ਸਿੱਖ ਧਰਮ ਦੇ ਮੋਢੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ, ਜਾਣੋ ਪ੍ਰਕਾਸ਼ ਪੁਰਬ ਬਾਰੇ ਕੁੱਝ ਖ਼ਾਸ ਗੱਲਾਂ
ਸਿੱਖ ਧਰਮ ਦੇ ਮੋਢੀ ਸ੍ਰੀ ਗੁਰੂ ਨਾਨਕ ਦੇਵ ਜੀ (Guru Nanak Dev Ji) ਦਾ ਅੱਜ 555ਵਾਂ ਪ੍ਰਕਾਸ਼ ਪੁਰਬ ਮਨਾਇਆ ਜਾ ਰਿਹਾ ਹੈ। ਸਿੱਖਾਂ ਲਈ ਗੁਰੂ ਨਾਨਕ ਜੈਯੰਤੀ (Gurpurab 2024) ਇੱਕ ਵੱਡਾ ਤਿਉਹਾਰ ਹੈ। ਸ੍ਰੀ ਗੁਰੂ ਨਾਨਕ ਜੀ ਸਿੱਖ ਧਰਮ ਦੇ ਸੰਸਥਾਪਕ ਅਤੇ ਪਹਿਲੇ ਸਿੱਖ ਗੁਰੂ ਸਨ। ਇਸ ਦਿਨ ਨੂੰ ਪ੍ਰਕਾਸ਼ ਪੁਰਬ ਜਾਂ ਫਿਰ ਗੁਰੂ ਪੁਰਬ ਵੀ ਕਹਿੰਦੇ ਹਨ। ਇਹ ਹਰ ਸਾਲ ਕੱਤਕ ਮਹੀਨੇ ਦੀ ਪੂਰਨਮਾਸ਼ੀ ਨੂੰ ਧੂਮਧਾਮ ਨਾਲ ਮਨਾਇਆ ਜਾਂਦਾ ਹੈ।
ਸਿੱਖ ਧਰਮ ਦੀ ਸਥਾਪਨਾ ਗੁਰੂ ਨਾਨਕ ਦੇਵ ਜੀ ਨੇ ਕੀਤੀ ਸੀ। ਇਸ ਦਿਨ ਸਿੱਖ ਧਰਮ ਦੇ ਲੋਕ ਗੁਰਦੁਆਰੇ ਵਿੱਚ ਪ੍ਰਭਾਤ ਫੇਰੀ ਕਰਕੇ ਅਰਦਾਸ ਕਰਦੇ ਹਨ। ਇਸ ਮੌਕੇ ਸ਼ਬਦ ਕੀਰਤਨ ਕੀਤਾ ਜਾ ਰਿਹਾ ਹੈ ਅਤੇ ਕਈ ਥਾਵਾਂ 'ਤੇ ਸੰਗਤਾਂ ਦੇ ਸਹਿਯੋਗ ਨਾਲ ਨਗਰ ਕੀਰਤਨ ਸਜਾਇਆ ਜਾਂਦਾ ਹੈ। ਇਸ ਦੌਰਾਨ ਗੁਰਦੁਆਰਿਆਂ ਵਿੱਚ ਸੰਗਤਾਂ ਦਾ ਠਾਠਾ ਮਾਰਦਾ ਹੋਇਆ ਇਕੱਠ ਵੇਖਣ ਨੂੰ ਮਿਲਿਆ ਹੈ।
ਗੁਰੂ ਨਾਨਕ ਜੈਅੰਤੀ ਦਾ ਇਤਿਹਾਸ ਸਿੱਖਾਂ ਦੇ ਪਹਿਲੇ ਗੁਰੂ ਸ੍ਰੀ ਨਾਨਕ ਦੇਵ ਜੀ ਦਾ ਜਨਮ 15 ਅਪ੍ਰੈਲ 1469 ਨੂੰ ਰਾਇ ਭੋਇ ਦੀ ਤਲਵੰਡੀ (ਪਾਕਿਸਤਾਨ) 'ਚ ਪਿਤਾ ਮਹਿਤਾ ਕਾਲੂ ਅਤੇ ਮਾਤਾ ਤ੍ਰਿਪਤਾ ਜੀ ਦੇ ਘਰ ਹੋਇਆ ਸੀ। ਅੱਜ ਇਸ ਥਾਂ ਨੂੰ ਨਨਕਾਣਾ ਸਾਹਿਬ ਦੇ ਨਾਂ ਨਾਲ ਜਾਣਿਆ ਜਾਂਦਾ ਹੈ ,ਜੋ ਅੱਜ ਪਾਕਿਸਤਾਨ ਵਿੱਚ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਉਸ ਸਮੇਂ ਹੋਇਆ, ਜਦੋਂ ਦੇਸ਼ ਵਿੱਚ ਜਾਤ-ਪਾਤ, ਉੱਚ-ਨੀਚ ਬੋਲਬਾਲਾ ਸੀ। ਸ੍ਰੀ ਗੁਰੂ ਨਾਨਕ ਦੇਵ ਜੀ ਦੀ ਵੱਡੀ ਭੈਣ ਦਾ ਨਾਂ ਬੇਬੇ ਨਾਨਕੀ ਸੀ। ਜਦੋਂ ਗੁਰੂ ਨਾਨਕ ਦੇਵ ਜੀ ਨੂੰ ਪਾਂਧੇ ਕੋਲ ਪੜ੍ਹਨ ਲਈ ਭੇਜਿਆ ਤਾਂ ਗੁਰੂ ਜੀ ਨੇ ਪਾਂਧੇ ਨੂੰ ਹੀ ਆਪਣੀ ਚਮਤਕਾਰੀ ਸੂਝ-ਬੂਝ ਨਾਲ ਪੜ੍ਹਨੇ ਪਾ ਦਿੱਤਾ।
ਗੁਰੂ ਨਾਨਕ ਦੇਵ ਜੀ ਕੌਣ ਸਨ ?
ਜਦੋਂ ਗੁਰੂ ਨੂੰ ਜਨੇਊ ਪਾਉਣ ਲਈ ਕਿਹਾ ਗਿਆ ਤਾਂ ਇਸ ਨੂੰ ਗੁਰੂ ਨੇ ਇਕ ਝੂਠੀ ਰਸਮ ਕਹਿੰਦੇ ਹੋਏ ਜਨੇਉ ਪਾਉਣ ਤੋਂ ਇੰਨਕਾਰ ਕਰ ਦਿੱਤਾ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਿਤਾ ਨੇ ਗੁਰੂ ਜੀ ਨੂੰ ਪਸ਼ੂ ਚਰਾਉਣ ਭੇਜਿਆ ਤਾਂ ਆਪ ਪ੍ਰਮਾਤਮਾ ਦੀ ਭਗਤੀ ਵਿੱਚ ਲੀਨ ਰਹਿੰਦੇ ਤੇ ਪਸ਼ੂ ਲੋਕਾਂ ਦੇ ਖੇਤ ਚਰ ਜਾਂਦੇ ਸੀ ਅਤੇ ਲੋਕ ਗੁਰੂ ਜੀ ਦੇ ਪਿਤਾ ਨੂੰ ਆ ਕੇ ਉਲਾਂਭੇ ਦਿੰਦੇ ਰਹਿੰਦੇ ਸਨ। ਗੁਰੂ ਜੀ ਦੇ ਪਿਤਾ ਚਾਹੁੰਦੇ ਸਨ ਕਿ ਉਨ੍ਹਾਂ ਦਾ ਪੁੱਤਰ ਇਕ ਚੰਗਾ ਵਪਾਰੀ ਬਣੇ। ਇਸ ਲਈ ਉਨ੍ਹਾਂ ਨੇ ਵਪਾਰ ਕਰਨ ਲਈ ਗੁਰੂ ਜੀ ਨੂੰ 20 ਰੁਪਏ ਦਿੱਤੇ ਪਰ ਗੁਰੂ ਜੀ ਨੇ ਉਹਨਾਂ 20 ਰੁਪਇਆ ਦਾ ਭੁੱਖੇ ਸਾਧੂਆਂ ਨੂੰ ਲੰਗਰ ਖੁਆ ਦਿੱਤਾ ਤੇ ਆਪਣੇ ਪਿਤਾ ਜੀ ਨੂੰ ਕਿਹਾ ਕਿ ਉਹ ਸੱਚਾ ਸੌਦਾ ਕਰਕੇ ਆਏ ਹਨ।
ਇਸ 'ਤੇ ਗੁਰੂ ਜੀ ਦੇ ਪਿਤਾ ਜੀ ਬਹੁਤ ਨਰਾਜ਼ ਹੋਏ ਅਤੇ ਗੁਰੂ ਜੀ ਨੂੰ ਭੈਣ ਬੇਬੇ ਨਾਨਕੀ ਕੋਲ ਸੁਲਤਾਨਪੁਰ ਭੇਜ ਦਿੱਤਾ ਸੀ। ਜਿੱਥੇ ਉਨ੍ਹਾਂ ਦੇ ਜੀਜੇ ਜੈ ਰਾਮ ਨੇ ਨਵਾਬ ਦੌਲਤ ਖਾਂ ਲੋਧੀ ਦੇ ਮੋਦੀਖਾਨੇ ਵਿੱਚ ਗੁਰੂ ਜੀ ਨੂੰ ਨੌਕਰੀ 'ਤੇ ਲਵਾ ਦਿੱਤਾ। ਇੱਥੇ ਗੁਰੂ ਜੀ ਨੇ ਦਿਲ ਖੋਲ੍ਹ ਕੇ ਲੋਕਾਂ ਨੂੰ ਰਾਸ਼ਨ ਦਿੱਤਾ ਤੇ ਸਭ ਨੂੰ ਤੇਰਾ -ਤੇਰਾ ਕਹਿ ਕੇ ਤੋਲਦੇ ਸਨ ਅਤੇ ਆਪਣੀ ਕਮਾਈ ਦਾ ਵੀ ਕਾਫ਼ੀ ਹਿੱਸਾ ਲੋਕਾਂ ਵਿੱਚ ਵੰਡ ਦਿੰਦੇ ਸਨ। ਇਸ ਦੌਰਾਨ ਗੁਰੂ ਨਾਨਕ ਦੇਵ ਜੀ ਦਾ ਵਿਆਹ ਬਟਾਲਾ ਦੇ ਖੱਤਰੀ ਮੂਲ ਚੰਦ ਦੀ ਸਪੁੱਤਰੀ ਬੀਬੀ ਸੁਲੱਖਣੀ ਨਾਲ ਹੋਇਆ। ਗੁਰੂ ਜੀ ਇਕ ਦਿਨ ਵੇਈਂ ਨਦੀ ਵਿੱਚ ਇਸ਼ਨਾਨ ਕਰਨ ਗਏ ਅਲੋਪ ਹੋ ਗਏ ਅਤੇ ਤਿੰਨ ਦਿਨ ਬਾਅਦ ਪ੍ਰਗਟ ਹੋਏ। ਇਸ ਦੌਰਾਨ ਗੁਰੂ ਜੀ ਨੂੰ ਬ੍ਰਹਮ ਗਿਆਨ ਦੀ ਪ੍ਰਾਪਤੀ ਹੋਈ। ਆਪ ਨੇ ਇਕੋ ਸ਼ਬਦ ਦਾ ਅਲਾਪ ਕੀਤਾ। ਨਾ ਕੋਈ ਹਿੰਦੂ ਨਾ ਕੋਈ ਮੁਸਲਮਾਨ।
ਸ੍ਰੀ ਗੁਰੂ ਨਾਨਕ ਦੇਵ ਜੀ ਨੇ ਚਾਰੇ ਦਿਸ਼ਾਵਾਂ ਦੀਆਂ ਉਦਾਸੀਆਂ ਕੀਤੀਆਂ। ਇਨ੍ਹਾਂ ਉਦਾਸੀਆਂ ਦੌਰਾਨ ਆਪ ਨੇ ਛੂਤ-ਛਾਤ, ਵਹਿਮਾਂ-ਭਰਮਾਂ, ਕਰਮ ਕਾਡਾਂ ਦੇ ਵਿਰੁੱਧ ਪ੍ਰਚਾਰ ਕੀਤਾ ਅਤੇ ਕੌਡੇ ਰਾਕਸ਼, ਮਲਿਕ ਭਾਗੋ, ਸੱਜਣ ਠੱਗ ਅਤੇ ਵਲੀ ਕੰਧਾਰੀ ਵਰਗਿਆਂ ਨੂੰ ਸਿੱਧੇ ਰਾਹ ਪਾਇਆ। ਗੁਰੂ ਜੀ ਦੀ ਸਾਰੀ ਸਿੱਖਿਆ ਤਿੰਨ ਸਿਧਾਂਤਾਂ ‘ਤੇ ਅਧਾਰਿਤ ਹੈ। ਉਹ ਹਨ – ਨਾਮ ਜਪੋ, ਕਿਰਤ ਕਰੋ ਤੇ ਵੰਡ ਕੇ ਛਕੋ। ਆਪ ਨੇ ਆਪਣੇ ਜੀਵਨ ਦੌਰਾਨ ਬਹੁਤ ਸਾਰੀ ਬਾਣੀ ਰਚੀ ਜੋ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ। ਸ੍ਰੀ ਗੁਰੂ ਨਾਨਕ ਦੇਵ ਜੀ 1539 ਈ: ਵਿਚ ਕਰਤਾਰਪੁਰ ਵਿਖੇ ਭਾਈ ਲਹਿਣਾ ਜੀ ਨੂੰ ਗੁਰ ਗੱਦੀ ਸੌਂਪ ਕੇ ਜੋਤੀ ਜੋਤਿ ਸਮਾ ਗਏ ਸਨ।
- PTC NEWS