ਸ੍ਰੀ ਗੁਰੂ ਨਾਨਕ ਦੇਵ ਜੀ ਦੇ 3 ਸਿਧਾਂਤ ਕਿਹੜੇ ਹਨ ? ਪੜ੍ਹੋ ਪੂਰੀ ਖਬਰ
Guru Nanak Dev ji 555th Parkash Purab : ਸਤਿਗੁਰੂ ਨਾਨਕ ਪ੍ਰਗਟਿਆ ਮਿਟੀ ਧੁੰਦ ਜਗੁ ਚਾਨਣ ਹੋਆ। ਗੁਰੂ ਨਾਨਕ ਦੇਵ ਜੀ ਜਿੰਨ੍ਹਾਂ ਨੁੰ ਅਕਸਰ ਹੀ ਆਮ ਧਾਰਨਾ ਤਹਿਤ ਸਿੱਖਾਂ ਦੇ ਪਹਿਲੇ ਗੁਰੁ ਮੰਨਿਆ ਜਾਂਦਾ ਹੈ, ਪਰ ਅਸਲ ਵਿਚ ਉਹ ਸਿੱਖਾਂ ਦੇ ਹੀ ਨਹੀਂ ਬਲਕਿ ਜਗਤ ਗੁਰੂ ਹਨ। ਗੁਰੂ ਨਾਨਕ ਦੇਵ ਜੀ ਨੇ ਹਮੇਸ਼ਾ ਕਦੇ ਵੀ ਕਿਸੇ ਇੱਕ ਦੀ ਗੱਲ ਨਹੀਂ ਕੀਤੀ, ਬਲਕਿ ਪੂਰੀ ਮਨੁੱਖਤਾ ਦਾ ਭਲਾ ਮੰਗਿਆ। ਗੁਰੂ ਸਾਹਿਬ ਕ੍ਰਾਂਤੀਕਾਰੀ ਸੁਭਾਅ ਦੇ ਨਾਲ-ਨਾਲ ਉੱਚ ਦਰਜੇ ਦੇ ਸਮਾਜ ਸੁਧਾਰਕ ਵੀ ਸਨ। ਉਹਨਾਂ ਜ਼ੁਲਮ ਦੇ ਖਿਲਾਫ ਉਸ ਵੇਲੇ ਦੇ ਹਾਕਮ ਨੂੰ ਜਿੱਥੇ ਜ਼ਾਲਿਮ ਦੱਸ ਕੇ ਵੰਗਾਰਿਆ, ਉਥੇ ਹੀ ਗਰੀਬਾਂ ਮਜ਼ਲੁਮਾਂ 'ਤੇ ਹੁੰਦੇ ਜ਼ੁਲਮ ਲਈ ਰੱਬ ਨੂੰ ਵੀ ਮਿਹਣਾ ਮਾਰਿਆ।
ਏਤੀ ਮਾਰ ਪਈ ਕੁਰਲਾਣੇ ਤੈਂ ਕੀ ਦਰਦੁ ਨਾ ਆਇਆ॥
ਗੁਰੂ ਸਾਹਿਬ ਦੇ ਹੱਥੋਂ ੨੦ ਰੁਪਿਆਂ ਦੇ ਲੰਗਰ ਅੱਜ ਵੀ ਪੂਰੀ ਦੁਨੀਆਂ ਵਿਚ ਗਰੀਬ ਗੁਰਬਿਆਂ ਦਾ ਢਿੱਡ ਭਰ ਰਹੇ ਨੇ। ਗੁਰੁ ਸਾਹਿਬ ਸਰਬੱਤ ਦਾ ਭਲਾ ਮੰਗਣ ਦੀ ਭਾਵਨਾ ਅੱਜ ਵੀ 'ਖਾਲਸਾ ਏਡ' ਸਮੇਤ ਅਨੇਕਾਂ ਸੰਸਥਾਵਾਂ ਵਿਚ ਵੇਖੀ ਜਾ ਰਹੀ ਹੈ। ਇਹ ਸੋਚ ਕੇ ਵੀ ਹੈਰਾਨੀ ਹੁੰਦੀ ਹੈ ਕਿ ਗੁਰੂ ਨਾਨਕ ਦੇਵ ਜੀ ਨੇ ਪੈਦਲ ਹੀ ੨੮੦੦੦ ਕਿਲੋ ਮੀਟਰ ਦੀ ਯਾਤਰਾ ਕੀਤੀ ਤੇ ਆਪਣੀ ਇਸ ਯਾਤਰਾ ਦੌਰਾਨ ਉਹਨਾਂ ਸੱਚੀ ਮਨੁੱਖਤਾ ਦਾ ਸੁਨੇਹਾ ਦਿੰਦਿਆਂ, ਜਿੱਥੇ ਪ੍ਰਮਾਤਮਾ ਦੀ ਕੁਦਰਤ ਵੱਲੋਂ ਕੀਤੀ ਜਾਂਦੀ ਆਰਤੀ ਦੁਨੀਆਂ ਸਾਹਮਣੇ ਲਿਆਉਂਦੀ, ਉਥੇ ਹੀ ਔਰਤ ਦੀ ਸਿਫਤ ਕਰਦਿਆਂ ਉਸਨੁੰ ਰਾਜਿਆਂ ਦੀ ਜਨਮ ਦਾਤੀ ਕਿਹਾ।
ਗੁਰੂ ਸਾਹਿਬ ਨੇ ਸਾਰਥਕ ਜ਼ਿਦਗੀ ਦੇ ਤਿੰਨ ਸਿਧਾਂਤ ਦਿੱਤੇ 1.ਨਾਮ ਜੱਪੋ 2.ਵੰਡ ਛੱਕੋ 3.
ਕਿਰਤ ਕਰੋ ਭਾਵ ਉਸ ਪ੍ਰਮਾਤਮਾਂ ਦਾ ਨਾਮ ਜਪਦਿਆਂ, ਮਿਹਨਤ ਕਰੋ , ਕਿਰਤ ਕਰੋ ਤੇ ਲੋੜਵੰਦਾਂ ਦੀ ਮਦਦ ਕਰੋ। ਅਸੀਂ ਜੇਕਰ ਇਹਨਾਂ ਤਿੰਨਾਂ ਸਿਧਾਂਤਾਂ ਨੂੰ ਆਪਣੀ ਜਿੰਦਗੀ ਵਿਚ ਵਸਾ ਲਈਏ ਤਾਂ ਸਾਡਾ ਇਸ ਧਰਤੀ 'ਤੇ ਆਉਣਾ ਸਾਰਥਕ ਹੋ ਜਾਏਗਾ। ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ...ਜਿਨ੍ਹਾਂ ਦਾ ਜਨਮ ੧੪੬੯ ਈ: ਦੇ ਵਿੱਚ ਕੱਤਕ ਦੀ ਪੂਰਨਮਾਸ਼ੀ ਵਾਲੇ ਦਿਨ ਰਾਇ ਭੋਇ ਦੀ ਤਲਵੰਡੀ ਨਨਕਾਣਾ ਸਾਹਿਬ ਵਿਖੇ ਮਹਿਤਾ ਕਾਲੂ ਜੀ ਦੇ ਘਰ ਮਾਤਾ ਤ੍ਰਿਪਤਾ ਜੀ ਦੇ ਕੁੱਖੋਂ ਹੋਇਆ। ਗੁਰੂ ਸਾਹਿਬ ਬਚਪਨ ਤੋਂ ਹੀ ਵੱਖਰੇ ਵਿਚਾਰ ਰੱਖਦੇ ਸੀ ।ਗੁਰੂ ਸਾਹਿਬ ਦੀ ਪਹਿਲੀ ਸਿੱਖਿਆ ਸੀ ਰੱਬ ਇੱਕ ਹੈ ਨਾ ਕੋਈ ਹਿੰਦੂ ਹੈ ਤੇ ਨਾ ਕੋਈ ਮੁਸਮਾਨ ਹੈ।ਗੁਰੂ ਜੀ ਦੇ ਮਾਤਾ ਪਿਤਾ ਗੁਰੂ ਨਾਨਕ ਜੀ ਦੇ ਅਨੋਖੇ ਵਿਚਾਰਾ ਤੋਂ ਕਾਫੀ ਪਰੇਸ਼ਾਨ ਸੀ।
ਗੁਰੂ ਸਾਹਿਬ ਦੇ ਪਿਤਾ ਜੀ ਨੇ ਗੁਰੂ ਸਾਹਿਬ ਦੇ ਵਿਆਹ ਮਾਤਾ ਸੁਲੱਖਣੀ ਜੀ ਨਾਲ ਕਰ ਦਿੱਤਾ ਤਾਂ ਜੋ ਗੁਰੂ ਸਾਹਿਬ ਆਪਣੀ ਗ੍ਰਹਿਸਤੀ ਜੀਵਨ ਵਿੱਚ ਵਿਚਰ ਕੇ ਅਨੌਖੇ ਖਿਆਲ ਛੱਡ ਦੇਣ ਆਮ ਲੋਕਾਂ ਵਾਂਗ ਆਪਣਾ ਜੀਵਨ ਜੀਣ।ਫਿਰ ਗੁਰੂ ਨਾਨਕ ਦੇਵ ਜੀ ਦੇ ਪਿਤਾ ਜੀ ਨੇ ਗੁਰੂ ਸਾਹਿਬ ਨੂੰ ੨੦ ਰੁਪਏ ਦੇ ਕੇ ਸੱਚਾ ਸੌਦਾ ਕਰਨ ਲਈ ਭੇਜਿਆ ਤਾਂ ਗੁਰੂ ਸਾਹਿਬ ਉਹਨਾਂ ੨੦ ਰੁਪਇਆਂ ਦਾ ਭੁੱਖੇ ਸਾਧੂਆਂ ਨੂੰ ਭੋਜਨ ਛਕਾ ਆਏ। ਗੁਰੂ ਸਾਹਿਬ ਨੇ ਲੰਗਰ ਪ੍ਰਥਾ ਚਲਾਈ। ਫਿਰ ਗੁਰੂ ਸਾਹਿਬ ਦੇ ਪਿਤਾ ਜੀ ਮਹਿਤਾ ਕਾਲੂ ਜੀ ਨੇ ਗੁਰੂ ਨਾਨਕ ਦੇਵ ਜੀ ਨੂੰ ਗੁਰੂ ਜੀ ਦੀ ਭੈਣ ਕੋਲ ਸੁਲਤਾਨਪੁਰ ਭੇਜ ਦਿੱਤਾ।ਗੁਰੂ ਜੀ ਦੀ ਭੈਣ ਦਾ ਨਾਮ ਨਾਨਕੀ ਸੀ ਜੋ ਕਿ ਗੁਰੂ ਜੀ ਤੋਂ ੫ ਸਾਲ ਵੱਡੀ ਸੀ ।ਗੁਰੂ ਸਾਹਿਬ ਆਪਣੀ ਭੈਣ ਨਾਨਕੀ ਕੋਲ ਰਹਿ ਕੇ ਦੌਲਤ ਖਾਨ ਲੋਧੀ ਪਾਸ ਕੰਮ ਕਰਨ ਲੱਗੇ।ਉੱਥੇ ਗੁਰੂ ਸਾਹਿਬ ਤੇਰਾਂ ਤੇਰਾਂ ਕਹਿ ਕੇ ਗਰੀਬਾਂ ਨੂੰ ਜ਼ਿਆਦਾ ਸਮਾਨ ਤੋਲ ਦਿੰਦੇ ਸੀ। ਇਸ ਗੱਲ ਦਾ ਪਤਾ ਜਦੋਂ ਦੌਲਤ ਖਾਨ ਨੂੰ ਪਤਾ ਲੱਗਾ ਤਾਂ ਦੌਲਤ ਖਾਨ ਨੇ ਸਾਰਾ ਹਿਸਾਬ ਚੈਕ ਕੀਤਾ। ਸਾਰਾ ਹਿਸਾਬ ਤਾਂ ਠੀਕ ਨਿਕਲਿਆ ਪਰ ਗੁਰੂ ਸਾਹਿਬ ਨੇ ਉਸਦੀ ਨੌਕਰੀ ਛੱਡ ਦਿੱਤੀ।
ਗੁਰੂ ਸਾਹਿਬ ਨੇ ਹਰ ਇੱਕ ਨੂੰ ਉਸ ਪਰਮਾਤਮਾ ਦਾ ਨਾਮ ਸਤਿਨਾਮ ਵਾਹਿਗੁਰੂ ਜੱਪਣ ਲਈ ਕਿਹਾ। ਗੁਰੂ ਸਾਹਿਬ ਨੇ ਸਿੱਖਿਆਵਾਂ 'ਚ ਇਹ ਵੀ ਕਿਹਾ ਕਿ ਪਰਮਾਤਮਾ ਇੱਕ ਹੈ ਤੇ ਜਪੁਜੀ ਸਾਹਿਬ ਦਾ ਉਚਾਰਣ ਕੀਤਾ ੴ ਸਤਿਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ....।
ਆਪ ਸਭ ਨੂੰ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਅਦਾਰਾ ਪੀਟੀਸੀ ਨੈਟਵਰਕ ਵਲੋਂ ਬਹੁਤ ਬਹੁਤ ਮੁਬਾਰਕਾਂ ਜੀ।
- PTC NEWS