Pahalgam Terror Attack : ਪਹਿਲਗਾਮ ਅੱਤਵਾਦੀ ਹਮਲੇ ਨੂੰ ਲੈ ਕੇ ਦੁਕਾਨਦਾਰਾਂ ਵੱਲੋਂ ਰੋਸ ਪ੍ਰਦਰਸ਼ਨ, ਪਾਕਿਸਤਾਨ ਖਿਲਾਫ਼ ਜੰਮ ਕੇ ਕੀਤੀ ਨਾਅਰੇਬਾਜ਼ੀ
Pahalgam Terror Attack : ਜੰਮੂ -ਕਸ਼ਮੀਰ ਦੇ ਪਹਿਲਗਾਮ ਵਿੱਚ ਮੰਗਲਵਾਰ ਨੂੰ ਹੋਏ ਅੱਤਵਾਦੀ ਹਮਲੇ ਨੇ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਹੈ। ਇਸ ਹਮਲੇ ਵਿੱਚ ਜਿੱਥੇ 26 ਲੋਕਾਂ ਦੀ ਜਾਨ ਚਲੀ ਗਈ, ਜਦਕਿ 17 ਜ਼ਖਮੀ ਹੋਏ ਹਨ। ਇਸ ਹਮਲੇ ਵਿੱਚ 26 ਸੈਲਾਨੀਆਂ ਦੀ ਬੇਰਹਿਮੀ ਨਾਲ ਹੱਤਿਆ ਨੂੰ ਲੈ ਕੇ ਪੂਰੇ ਦੇਸ਼ ਵਿੱਚ ਸੋਗ ਅਤੇ ਗੁੱਸੇ ਦਾ ਮਾਹੌਲ ਹੈ। ਜਿਸ ਨੂੰ ਲੈ ਕੇ ਪੰਜਾਬ 'ਚ ਕਈ ਥਾਵਾਂ 'ਤੇ ਬਾਜ਼ਾਰ ਅਤੇ ਦੁਕਾਨਾਂ ਬੰਦ ਕਰਕੇ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਸ੍ਰੀ ਅਨੰਦਪੁਰ ਸਾਹਿਬ ਵਿਖੇ ਦੁਕਾਨਦਾਰਾਂ ਵੱਲੋਂ ਪਹਿਲਗਾਮ ਘਟਨਾ ਦੇ ਵਿਰੋਧ ਵਿੱਚ ਬਾਜ਼ਾਰ ਬੰਦ ਕਰਕੇ ਪਾਕਿਸਤਾਨ ਖਿਲਾਫ ਗੁੱਸੇ ਦਾ ਇਜ਼ਹਾਰ ਕੀਤਾ ਗਿਆ ਹੈ।
ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਖ਼ਿਲਾਫ਼ ਮੁਕਤਸਰ ਸ਼ਹਿਰ ਦੇ ਲੋਕ ਇੱਕਜੁਟ ਹੋ ਗਏ ਹਨ। ਨਿਹੱਥੇ ਤੇ ਨਿਰਦੋਸ਼ ਲੋਕਾਂ ਦੀ ਮੌਤ ਤੋਂ ਗੁੱਸੇ ਚੜ੍ਹੇ ਲੋਕਾਂ ਨੇ 11 ਵਜੇ ਤੱਕ ਸ਼ਹਿਰ ਦਾ ਪੂਰਾ ਬਾਜ਼ਾਰ ਬੰਦ ਕਰ ਦਿੱਤਾ ਹੈ। ਰੋਸ਼ ਦੀ ਅਗਵਾਈ ਕਰਦੇ ਲੋਕਾਂ ਵੱਲੋਂ ਪਾਕਿਸਤਾਨ ਵਿਰੁੱਧ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ। ਇਨ੍ਹਾਂ ਲੋਕਾਂ ਵੱਲੋਂ ਕੇਂਦਰ ਸਰਕਾਰ ਤੋਂ ਅੱਤਵਾਦ ਖ਼ਿਲਾਫ਼ ਸਖਤ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ।
ਪਹਿਲਗਾਮ ਵਿੱਚ ਹੋਇਆ ਅੱਤਵਾਦੀ ਹਮਲਾ ਦੇਸ਼ ਦੀ ਰੂਹ ਕੰਬਾ ਗਿਆ ਹੈ। ਇਸ ਹਮਲੇ ਵਿੱਚ ਮਾਰੇ ਗਏ ਨਿਹੱਥੇ ਅਤੇ ਨਿਰਦੋਸ਼ ਲੋਕਾਂ ਦੀ ਯਾਦ ਵਿੱਚ ਮੁਕਤਸਰ ਦੇ ਵਾਪਾਰੀਆਂ ਅਤੇ ਆਮ ਲੋਕਾਂ ਨੇ ਅੱਜ 11 ਵਜੇ ਤੱਕ ਪੂਰਾ ਸ਼ਹਿਰ ਬੰਦ ਰੱਖਿਆ। ਸਵੇਰੇ ਤੋਂ ਹੀ ਸਥਾਨਕ ਬਾਜ਼ਾਰਾਂ ਵਿੱਚ ਦੁਕਾਨਾਂ ਦੇ ਸ਼ਟਰ ਥੱਲੇ ਨਜ਼ਰ ਆਏ ਤੇ ਲੋਕ ਸੜਕਾਂ ਉੱਤੇ ਰੋਸ਼ ਮਾਰਚ ਕਰਦੇ ਨਜ਼ਰ ਆਏ ਹਨ ਅਤੇ ‘ਪਾਕਿਸਤਾਨ ਮੁਰਦਾਬਾਦ ਦੇ ਨਾਅਰੇ ਗੂੰਜ ਰਹੇ ਸਨ। ਲੋਕਾਂ ਨੇ ਪਾਕਿਸਤਾਨ ਨੂੰ ਅੱਤਵਾਦ ਦੀ ਜ਼ਮੀਨ ਕਹਿੰਦੇ ਹੋਏ ਭਾਰਤੀ ਸਰਕਾਰ ਨੂੰ ਅਪੀਲ ਕੀਤੀ ਕਿ ਹੁਣ ਸਿਰਫ਼ ਨਿੰਦਾ ਨਹੀਂ, ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ।
ਸਮਰਾਲਾ ਸ਼ਹਿਰ ਵਾਸੀਆਂ ਵੱਲੋਂ ਵੀ ਪਹਿਲਗਾਮ ਅੱਤਵਾਦੀ ਹਮਲੇ ਦੇ ਵਿਰੋਧ ਵਿੱਚ ਸਮਰਾਲਾ ਦੇ ਮੇਨ ਚੌਂਕ ਵਿੱਚ ਪਾਕਿਸਤਾਨ ਦਾ ਪੁਤਲਾ ਫੂਕਿਆ ਗਿਆ। ਇਸ ਤੋਂ ਪਹਿਲਾਂ ਪੂਰੇ ਸ਼ਹਿਰ ਵਿੱਚ ਰੋਸ਼ ਮਾਰਚ ਕੀਤਾ ਗਿਆ। ਅੱਜ ਇਸ ਪ੍ਰਦਰਸ਼ਨ ਵਿੱਚ ਮੁਸਲਮਾਨ ਭਾਈਚਾਰੇ ਵੱਲੋਂ ਵੀ ਵੱਧ ਚੜ ਕੇ ਹਿੱਸਾ ਲਿਆ ਗਿਆ। ਮਸਜਿਦ ਦੇ ਇਮਾਮ ਮੋਹਿਨ ਖਾਨ ਦੀ ਅਗਵਾਈ ਵਿੱਚ ਵੱਡੀ ਗਿਣਤੀ ਵਿੱਚ ਮੁਸਲਮਾਨ ਭਾਈਚਾਰਾ ਇਸ ਰੋਸ਼ ਪ੍ਰਦਰਸ਼ਨ ਵਿੱਚ ਪਹੁੰਚਿਆ ਅਤੇ ਪਾਕਿਸਤਾਨ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ। ਸ਼ਹਿਰ ਵਾਸੀਆਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ , ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਤੋਂ ਸਖਤ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ।
ਅੱਜ ਪਠਾਨਕੋਟ ਵਿੱਚ ਵਪਾਰ ਮੰਡਲ ਨੇ ਐਲਾਨ ਕੀਤਾ ਕਿ ਪਠਾਨਕੋਟ ਵਿੱਚ ਦੁਕਾਨਾਂ ਬੰਦ ਰਹਿਣਗੀਆਂ ਅਤੇ ਜੇਕਰ ਕੋਈ ਦੁਕਾਨ ਖੁੱਲ੍ਹੀ ਹੈ ਤਾਂ ਉਸਨੂੰ ਬੰਦ ਕਰ ਦਿੱਤਾ ਜਾਵੇਗਾ। ਪੰਜਾਬ ਭਾਜਪਾ ਦੇ ਸਾਬਕਾ ਮੁਖੀ ਅਤੇ ਪਠਾਨਕੋਟ ਦੇ ਵਿਧਾਇਕ ਅਸ਼ਵਨੀ ਸ਼ਰਮਾ ਵੀ ਉੱਥੇ ਯੋਗਦਾਨ ਪਾਉਣ ਲਈ ਪਹੁੰਚੇ ਅਤੇ ਲੋਕਾਂ ਨੂੰ ਅਪੀਲ ਕੀਤੀ ਕਿ ਇਸ ਮੁਸ਼ਕਲ ਸਮੇਂ ਵਿੱਚ ਸਾਰਿਆਂ ਨੂੰ ਇੱਕਜੁੱਟ ਹੋ ਕੇ ਅੱਗੇ ਆਉਣਾ ਚਾਹੀਦਾ ਹੈ। ਉਨ੍ਹਾਂ ਨੇ ਦੇਸ਼ ਵਾਸੀਆਂ ਨੂੰ ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਵਿਰੁੱਧ ਇੱਕਜੁੱਟ ਹੋਣ ਦੀ ਅਪੀਲ ਕੀਤੀ। ਉਨ੍ਹਾਂ ਕੇਂਦਰ ਸਰਕਾਰ ਵੱਲੋਂ ਲਏ ਗਏ ਫੈਸਲਿਆਂ ਨੂੰ ਸਹੀ ਦੱਸਿਆ।
- PTC NEWS