Wed, Jan 15, 2025
Whatsapp

Sri Guru Tegh Bahadur Ji : ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਵਸ 'ਤੇ ਵਿਸ਼ੇਸ਼

Sri Guru Tegh Bahadur Ji Shaheedi Diwas : ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਵਿੱਤਰ ਜੀਵਨ ਦੀ ਤਰ੍ਹਾਂ ਆਪ ਜੀ ਦੀ ਰਚੀ ਬਾਣੀ ਵਿਚ ਵੀ ਬਲਵਾਣ ਪ੍ਰੇਰਣਾ ਸਰੋਤ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ 15 ਰਾਗਾਂ ਵਿਚ ਦਰਜ਼ ਬਾਣੀ 59 ਸ਼ਬਦ ਅਤੇ 57 ਸਲੋਕ ਅੰਕਿਤ ਹਨ।

Reported by:  PTC News Desk  Edited by:  KRISHAN KUMAR SHARMA -- December 06th 2024 10:43 AM -- Updated: December 06th 2024 10:48 AM
Sri Guru Tegh Bahadur Ji : ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਵਸ 'ਤੇ ਵਿਸ਼ੇਸ਼

Sri Guru Tegh Bahadur Ji : ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਵਸ 'ਤੇ ਵਿਸ਼ੇਸ਼

Hind di Chadar Sri Guru Tegh Bahadur Ji : ਧੰਨ ਗੁਰੂ ਨਾਨਕ ਸਾਹਿਬ ਜੀ ਦੁਆਰਾ ਸਾਜਿਆ ਨਿਰਮਲ ਪੰਥ ਜਿਸ ਨੂੰ ਸਮੁੱਚੀ ਮਾਨਵਤਾ ਦਾ ਸਾਂਝਾ ਧਰਮ ਕਿਹਾ ਜਾਂਦਾ ਹੈ, ਜਿਸ ਧਰਮ ਦਾ ਬਹੁਤ ਹੀ ਪਿਆਰਾ ਸੰਦੇਸ਼

"ਅਵਲਿ ਅਲਹ ਨੂਰੁ ਉਪਾਇਆ ਕੁਦਰਤਿ ਕੇ ਸਭ ਬੰਦੇ ॥


ਏਕ ਨੂਰ ਤੇ ਸਭੁ ਜਗੁ ਉਪਜਿਆ ਕਉਨ ਭਲੇ ਕੋ ਮੰਦੇ ॥੧॥"

ਇੰਨਾ ਹੀ ਨਹੀਂ :

"ਕੋਈ ਬੋਲੈ ਰਾਮ ਰਾਮ ਕੋਈ ਖੁਦਾਇ ॥ 

ਕੋਈ ਸੇਵੈ ਗੁਸਈਆ ਕੋਈ ਅਲਾਹਿ ॥੧॥"

ਦਾ ਸਿਧਾਂਤ ਸਮੁਚੀ ਮਾਨਵਤਾ ਦੇ ਸਾਹਮਣੇ ਜੱਗ ਜ਼ਾਹਿਰ ਹੈ। ਇਹ ਸਿਧਾਂਤ ਕੇਵਲ ਆਪਣੇ ਤੱਕ ਹੀ ਸੀਮਿਤ ਨਹੀਂ ਸਗੋਂ ਦੂਸਰਿਆਂ ਦੇ ਧਰਮ, ਸਿਧਾਂਤ ਨੂੰ ਬਚਾਉਣ ਦੀ ਖਾਤਿਰ, ਉਨ੍ਹਾਂ ਦੀ ਆਜਾਦੀ ਕਾਇਮ ਰੱਖਣ ਦੇ ਲਈ ਗੁਰੂ ਸਾਹਿਬਾਨਾਂ ਵਲੋਂ ਆਪਣਾ ਆਪ ਕੁਰਬਾਣ ਕਰ ਦੇਣਾ ਇਹ ਵੀ ਗੁਰੂ ਨਾਨਕ ਸਾਹਿਬ ਦੇ ਘਰ ਦੇ ਸਿਧਾਂਤ ਸਿਖਾਉਂਦੇ ਹਨ।

ਦੁਨੀਆ ਦੇ ਵਿਚ ਅਜਿਹੇ ਰਹਿਬਰ ਬਹੁਤ ਘੱਟ ਹੋਏ ਹਨ ਜਿਨ੍ਹਾਂ ਨੇ ਲੋਕਾਂ ਦੇ ਹਿੱਤ ਵਿਚ, ਉਨਹਾਂ ਲਈ ਆਪਣਾ ਆਪ ਕੁਰਬਾਨ ਕੀਤਾ ਹੋਵੇ। ਅਜਿਹੇ ਰਹਿਬਰ ਜਿਨ੍ਹਾਂ ਨੇ ਆਪਣੇ ਧਰਮ ਦੇ ਲਈ ਨਹੀਂ, ਸਗੋਂ ਦੂਸਰੇ ਧਰਮ ਦੀ ਆਜ਼ਾਦੀ ਅਤੇ ਰੱਖਿਆ ਲਈ ਆਪਣਾ ਆਪ ਕੁਰਬਾਨ ਕਰ ਦਿੱਤਾ। ਅਜਿਹੇ ਰਹਿਬਰ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜਿਨ੍ਹਾਂ ਨੂੰ ਹਿੰਦ ਦੀ ਚਾਦਰ ਕਹਿ ਕੇ ਸਨਮਾਣ ਦਿਤਾ ਜਾਂਦਾ ਹੈ। ਇਹ ਕੁਰਬਾਨੀ ਭਾਵੇਂ ਬਾਹਰੀ ਤੌਰ ਉਤੇ ਹਿੰਦੂ ਧਰਮ ਦੀ ਰਾਖੀ ਲਈ ਕਹੀ ਜਾਂਦੀ ਹੈ। ਪਰੰਤੂ ਇਹ ਤਾਂ ਸਾਰੀ ਲੋਕਾਈ ਦੀ ਧਾਰਮਿਕ ਅਜ਼ਾਦੀ ਲਈ ਦਿੱਤੀ ਗਈ ਕੁਰਬਾਨੀ ਸੀ। ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਪ੍ਰਕਾਸ਼ ਅਪ੍ਰੈਲ 1621 ਈ. ਨੂੰ ਪਿਤਾ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ, ਮਾਤਾ ਨਾਨਕੀ ਜੀ ਦੇ ਘਰ, ਗੁਰੂ ਕੇ ਮਹਿਲ ਸ੍ਰੀ ਅੰਮ੍ਰਿਤਸਰ ਵਿਖੇ ਹੋਇਆ। ਆਪ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਸਭ ਤੋਂ ਛੋਟੇ ਸਾਹਿਬਜ਼ਾਦੇ ਸਨ। 

ਆਪ ਜੀ ਦੀ ਪਰਵਰਿਸ਼ ਮਹਾਨ ਸਿੱਖ ਬਾਬਾ ਬੁੱਢਾ ਜੀ ਅਤੇ ਭਾਈ ਗੁਰਦਾਸ ਜੀ ਦੀ ਦੇਖ ਰੇਖ ਵਿਚ ਹੋਈ। ਗੁਰੂ ਪਿਤਾ ਜੀ ਵਲੋਂ ਆਪ ਜੀ ਦਾ ਨਾਮ ਤੇਗ ਮੱਲ ਰੱਖਿਆ ਗਿਆ। ਵੇਖਦਿਆਂ-ਵੇਖਦਿਆਂ ਗੁਰੂ ਸਾਹਿਬ ਸੁੰਦਰ, ਬਲਵਾਨ, ਵਿਦਵਾਨ, ਯੋਧੇ, ਧਰਮ ਅਤੇ ਰਾਜਨੀਤੀ ਦੇ ਗਿਆਤਾ ਬਣ ਗਏ। 14 ਸਾਲ ਦੀ ਉਮਰ ਵਿਚ ਪਿਤਾ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਅਗਵਾਈ ਵਿਚ ਆਪ ਜੀ ਵਲੋਂ ਕਰਤਾਰਪੁਰ ਦੇ ਜੰਗ ਵਿਚ ਆਪ ਜੀ ਵਲੋਂ ਵਿਖਾਈ ਗਈ ਬਹਾਦਰੀ ਨੇ ਸਭ ਨੂੰ ਹੈਰਾਨ ਕਰ ਦਿੱਤਾ। ਜਿਸ ਦੇ ਸਦਕਾ ਗੁਰੂ ਪਿਤਾ ਜੀ ਵਲੋਂ ਆਪ ਜੀ ਦਾ ਨਾਮ ਤੇਗ ਮੱਲ ਤੋਂ ਤੇਗ ਬਹਾਦਰ ਰੱਖ ਦਿੱਤਾ।

ਸਮਾਂ ਬੀਤਿਆ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਵਿਆਹ ਲਾਲ ਚੰਦ ਦੀ ਸਪੁੱਤਰੀ ਗੁਜ਼ਰੀ ਜੀ ਨਾਲ ਹੋਇਆ। ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਆਪਣੇ ਨਾਨਕੇ ਪਿੰਡ ਬਕਾਲੇ ਆ ਗਏ। ਬਕਾਲੇ ਆ ਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਅਡੋਲ ਚਿੱਤ ਰਹਿ ਕੇ ਪ੍ਰਮਾਤਮਾ ਦੀ ਈਬਾਦਤ ਵਿਚ ਜੁੜੇ ਰਹਿੰਦੇ ਅਤੇ ਬਹੁਤ ਹੀ ਸਾਦਾ ਤੇ ਸੁੱਖ ਭਰਪੂਰ ਗ੍ਰਹਸਥੀ ਜੀਵਨ ਬਤੀਤ ਕਰਦੇ। ਉਧੱਰ ਅੱਠਵੇਂ ਪਾਤਸ਼ਾਹ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਿੱਲੀ ਵਿਖੇ ਜੋਤੀ ਜੋਤ ਸਮਾ ਗਏ ਤੇ ਉਨ੍ਹਾਂ ਹਦਾਇਤ ਕੀਤੀ “ਬਾਬਾ ਬਸੈ ਗਰਾਮ ਬਕਾਲੈ” ਭਾਵ ਗੁਰਗੱਦੀ ਦਾ ਮਾਲਕ ਬਕਾਲੇ ਵਿਚ ਹੈ। ਇਹ ਸੁਣ ਕੇ ਦੱਭੀ ਤੇ ਪਖੰਡੀ ਗੁਰੂ ਗੱਦੀ ਦੇ ਦਾਵੇਦਾਰ ਬਣ ਕੇ ਬਕਾਲੇ ਦੀ ਧਰਤੀ ਤੇ ਆ ਇਕੱਠੇ ਹੋਏ। ਧੀਰ ਮੱਲ ਵਰਗੇ ਪਖੰਡੀਆਂ ਨੇ ਲੋਕਾਂ ਤੋਂ ਮੱਥੇ ਟੀਕਾੳੇਣੇ ਸ਼ੁਰੂ ਕਰ ਦਿੱਤੇ। ਅਖੀਰ ਗੁਰੂ ਸਾਹਿਬ ਜੀ ਦਾ ਸ਼ਰਧਾਲੂ ਸਿੱਖ ਮੱਖਣ ਸ਼ਾਹ ਲੁਬਾਣਾ ਬਕਾਲੇ ਦੀ ਧਰਤੀ ਤੇ ਆਇਆ ਤੇ ਸੱਚੇ ਗੁਰੂ ਦੀ ਭਾਲ ਕਰਨ ਉਪਰੰਤ ਕੋਠੇ ਤੇ ਚੜ੍ਹ ਕੇ ਹੋਕਾ ਦਿੱਤਾ “ਗੁਰ ਲਾਧੋ ਰੇ ਗੁਰ ਲਾਧੋ ਰੇ” ਜਦੋਂ ਸੰਗਤਾਂ ਨੂੰ ਅਸਲੀਅਤ ਦਾ ਪਤਾ ਲੱਗਾ ਤਾਂ ਸੰਗਤਾਂ ਪਖੰਡੀਆਂ ਨੂੰ ਛੱਡ ਕੇ ਸੱਚੇ ਗੁਰੂ ਦੀ ਸ਼ਰਨ ਆ ਗਈਆਂ।

ਉਸ ਸਮੇਂ ਮੁਗਲ ਬਾਦਸ਼ਾਹ ਔਰੰਗਜ਼ੇਬ ਦੇ ਜ਼ਬਰ-ਜ਼ੁਲਮ ਦੇ ਕਹਿਰ ਦਾ ਸਮਾਂ ਸੀ।ਉਹ ਇਸਲਾਮ ਦਾ ਪੱਕਾ ਧਾਰਨੀ ਸੀ ਤੇ ਉਹ ਆਪਣੇ ਰਾਜ ਵਿਚ ਆਮ ਜਨਤਾ ਨੂੰ ਵੀ ਮੁਸਲਮਾਨ ਬਣਾਉਣਾ ਚਾਹੁੰਦਾ ਸੀ। ਉਸਦੇ ਅਜਿਹੇ ਜ਼ੁਲਮ ਤੇ ਅਤਿਆਚਾਰਾਂ ਨਾਲ ਕਸ਼ਮੀਰ ਦੇ ਵਿਚ ਹਾਹਾਕਾਰ ਮੱਚ ਗਈ। ਅਜਿਹੇ ਨਾਜ਼ੁਕ ਸਮੇਂ ਵਿਚ ਲਾਚਾਰ ਤੇ ਬੇਵਿਸ ਪੰਡਿਤ ਗੁਰੂ ਜੀ ਦੀ ਸ਼ਰਨ ਵਿਚ ਸਹਾਇਤਾ ਲਈ ਅਨੰਦਪੁਰ ਸਾਹਿਬ ਵਿਖੇ ਪਹੁੰਚੇ ਅਤੇ ਆਪਣਾ ਦੁੱਖ ਸੁਣਾਇਆ। ਗੁਰੂ ਜੀ ਪੰਡਿਤਾਂ ਦੀ ਬੇਵਸੀ ਅਤੇ ਲਾਚਾਰੀ ਦੀ ਵਿਥਿਆ ਸੁਣ ਕੇ ਅਜੇ ਕੁਰਬਾਨੀ ਦੀ ਲੋੜ ਤੇ ਵਿਚਾਰ ਹੀ ਕਰ ਰਹੇ ਸਨ ਕਿ ਬਾਲਕ ਗੋਬਿੰਦ ਰਾਏ ਜੋ ਕਿ ਅਜੇ 9 ਸਾਲ ਦੇ ਹੀ ਸਨ, ਉਨਹਾਂ ਨੇ ਆਪਣੇ ਵਿਚਾਰ ਪ੍ਰਗਟਾ ਕੇ ਗੁਰੂ ਜੀ ਦੇ ਨਿਸ਼ਚੇ ਨੂੰ ਹੋਰ ਦ੍ਰਿੜ ਕਰ ਦਿੱਤਾ ਕਿ ਆਪ ਤੋਂ ਮਹਾਨ ਤਿਆਗੀ ਤੇ ਬਲੀਦਾਨੀ ਕੋਣ ਹੋ ਸਕਦਾ ਹੈ। ਗੋਬਿੰਦ ਰਾਏ ਦੇ ਵਿਚਾਰਾਂ ਤੋਂ ਪ੍ਰਭਾਵਿਤ ਹੋ ਕਿ ਗੁਰੂ ਜੀ ਨੇ ਕੁਝ ਸਮੇਂ ਬਾਅਦ ਹੀ ਪਰਿਵਾਰ ਤੋਂ ਵਿਦਾਈ ਲਈ ਤੇ ਦਿੱਲੀ ਦੇ ਰਾਹ ਪੈ ਗਏ। 

ਆਗਰੇ ਦੀ ਧਰਤੀ ਤੋਂ ਗੁਰੂ ਸਾਹਿਬ ਜੀ ਨੇ ਆਪਣੀ ਗ੍ਰਿਫਤਾਰੀ ਦਿੱਤੀ। ਔਰੰਗਜ਼ੇਬ ਨੇ ਗੁਰੂ ਸਾਹਿਬ ਜੀ ਨੂੰ ਕੈਦ ਕਰ ਲਿਆ। ਕੈਦ ਵਿਚ ਰਹਿੰਦਿਆਂ ਗੁਰੂ ਸਾਹਿਬ ਜੀ ਨੂੰ ਕਈ ਤਰ੍ਹਾਂ ਦੇ ਲਾਲਚ ਦੇ ਕੇ ਇਸਲਾਮ ਕਬੂਲਣ ਲਈ ਪ੍ਰੇਰਿਤ ਕੀਤਾ ਅਤੇ ਕਰਾਮਾਤ ਦਿਖਾਉਣ ਲਈ ਕਿਹਾ। ਪਰ ਗੁਰੂ ਸਾਹਿਬ ਆਪਣੇ ਈਰਾਦੇ ਤੇ ਅੱਟਲ ਸਨ ਤੇ ਉਹ ਮੁਗਲ ਰਾਜ ਦੀਆਂ ਜੜ੍ਹਾਂ ਉਖੇੜਣ ਲਈ ਕੁਰਬਾਨੀ ਦੇਣ ਲਈ ਤਿਆਰ ਸਨ। ਗੁਰੂ ਸਾਹਿਬ ਜੀ ਨੇ ਜਦ ਔਰੰਗਜ਼ੇਬ ਦੀਆਂ ਗੱਲਾਂ ਮੰਨਣ ਤੋਂ ਇਨਕਾਰ ਕਰ ਦਿੱਤਾ ਤਾਂ ਪਹਿਲਾਂ ਉਨ੍ਹਾ ਦੇ ਸੇਵਕਾਂ ਨੂੰ ਉਨ੍ਹਾਂ ਦੀਆਂ ਅੱਖਾਂ ਦੇ ਸਾਹਮਣੇ ਤਸੀਹੇ ਦੇ ਕੇ ਸ਼ਹੀਦ ਕਰ ਦਿੱਤਾ। ਗੁਰੂ ਕੇ ਪਿਆਰੇ ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਅਤੇ ਭਾਈ ਦਿਆਲਾ ਜੀ ਨੂੰ ਸਤਿਗੁਰਾਂ ਦੀਆਂ ਅੱਖਾਂ ਦੇ ਸਾਹਮਣੇ ਸ਼ਹੀਦ ਕਰ ਦਿੱਤਾ। ਅੰਤ ਨਵੰਬਰ 1675 ਈ. ਨੂੰ ਦਿਲੀ ਦੇ ਚਾਂਦਨੀ ਚੌਂਕ ਵਿਖੇ ਗੁਰੂ ਸਾਹਿਬ ਜੀ ਦਾ ਸੀਸ ਧੜ ਨਾਲੋ ਵੱਖ ਕਰ ਕੇ ਸਤਿਗੁਰਾਂ ਨੂੰ ਸ਼ਹੀਦ ਕਰ ਦਿੱਤਾ। ਇਸ ਤਰਾਂ ਸਿੱਖਾਂ ਦੇ ਨੌਵੇਂ ਸਤਿਗੁਰ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਧਰਮ ਤੇ ਦੇਸ਼ ਨੂੰ ਜ਼ਬਰ ਤੇ ਜ਼ੁਲਮ ਤੋਂ ਬਚਾਉਣ ਦੇ ਲਈ ਆਪਣਾ ਆਪ ਕੁਰਬਾਨ ਕਰ ਦਿੱਤਾ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਬੋਲ ਹਨ :

ਤਿਲੁਕ ਜੰਞੂ ਰਾਖਾ ਪ੍ਰਭ ਤਾ ਕਾ॥ ਕੀਨੋ ਬਡੋ ਕਲੂ ਮਹਿ ਸਾਕਾ ॥ 

ਸਾਧਨੁ ਹੇਤਿ ਇਤੀ ਜਿਨਿ ਕਰੀ॥ ਸੀਸੁ ਦੀਆ ਪਰ ਸੀ ਨ ਉਚਰੀ ॥

ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਵਿੱਤਰ ਜੀਵਨ ਦੀ ਤਰ੍ਹਾਂ ਆਪ ਜੀ ਦੀ ਰਚੀ ਬਾਣੀ ਵਿਚ ਵੀ ਬਲਵਾਣ ਪ੍ਰੇਰਣਾ ਸਰੋਤ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ 15 ਰਾਗਾਂ ਵਿਚ ਦਰਜ਼ ਬਾਣੀ 59 ਸ਼ਬਦ ਅਤੇ 57 ਸਲੋਕ ਅੰਕਿਤ ਹਨ। ਗੁਰੂ ਸਾਹਿਬ ਜੀ ਨੇ ਆਪਣੀ ਬਾਣੀ ਦੇ ਵਿਚ ਨਾਮ ਦੀ ਮਹੱਤਤਾ, ਪ੍ਰਭੂ ਸਿਮਰਨ ਤੇ ਜ਼ੋਰ, ਸਦਾਚਾਰੀ ਜੀਵਨ ਦੀ ਵਿਸ਼ੇਸ਼ਤਾ, ਸਾਧ ਸੰਗਤ ਤੇ ਭਜਨ ਬੰਦਗੀ ਦੀ ਮਹੱਤਤਾ ਆਦਿ ਵਿਸ਼ਿਆ ਤੇ ਭਰਪੂਰ ਬਲ ਦਿੱਤਾ ਹੈ। ਆਉ ਗੁਰੂ ਸਾਹਿਬ ਜੀ ਦੀ ਸਮੁੱਚੀ ਬਾਣੀ ਦੇ ਰਾਂਹੀ ਸਤਿਗੁਰਾਂ ਦੇ ਦੀਦਾਰ ਕਰੀਏ ਤੇ ਸਮੁਚੇ ਸੰਸਾਰ ਨੂੰ ਗੁਰੂ ਸਾਹਿਬ ਜੀ ਦੇ ਜੀਵਨ ਅਤੇ ਇਤਿਹਾਸ ਤੋਂ ਜਾਣੂ ਕਰਵਾਈਏ।

- PTC NEWS

Top News view more...

Latest News view more...

PTC NETWORK