ਹੀ ਹਜ਼ਾਰਾਂ ਅਫਸਰਾਂ ਨੂੰ ਮਾਰ ਦਿੱਤਾ ਜਿਨ੍ਹਾਂ ਨੇ ਇਹਨਾਂ ਗੈਰ-ਕਾਨੂੰਨੀ ਕਾਰਵਾਈਆਂ ਵਿੱਚ ਸਹਿਯੋਗ ਕਰਨ ਤੋਂ ਇਨਕਾਰ ਕਰ ਦਿੱਤਾ ਸੀ।
ਖਾਲੜਾ ਦੇ ਖੁਲਾਸੇ 'ਤੇ ਹੋਇਆ ਵਿਸ਼ਵ ਵਿਆਪੀ ਵਿਰੋਧ
ਖਾਲੜਾ ਦੇ ਖੁਲਾਸੇ 'ਤੇ ਵਿਸ਼ਵ ਵਿਆਪੀ ਵਿਰੋਧ ਪ੍ਰਦਰਸ਼ਨ ਕੀਤਾ ਗਿਆ ਅਤੇ ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ) ਨੇ ਇਹ ਸਿੱਟਾ ਕੱਢਿਆ ਕਿ ਪੰਜਾਬ ਪੁਲਿਸ ਨੇ ਇਕੱਲੇ ਪੰਜਾਬ ਦੇ ਤਰਨਤਾਰਨ ਜ਼ਿਲ੍ਹੇ ਵਿੱਚ 2,097 ਲੋਕਾਂ ਦਾ ਗੈਰ-ਕਾਨੂੰਨੀ ਤੌਰ 'ਤੇ ਸਸਕਾਰ ਕੀਤਾ ਸੀ। ਸੁਪਰੀਮ ਕੋਰਟ ਅਤੇ ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ ਨੇ ਵੀ ਖਾਲੜਾ ਦੇ ਅੰਕੜਿਆਂ 'ਤੇ ਕਾਰਵਾਈ ਕੀਤੀ।
ਖਾਲੜਾ ਦੇ ਖੁਲਾਸੇ ਤੋਂ ਬਾਅਦ ਪੁਲਿਸ ਵਾਲਿਆਂ ਨੇ ਹੀ ਕੀਤਾ ਅਗਵਾ
ਹਾਲਾਂਕਿ 6 ਸਤੰਬਰ 1995 ਨੂੰ ਖਾਲੜਾ ਗਾਇਬ ਹੋ ਗਏ ਅਤੇ ਉਨ੍ਹਾਂ ਦੀ ਪਤਨੀ ਦੀ ਸ਼ਿਕਾਇਤ 'ਤੇ ਕਤਲ, ਅਗਵਾ ਅਤੇ ਅਪਰਾਧਿਕ ਸਾਜ਼ਿਸ਼ ਦਾ ਕੇਸ ਦਰਜ ਕੀਤਾ ਗਿਆ। ਤਰਨਤਾਰਨ ਜ਼ਿਲ੍ਹੇ ਦੇ ਪੁਲਿਸ ਅਧਿਕਾਰੀਆਂ ਨੇ ਸਾਦੇ ਕੱਪੜਿਆਂ 'ਚ ਖਾਲੜਾ ਨੂੰ ਉਨ੍ਹਾਂ ਦੇ ਘਰ ਅਗਵਾ ਕਰ ਲਿਆ ਸੀ। ਵਿਸ਼ਵ ਸਿੱਖ ਸੰਸਥਾ ਦੀ ਰਿਪੋਰਟ ਮੁਤਾਬਕ ਜਦੋਂ ਜਸਵੰਤ ਸਿੰਘ ਦੀ ਖੋਜ ਨੇ ਪੰਜਾਬ ਪੁਲਿਸ ਵੱਲੋਂ ਹਜ਼ਾਰਾਂ ਨੌਜਵਾਨਾਂ ਦੇ ਗੈਰ-ਕਾਨੂੰਨੀ ਕਤਲ ਅਤੇ ਸਸਕਾਰ ਦਾ ਪਰਦਾਫਾਸ਼ ਕੀਤਾ ਸੀ ਤਾਂ ਤਰਨਤਾਰਨ ਦੇ ਪੁਲਿਸ ਸੁਪਰਡੈਂਟ ਅਜੀਤ ਸੰਧੂ ਨੇ ਕਿਹਾ ਸੀ ਕਿ “ਜੇ 25,000 ਗਾਇਬ ਹੋ ਗਏ ਹਨ ਤਾਂ ਇੱਕ ਹੋਰ ਨੂੰ ਵੀ ਗਾਇਬ ਕਰਨਾ ਆਸਾਨ ਹੋਵੇਗਾ।”
ਇੰਝ ਇੱਕ ਪੁਲਿਸ ਵਾਲੇ ਦੀ ਬੇਬਾਕੀ ਨੇ ਸਾਹਮਣੇ ਲਿਆਉਂਦਾ ਸੱਚ
ਖਾਲੜਾ ਦੀ ਮੌਤ ਦੀ ਕਹਾਣੀ ਸ਼ਾਇਦ ਪੂਰੀ ਤਰ੍ਹਾਂ ਰਹੱਸ ਬਣੀ ਰਹਿੰਦੀ ਜੇਕਰ ਸਾਬਕਾ ਵਿਸ਼ੇਸ਼ ਪੁਲਿਸ ਅਧਿਕਾਰੀ ਕੁਲਦੀਪ ਸਿੰਘ, ਜੋ ਬਾਅਦ ਵਿਚ ਖਾਲੜਾ ਕਤਲ ਕੇਸ ਵਿਚ ਗਵਾਹ ਵਜੋਂ ਸਾਹਮਣੇ ਆਏ, ਨਾ ਹੁੰਦਾ। ਵਿਸ਼ਵ ਸਿੱਖ ਸੰਸਥਾ ਦੀ ਰਿਪੋਰਟ ਮੁਤਾਬਕ ਕੁਲਦੀਪ ਸਿੰਘ ਨੇ ਹੀ ਆਪਣੇ ਬਿਆਨ 'ਚ ਦੱਸਿਆ ਸੀ ਕਿ ਪੰਜਾਬ ਪੁਲਿਸ ਦੇ ਮੁਖੀ ਕੇ.ਪੀ. ਗਿੱਲ ਹਿਰਾਸਤ ਵਿੱਚ ਕਤਲ ਤੋਂ ਕੁਝ ਦਿਨ ਪਹਿਲਾਂ ਖਾਲੜਾ ਨੂੰ ਮਿਲਣ ਆਏ ਸਨ। ਉਨ੍ਹਾਂ ਦੱਸਿਆ ਕਿ ਗਿੱਲ ਅੱਧਾ ਘੰਟਾ ਖਾਲੜਾ ਨਾਲ ਰਹੇ। ਗਿੱਲ ਦੇ ਜਾਣ ਤੋਂ ਬਾਅਦ ਕੁਲਦੀਪ ਸਿੰਘ ਨੇ ਥਾਣਾ ਮੁਖੀ ਐੱਸ.ਐੱਚ.ਓ ਸਤਨਾਮ ਸਿੰਘ ਨੂੰ ਇਹ ਕਹਿੰਦੇ ਹੋਏ ਸੁਣਿਆ ਕਿ ਜੇਕਰ ਖਾਲੜਾ ਗਿੱਲ ਦੀ ਸਲਾਹ ਨੂੰ ਸੁਣਦੇ ਅਤੇ ਮੰਨਦੇ ਤਾਂ ਉਹ ਆਪਣੇ ਆਪ ਨੂੰ ਬਚਾ ਸਕਦਾ ਸੀ।
ਕੁਲਦੀਪ ਸਿੰਘ ਨੇ ਦੱਸਿਆ ਕਿ 27 ਅਕਤੂਬਰ 1995 ਨੂੰ ਰਾਤ ਦੇ ਕਰੀਬ 10 ਵਜੇ ਸਨ। ਖਾਲੜਾ ਦੀ ਲਾਸ਼ ਨੂੰ ਪੁਲਿਸ ਅਫਸਰਾਂ ਨੇ ਪੁਲਿਸ ਜੀਪ ਵਿੱਚ ਬਿਠਾ ਕੇ ਹਰੀਕੇ ਨਹਿਰ ਵਿੱਚ ਸੁੱਟ ਦਿੱਤਾ। ਖਾਲੜਾ ਦੀ ਲਾਸ਼ ਦਾ ਨਿਪਟਾਰਾ ਕਰਨ ਵਾਲੇ ਪੁਲਿਸ ਅਧਿਕਾਰੀਆਂ ਅਰਵਿੰਦਰ ਅਤੇ ਬਲਵਿੰਦਰ ਨੂੰ ਹਰੀਕੇ ਰੈਸਟ ਹਾਊਸ ਦੇ ਲਾਅਨ ਵਿਚ ਸ਼ਰਾਬ ਦੀਆਂ ਦੋ ਬੋਤਲਾਂ ਨਾਲ ਨਿਵਾਜਿਆ ਗਿਆ ਕਿਉਂਕਿ ਉਨ੍ਹਾਂ ਦੇ ਸੀਨੀਅਰ ਅਧਿਕਾਰੀ ਅੰਦਰ ਆਨੰਦ ਮਾਣ ਰਹੇ ਸਨ।
ਕਤਲ ਨੂੰ ਮੁਕੱਦਮੇ 'ਚ ਲਿਆਉਣ 'ਚ ਲੱਗੇ ਸਨ 10 ਸਾਲ
ਖਾਲੜਾ ਦੇ ਕਤਲ ਦੇ ਮੁਲਜ਼ਮ ਪੁਲਿਸ ਅਧਿਕਾਰੀਆਂ 'ਤੇ ਦਸ ਸਾਲਾਂ ਤੱਕ ਦੋਸ਼ ਨਹੀਂ ਲਾਏ ਗਏ। ਸ਼ੱਕੀਆਂ ਵਿੱਚੋਂ ਇੱਕ ਸੀਨੀਅਰ ਪੁਲਿਸ ਕਪਤਾਨ ਅਜੀਤ ਸਿੰਘ ਸੰਧੂ ਦੀ 1997 ਵਿੱਚ ਹੱਤਿਆ ਕਰ ਦਿੱਤੀ ਗਈ। 18 ਨਵੰਬਰ 2005 ਨੂੰ 6 ਪੰਜਾਬ ਪੁਲਿਸ ਅਧਿਕਾਰੀਆਂ ਨੂੰ ਖਾਲੜਾ ਦੇ ਅਗਵਾ ਅਤੇ ਕਤਲ ਲਈ ਦੋਸ਼ੀ ਠਹਿਰਾਇਆ ਗਿਆ ਅਤੇ ਸੱਤ ਸਾਲ ਦੀ ਸਜ਼ਾ ਸੁਣਾਈ ਗਈ।
16 ਅਕਤੂਬਰ 2007 ਨੂੰ ਜਸਟਿਸ ਮਹਿਤਾਬ ਸਿੰਘ ਗਿੱਲ ਅਤੇ ਏ ਐਨ ਜਿੰਦਲ ਦੀ ਪ੍ਰਧਾਨਗੀ ਵਾਲੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਡਿਵੀਜ਼ਨ ਬੈਂਚ ਨੇ ਚਾਰ ਦੋਸ਼ੀਆਂ ਸਤਨਾਮ ਸਿੰਘ, ਸੁਰਿੰਦਰਪਾਲ ਸਿੰਘ, ਜਸਬੀਰ ਸਿੰਘ (ਸਾਰੇ ਸਾਬਕਾ ਸਬ ਇੰਸਪੈਕਟਰ) ਅਤੇ ਪ੍ਰਿਥੀਪਾਲ ਸਿੰਘ (ਸਾਬਕਾ ਹੈੱਡ ਕਾਂਸਟੇਬਲ) ਦੀ ਸਜ਼ਾ ਨੂੰ ਉਮਰ ਕੈਦ ਵਿੱਚ ਤਬਦੀਲ ਕਰ ਦਿੱਤੀ ਗਈ।
11 ਅਪ੍ਰੈਲ 2011 ਨੂੰ ਭਾਰਤ ਦੀ ਸੁਪਰੀਮ ਕੋਰਟ ਨੇ ਖਾੜਕੂਵਾਦ ਦੇ ਸਮੇਂ ਦੌਰਾਨ ਪੰਜਾਬ ਪੁਲਿਸ ਦੁਆਰਾ ਕੀਤੇ ਗਏ ਘਾਣ ਦੀ ਤਿੱਖੀ ਆਲੋਚਨਾ ਕਰਦੇ ਹੋਏ ਚਾਰ ਦੋਸ਼ੀਆਂ ਨੂੰ ਉਮਰ ਕੈਦ ਦੀ ਸਜ਼ਾ ਦੇ ਵਿਰੁੱਧ ਦਾਇਰ ਕੀਤੀ ਗਈ ਅਪੀਲ ਨੂੰ ਖਾਰਜ ਕਰ ਦਿੱਤਾ।
CBFC ਦੇ ਖਿਲਾਫ ਬੰਬੇ ਹਾਈ ਕੋਰਟ ਦਾ ਰੁਖ
ਦਿਲਜੀਤ ਦੋਸਾਂਝ ਤੋਂ ਇਲਾਵਾ ਨਵੀਂ ਫਿਲਮ ਦੇ ਕਾਸਟਿੰਗ ਡਾਇਰੈਕਟਰ ਹਨੀ ਤ੍ਰੇਹਨ ਦੁਆਰਾ ਨਿਰਦੇਸ਼ਤ 'ਪੰਜਾਬ 95' ਵਿੱਚ ਅਰਜੁਨ ਰਾਮਪਾਲ ਅਤੇ ਸੁਵਿੰਦਰ ਵਿੱਕੀ ਵੀ ਮੁੱਖ ਭੂਮਿਕਾਵਾਂ ਵਿੱਚ ਹਨ, ਜਿਨ੍ਹਾਂ ਨੂੰ ਹਾਲ ਹੀ ਵਿੱਚ ਵੈੱਬ ਸੀਰੀਜ਼ 'ਕੋਹਰਾ' ਵਿੱਚ ਉਨ੍ਹਾਂ ਦੇ ਪ੍ਰਦਰਸ਼ਨ ਲਈ ਪ੍ਰਸ਼ੰਸਾ ਕੀਤੀ ਗਈ ਸੀ।
ਦੱਸ ਦੇਈਏ ਕਿ ਪਹਿਲਾਂ ਇਸ ਫਿਲਮ ਦਾ ਨਾਂ ਘੱਲੂਘਾਰਾ ਸੀ, ਉਦੋਂ ਤੋਂ ਇਹ ਫਿਲਮ ਲਾਈਮਲਾਈਟ ਵਿੱਚ ਆ ਗਈ ਸੀ। ਸੈਂਸਰ ਬੋਰਡ ਨੂੰ ਫਿਲਮ ਨੂੰ ਲੈ ਕੇ ਸਰਟੀਫਿਕੇਟ ਦੇਣ 'ਚ 6 ਮਹੀਨੇ ਤੋਂ ਜ਼ਿਆਦਾ ਦਾ ਸਮਾਂ ਲੱਗਾ ਅਤੇ ਏ ਸਰਟੀਫਿਕੇਟ ਦੇ ਨਾਲ 21 ਕਟੌਤੀ ਕੀਤੇ ਗਏ। ਜਿਸ ਤੋਂ ਬਾਅਦ ਨਿਰਮਾਤਾਵਾਂ ਨੇ CBFC ਦੇ ਖਿਲਾਫ ਬੰਬੇ ਹਾਈ ਕੋਰਟ ਦਾ ਰੁਖ ਵੀ ਕੀਤਾ।
ਰੋਨੀ ਸਕ੍ਰੂਵਾਲਾ ਦੇ ਪ੍ਰੋਡਕਸ਼ਨ ਹਾਊਸ RSVP ਮੂਵੀਜ਼ ਦੁਆਰਾ ਸੋਮਵਾਰ (24 ਜੁਲਾਈ) ਦੀ ਰਾਤ ਨੂੰ ਫਿਲਮ ਦਾ ਫਰਸਟ ਲੁੱਕ ਪੋਸਟਰ ਰਿਲੀਜ਼ ਕਰ ਦਿੱਤਾ ਗਿਆ ਹੈ। ਇਸ ਦੌਰਾਨ ਇਹ ਵੀ ਦੱਸਿਆ ਗਿਆ ਕਿ ਫਿਲਮ ਦਾ ਪ੍ਰੀਮੀਅਰ 2023 ਵਿੱਚ ਟੋਰਾਂਟੋ ਇੰਟਰਨੈਸ਼ਨਲ ਫਿਲਮ ਫੈਸਟੀਵਲ ਵਿੱਚ ਹੋਵੇਗਾ। ਆਪਣੇ ਸੋਸ਼ਲ ਮੀਡੀਆ ਹੈਂਡਲ 'ਤੇ ਪਹਿਲੀ ਝਲਕ ਸ਼ੇਅਰ ਕਰਦੇ ਹੋਏ ਦਿਲਜੀਤ ਦੋਸਾਂਝ ਨੇ ਲਿਖਿਆ, 'ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ! ਟੋਰਾਂਟੋ ਇੰਟਰਨੈਸ਼ਨਲ ਫਿਲਮ ਫੈਸਟੀਵਲ ਵਿਖੇ ਵਿਸ਼ਵ ਪ੍ਰੀਮੀਅਰ। ਪੇਸ਼ ਹੈ 'ਪੰਜਾਬ 95' ਦੀ ਪਹਿਲੀ ਝਲਕ, ਮਨੁੱਖੀ ਅਧਿਕਾਰ ਕਾਰਕੁਨ ਜਸਵੰਤ ਸਿੰਘ ਖਾਲੜਾ ਜੀ ਦੇ ਜੀਵਨ 'ਤੇ ਆਧਾਰਿਤ ਇੱਕ ਸ਼ਾਨਦਾਰ ਕਹਾਣੀ।'
- PTC NEWS