Wed, Jan 15, 2025
Whatsapp

ਖਾਲਸਾ ਦੇ ਮਾਤਾ, ਮਾਤਾ ਸਾਹਿਬ ਕੌਰ ਜੀ ਦੇ ਜਨਮ ਦਿਵਸ 'ਤੇ ਵਿਸ਼ੇਸ਼

Reported by:  PTC News Desk  Edited by:  Jasmeet Singh -- November 03rd 2023 04:00 AM
ਖਾਲਸਾ ਦੇ ਮਾਤਾ, ਮਾਤਾ ਸਾਹਿਬ ਕੌਰ ਜੀ ਦੇ ਜਨਮ ਦਿਵਸ 'ਤੇ ਵਿਸ਼ੇਸ਼

ਖਾਲਸਾ ਦੇ ਮਾਤਾ, ਮਾਤਾ ਸਾਹਿਬ ਕੌਰ ਜੀ ਦੇ ਜਨਮ ਦਿਵਸ 'ਤੇ ਵਿਸ਼ੇਸ਼

ਜਿਸ ਸਿੱਖ ਇਸਤਰੀ ਨੂੰ ਖਾਲਸੇ ਦੀ ਮਾਤਾ ਹੋਣ ਦਾ ਮਾਣ ਪ੍ਰਾਪਤ ਹੈ ਉਹ ਮਾਤਾ ਸਾਹਿਬ ਕੌਰ ਜੀ ਹਨ। ਮਾਤਾ ਸਾਹਿਬ ਕੌਰ ਜੀ ਦਾ ਜਨਮ ਨਵੰਬਰ, 1681 ਈ: ਨੂੰ ਭਾਈ ਰਾਮੂ ਜੀ ਦੇ ਘਰ ਮਾਤਾ ਜਸਦੇਈ ਜੀ ਦੀ ਕੁੱਖੋਂ ਰੋਹਤਾਸ, ਜ਼ਿਲ੍ਹਾ ਜਿਹਲਮ (ਹੁਣ ਪਾਕਿਸਤਾਨ) ਵਿਖੇ ਹੋਇਆ ਸੀ। ਉਨ੍ਹਾਂ ਦਾ ਮੁੱਢਲਾ ਨਾਮ ਸਾਹਿਬ ਦੇਵਾਂ ਸੀ। ਮਾਤਾ ਸਾਹਿਬ ਕੌਰ ਬਚਪਨ ਵਿਚ ਹੀ ਪ੍ਰਭੂ ਭਗਤੀ ਵਿਚ ਲੀਨ ਰਹਿੰਦੇ। ਉਹਨਾਂ ਵਿਚ ਬਚਪਨ ਤੋਂ ਹੀ ਉਹ ਸਾਰੇ ਗੁਣ ਸਨ ਜੋ ਕਿਸੇ ਸਦਾਚਾਰੀ ਮਨੁੱਖ ਵਿਚ ਪਾਏ ਜਾਂਦੇ ਹਨ: 1. ਸੁਡੋਲ ਸਰੀਰ, 2. ਨੂਰਾਨੀ ਆਤਮਾ 3. ਹੱਸਦਾ ਚਿਹਰਾ 4. ਬੋਲਾਂ ਵਿੱਚ ਬੇਹੱਦ ਮਿਠਾਸ, ਨਿਮਰਤਾ, ਸਬਰ, ਸੰਤੋਖ ਤੇ ਖਿਮਾ ਆਦਿ ਜਿਸ ਕਰਕੇ ਉਹ ਸਿਰਫ ਪਰਿਵਾਰ ਦੇ ਨਹੀਂ ਸਗੋਂ ਪੂਰੇ ਪਿੰਡ ਦੇ ਹੀ ਹਰਮਨ ਪਿਆਰੇ ਸਨ। ਇਹ ਬਚਪਨ ਤੋਂ ਹੀ ਗੁਰੂ ਘਰ ਨਾਲ ਜੁੜੇ ਹੋਏ ਸਨ। ਜਦੋਂ ਥੋੜੇ ਵੱਡੇ ਹੋਏ ਤਾਂ ਜਪੁਜੀ ਸਾਹਿਬ, ਰਹਿਰਾਸ ਸਾਹਿਬ, ਕੀਰਤਨ ਸੋਹਿਲਾ ਤੇ ਬਹੁਤ ਸਾਰੇ ਸ਼ਬਦ ਕੰਠ ਕਰ ਲਏ ਸਨ। ਆਵਾਜ਼ ਵਿਚ ਇਤਨੀ ਮਿਠਾਸ ਕਿ ਜਦ ਆਪਣੇ ਗੁਰਦੁਆਰੇ ਕੀਰਤਨ ਕਰਦੇ ਤਾਂ ਸੰਗਤਾਂ ਨਿਹਾਲ ਹੋ ਜਾਂਦੀਆਂ। ਉਹ ਹਮੇਸ਼ਾ ਗੁਰੂ ਗੋਬਿੰਦ ਸਿੰਘ ਜੀ ਦੀਆਂ ਗੱਲਾਂ ਕਰਦੇ ਰਹਿੰਦੇ ਸਨ। ਲੋਕ ਉਹਨਾਂ ਨੂੰ ਪਿਆਰ ਨਾਲ ਮਾਤਾ ਜੀ ਕਹਿ ਕੇ ਬੁਲਾਉਂਦੇ ਸਨ। ਸੰਨ 1700 ਈ: ਵਿਚ ਉਨ੍ਹਾਂ ਦਾ ਸਾਰਾ ਪਰਿਵਾਰ ਤੇ ਰੋਹਤਾਸ ਦੀਆਂ ਸੰਗਤਾਂ ਕਲਗੀਧਰ ਜੀ ਦੇ ਦਰਸ਼ਨਾਂ ਲਈ ਸ੍ਰੀ ਅਨੰਦਪੁਰ ਸਾਹਿਬ ਪੁੱਜੀਆਂ।ਸਾਰੇ ਪਰਿਵਾਰ ਤੇ ਸੰਗਤਾਂ ਨੇ ਗੁਰੂ ਸਾਹਿਬ ਤੋਂ ਖੰਡੇ ਬਾਟੇ ਦੀ ਪਾਹੁਲ ਲੈ ਕੇ ਸਿੱਖੀ ਧਾਰਨ ਕੀਤੀ। ਕੁਝ ਦਿਨ ਅਨੰਦਪੁਰ ਸਾਹਿਬ ਵਿਖੇ ਠਹਿਰਨ ਪਿੱਛੋਂ ਸੰਗਤਾਂ ਨਾਲ ਸਲਾਹ ਕਰਕੇ ਭਾਈ ਰਾਮੂ ਜੀ ਨੇ ਭਰੇ ਦਰਬਾਰ ਵਿਚ ਗੁਰੂ ਜੀ ਅੱਗੇ ਆਪਣੀ ਸਪੁੱਤਰੀ ਸਾਹਿਬ ਦੇਵਾਂ (ਮਾਤਾ ਸਾਹਿਬ ਕੌਰ) ਦਾ ਰਿਸ਼ਤਾ ਸਵੀਕਾਰ ਕਰਨ ਦੀ ਬੇਨਤੀ ਕੀਤੀ। ਗੁਰੂ ਜੀ ਨੇ ਪਹਿਲਾਂ ਹੀ ਸ਼ਾਦੀ-ਸ਼ੁਦਾ ਅਤੇ ਚਾਰ ਸਾਹਿਬਜ਼ਾਦਿਆਂ ਦਾ ਪਿਤਾ ਹੋਣ ਦੇ ਨਾਤੇ ਸਾਹਿਬ ਦੇਵਾਂ (ਮਾਤਾ ਸਾਹਿਬ ਕੌਰ) ਦਾ ਰਿਸ਼ਤਾ ਸਵੀਕਾਰ ਕਰਨ ਤੋਂ ਨਾਂਹ ਕਰ ਦਿੱਤੀ। ਮਾਤਾ ਸਾਹਿਬ ਕੌਰ ਦੇ ਪਿਤਾ ਨੇ ਬੇਨਤੀ ਕੀਤੀ ਕਿ ਸਾਹਿਬ ਦੇਵਾਂ ਤਾਂ ਜਨਮ ਤੋਂ ਹੀ ਤੁਹਾਡੀ ਹੋ ਚੁੱਕੀ ਹੈ ਕਿਉਂਕਿ ਇਹ ਮੇਰਾ ਸੰਕਲਪ ਸੀ ਕਿ ਮੈਂ ਆਪਣੀ ਸੰਤਾਨ ਤੁਹਾਡੇ ਚਰਨਾਂ ਵਿਚ ਨਵਿਤ ਕਰਾਂਗਾ। ਹੁਣ ਤੁਸੀਂ ਬੇਸ਼ੱਕ ਇਸ ਨੂੰ ਆਪਣੇ ਮਹਿਲ ਬਣਾ ਕੇ ਰੱਖੋ, ਚਾਹੇ ਆਪਣੇ ਦਾਸੀ ਬਣਾ ਕੇ ਰੱਖੋ, ਪਰ ਇਸ ਦਾ ਡੋਲਾ ਕਿਤੇ ਹੋਰ ਨਹੀਂ ਜਾ ਸਕਦਾ। ਸੰਗਤਾਂ ਦੀ ਬੇਨਤੀ ਨੂੰ ਠੁਕਰਾ ਦੇਣਾ ਗੁਰੂ ਸਾਹਿਬ ਦੇ ਵੱਸ ਵਿਚ ਨਹੀਂ ਸੀ। ਸਾਰੇ ਪਰਿਵਾਰ ਤੇ ਸੰਗਤ ਦੀ ਬੇਨਤੀ ਮੰਨਦੇ ਹੋਏ ਗੁਰੂ ਸਾਹਿਬ ਜੀ ਨੇ ਇਕ ਸ਼ਰਤ ਰੱਖੀ ਕਿ ਸਿਰਫ ਕੁਆਰੇ ਡੋਲੇ ਦੇ ਤੌਰ 'ਤੇ ਹੀ ਸਾਡੇ ਮਹਿਲਾਂ ਵਿਚ ਰਹਿ ਸਕਦੀ ਹੈ ਅਗਰ ਇਹ ਸਾਹਿਬ ਕੌਰ ਨੂੰ ਮਨਜ਼ੂਰ ਹੋਵੇ ਤਾਂ! ਸਾਹਿਬ ਦੇਵਾਂ ਨੇ 'ਹਾਂ' ਵਿਚ ਸਿਰ ਹਿਲਾ ਦਿੱਤਾ। ਸ਼ਾਦੀ ਹੋਣ ਤੋਂ ਬਾਅਦ ਦਸਮੇਸ਼ ਪਿਤਾ ਜੀ ਦੇ ਹੁਕਮ ਅਨੁਸਾਰ ਮਾਤਾ ਸਾਹਿਬ ਕੌਰ ਜੀ ਨੇ ਸਾਰੀ ਜ਼ਿੰਦਗੀ ਗੁਰੂ ਸਾਹਿਬ ਜੀ ਦੇ ਪਵਿੱਤਰ ਚਰਨਾਂ ਵਿਚ ਧਿਆਨ ਜੋੜ ਕੇ ਕੁਆਰੇ ਡੋਲੇ ਦੇ ਰੂਪ ਵਿਚ ਗੁਜ਼ਾਰੀ ਅਤੇ ਕਦੇ ਵੀ ਗੁਰੂ ਕੇ ਮਹਿਲ ਹੋਣ ਦਾ ਅਭਿਮਾਨ ਨਹੀਂ ਕੀਤਾ। ਇਸੇ ਸਾਲ ਮਾਤਾ ਜੀਤੋ ਜੀ ਦਾ ਦੇਹਾਂਤ ਹੋ ਗਿਆ। ਮਾਤਾ ਸਾਹਿਬ ਕੌਰ ਨੇ ਮਾਤਾ ਜੀਤੋ ਜੀ ਦੇ ਤਿੰਨ ਸਪੁੱਤਰਾਂ ਦੀ ਪਰਵਰਿਸ਼ ਦੀ ਜ਼ਿੰਮੇਵਾਰੀ ਆਪਣੇ ਸਿਰ ਲੈ ਲਈ ਅਤੇ ਪਰਿਵਾਰ ਵਿਚ ਘਰ ਦੀ ਤਰ੍ਹਾਂ ਰਚ-ਮਿਚ ਗਏ। ਮਾਤਾ ਜੀ ਦੇ ਮਨ ਵਿਚ ਇਕ ਪੁੱਤਰ ਦੀ ਇੱਛਾ ਆਈ ਜਿਸ ਤੋਂ ਗੁਰੂ ਸਾਹਿਬ ਬੇਖ਼ਬਰ ਨਹੀਂ ਸਨ ਤਾਂ ਉਹਨਾਂ ਨੇ ਆਪਣੇ ਨਾਂ ਦਾ ਪੁੱਤਰ 'ਸਮੁੱਚੇ ਖਾਲਸਾ ਪੰਥ' ਨੂੰ ਮਾਤਾ ਜੀ ਦੀ ਝੋਲੀ ਵਿਚ ਪਾ ਕੇ 'ਖਾਲਸੇ ਦੀ ਮਾਂ' ਹੋਣ ਦਾ ਉੱਚਾ ਰੁਤਬਾ ਬਖਸ਼ਿਆ। ਅਨੰਦਪੁਰ ਵਿਚ ਮੁਗਲਾਂ ਨਾਲ ਆਖਰੀ ਲੜਾਈ ਸਮੇਂ ਅਨੰਦਪੁਰ ਸਾਹਿਬ ਛੱਡਣ ਵੇਲੇ 20 ਦਸੰਬਰ 1704 ਈ: ਤੋਂ ਲੈ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ ਜੋਤ ਸਮਾਉਣ ਤੱਕ ਭਾਵ 7 ਅਕਤੂਬਰ 1708 ਈ: ਤੱਕ ਦਾ ਬੜਾ ਕਠਿਨ ਅਤੇ ਦੁਖਦਾਈ ਸਮਾਂ ਮਾਤਾ ਸਾਹਿਬ ਕੌਰ ਜੀ ਨੇ ਆਪਣੇ ਅੱਖੀਂ ਦੇਖਿਆ ਪਰ ਆਪ ਹਮੇਸ਼ਾਂ ਅਡੋਲ ਅਤੇ ਚੜ੍ਹਦੀ ਕਲਾ ਵਿਚ ਰਹੇ। ਕੀਰਤਪੁਰ ਵਿਖੇ ਪਰਿਵਾਰ ਵਿਛੋੜੇ ਸਮੇਂ ਆਪ ਜੀ ਨੇ ਮਾਤਾ ਸੁੰਦਰੀ ਜੀ, ਦੋ ਸੇਵਿਕਾਵਾਂ: ਬੀਬੀ ਭਾਗ ਕੌਰ, ਬੀਬੀ ਹਰਦਾਸ ਕੌਰ, ਦੋ ਸਿੰਘ: ਭਾਈ ਜਵਾਹਰ ਸਿੰਘ, ਭਾਈ ਧੰਨਾ ਸਿੰਘ, ਆਪ ਦੇ ਛੋਟੇ ਭਰਾ ਭਾਈ ਸਾਹਿਬ ਸਿੰਘ ਅਤੇ ਸ਼ਹੀਦ ਭਾਈ ਮਨੀ ਸਿੰਘ ਜੀ ਨਾਲ ਦਿੱਲੀ ਜਾ ਕੇ ਰਿਹਾਇਸ਼ ਕੀਤੀ। ਉਧਰ ਚਮਕੌਰ ਦੀ ਜੰਗ ਵਿਚ ਵੱਡੇ ਦੋ ਸਾਹਿਬਜ਼ਾਦਿਆਂ ਅਤੇ ਸਰਹੰਦ ਦੇ ਨਵਾਬ ਵਜ਼ੀਰ ਖਾਂ ਦੇ ਹੱਥੋਂ ਦੋ ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦ ਹੋ ਜਾਣ ਪਿੱਛੋਂ ਗੁਰੂ ਜੀ ਮੁਕਤਸਰ ਅਤੇ ਮੁਕਤਸਰ ਦੀ ਜੰਗ ਤੋਂ ਬਾਅਦ ਦਮਦਮਾ ਸਾਹਿਬ (ਤਲਵੰਡੀ ਸਾਬੋਂ) ਪਹੁੰਚੇ। ਇਥੇ ਹੀ ਦੋਵੇਂ ਮਾਤਾਵਾਂ ਭਾਈ ਮਨੀ ਸਿੰਘ ਜੀ ਨਾਲ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਕੋਲ ਫਰਵਰੀ 1706 ਈ: ਨੂੰ ਦਰਸ਼ਨਾਂ ਲਈ ਪੁੱਜੀਆਂ।ਚਾਰੇ ਸਾਹਿਬਜ਼ਾਦਿਆਂ ਨੂੰ ਗੁਰੂ ਸਾਹਿਬ ਨਾਲ ਨਾ ਦੇਖ ਕੇ ਮਾਤਾਵਾਂ ਨੇ ਪੁੱਛਿਆ ਤਾਂ ਕਲਗੀਧਰ ਨੇ ਖਾਲਸੇ ਵੱਲ ਇਸ਼ਾਰਾ ਕਰਕੇ ਆਪਣੇ ਪਵਿੱਤਰ ਮੁਖਾਰਬਿੰਦ ਤੋਂ ਇਉਂ ਉਚਾਰਿਆ: 'ਇਨ ਪੁਤਰਨ ਕੇ ਸੀਸ ਪਰ ਵਾਰ ਦੀਏ ਸੁਤ ਚਾਰ॥ ਚਾਰ ਮੂਏ ਤੋ ਕਿਆ ਹੂਆ ਜੀਵਤ ਕਈ ਹਜ਼ਾਰ॥' ਕੁਝ ਸਮਾਂ ਸੇਵਾ ਅਤੇ ਦਰਸ਼ਨ ਕਰਨ ਤੋਂ ਬਾਅਦ ਗੁਰੂ ਸਾਹਿਬ ਨੇ ਦੱਖਣ ਵਿਚ ਔਰੰਗਜ਼ੇਬ ਨੂੰ ਮਿਲਣ ਦਾ ਫੈਸਲਾ ਕੀਤਾ ਤੇ ਦੋਵੇਂ ਮਾਤਾਵਾਂ ਮਾਤਾ ਸੁੰਦਰੀ ਜੀ ਅਤੇ ਮਾਤਾ ਸਾਹਿਬ ਕੌਰ ਜੀ ਨੂੰ ਰਸਤਿਆਂ ਦੀਆਂ ਔਖੀਆਂ ਕਠਿਨਾਈਆਂ ਕਰਕੇ ਦਿੱਲੀ ਵਾਪਿਸ ਭੇਜ ਦਿੱਤਾ। ਦਮਦਮਾ ਸਾਹਿਬ (ਤਲਵੰਡੀ ਸਾਬੋਂ) ਤੋਂ ਨਾਂਦੇੜ ਜਾਂਦੇ ਸਮੇਂ ਜਿਸ ਸਮੇਂ ਕਲਗੀਧਰ ਜੀ ਨੇ ਮੋਤੀ ਸ਼ਾਹ ਦੇ ਬਾਗ, ਜਿਥੇ ਅੱਜ ਕੱਲ ਮੋਤੀ ਬਾਗ ਗੁਰਦੁਆਰਾ ਸਾਹਿਬ ਹੈ, 'ਚ ਚਰਨ ਪਾਏ ਤਾਂ ਇਥੋਂ ਫਿਰ ਦੱਖਣ ਦੇਸ਼ ਜਾਣ ਸਮੇਂ ਮਾਤਾ ਸਾਹਿਬ ਕੌਰ ਨੇ ਸਤਿਗੁਰੂ ਜੀ ਦੇ ਨਾਲ ਜਾਣ ਦੀ ਇੱਛਾ ਪ੍ਰਗਟ ਕੀਤੀ। ਨਾਂਦੇੜ ਵਿਖੇ ਦਸਮੇਸ਼ ਪਿਤਾ ਜੀ ਨੇ ਮਾਤਾ ਜੀ ਦੀ ਰਿਹਾਇਸ਼ ਲਈ ਗੋਦਾਵਰੀ ਦੇ ਕੰਢੇ ਹੀਰਾ ਘਾਟ ਵਿਖੇ ਉਚੇਚਾ ਪ੍ਰਬੰਧ ਕਰਵਾਇਆ। ਮਾਤਾ ਸਾਹਿਬ ਕੌਰ ਨੇ ਇਥੇ ਹੀ ਆਪਣਾ ਟਿਕਾਣਾ ਬਣਾ ਲਿਆ। ਇਥੇ ਮਾਤਾ ਜੀ ਸਵਾ ਪਹਿਰ ਰਾਤ ਰਹਿੰਦਿਆਂ ਇਸ਼ਨਾਨ ਕਰਨ ਪਿੱਛੋਂ ਨਿਤਨੇਮ ਕਰਦੇ ਅਤੇ ਸੰਗਤ ਵਿਚ ਬੈਠ ਕੇ ਕੀਰਤਨ ਸੁਣਦੇ। ਕੀਰਤਨ ਦੀ ਸਮਾਪਤੀ ਪਿੱਛੋਂ ਸੰਗਤਾਂ ਨੂੰ ਉਪਦੇਸ਼ ਦਿੰਦੇ। ਗੁਰੂ ਜੀ ਨੇ ਆਪਣਾ ਪਰਲੋਕ ਗਮਨ ਦਾ ਸਮਾਂ ਨੇੜੇ ਵੇਖ ਕੇ ਮਾਤਾ ਸਾਹਿਬ ਕੌਰ ਜੀ ਨੂੰ ਦਿੱਲੀ ਵਿਖੇ ਮਾਤਾ ਸੁੰਦਰੀ ਜੀ ਕੋਲ ਭੇਜਣ ਦਾ ਸੰਕਲਪ ਬਣਾਇਆ ਅਤੇ ਉਨਾਂ ਨੂੰ ਆਪਣੇ ਕਮਰਕਸੇ ਵਿਚੋਂ ਪੰਜ ਸ਼ਸਤਰ (ਖੜਗ, ਦੋ ਧਾਰੀ ਖੰਡਾ, ਖੰਜਰ ਅਤੇ ਦੋ ਕਟਾਰਾਂ) ਪ੍ਰਦਾਨ ਕੀਤੇ।ਦਿੱਲੀ ਜਿਥੇ ਕਿ ਅੱਜ ਕੱਲ੍ਹ ਗੁਰਦੁਆਰਾ ਮਾਤਾ ਸੁੰਦਰੀ ਜੀ ਸੁਸ਼ੋਭਿਤ ਹੈ, ਇਥੇ ਆਪ ਸ਼ਸਤਰਾਂ ਦੀ ਸੇਵਾ ਕਰਦੇ ਰਹੇ। ਨਿਤਨੇਮ ਤੇ ਸ਼ਸਤਰਾਂ ਦੇ ਦਰਸ਼ਨ ਕਰਕੇ ਮਾਤਾ ਜੀ ਲੰਗਰ ਛੱਕਦੇ ਸਨ। ਜਦੋਂ ਫ਼ਰੂਖ਼ਸੀਅਰ ਤਖਤ 'ਤੇ ਬੈਠਾ ਤਾਂ ਉਸਨੇ ਸਿੱਖਾਂ ਦੇ ਖਿਲਾਫ਼ ਜ਼ੁਲਮਾਂ ਦੀ ਹਨੇਰੀ ਝੁਲਾ ਦਿੱਤੀ। ਸ੍ਰੀ ਕਲਗੀਧਰ ਜੀ ਦੇ ਜੋਤੀ ਜੋਤ ਸਮਾਉਣ ਮਗਰੋਂ ਮਾਤਾ ਸਾਹਿਬ ਕੌਰ ਜੀ ਨੇ ਸੰਗਤਾਂ ਪ੍ਰਤੀ ਹੁਕਮਨਾਮੇ ਜਾਰੀ ਕੀਤੇ। ਸੰਗਤ ਅਤੇ ਪੰਗਤ ਦੀ ਪ੍ਰਥਾ ਨੂੰ ਚਾਲੂ ਰੱਖ ਕੇ ਖਾਲਸਾ ਪੰਥ ਦੀ ਅਗਵਾਈ ਕੀਤੀ, ਜਿਨ੍ਹਾਂ ਵਿਚੋਂ ਨੌਂ ਹੁਕਮਨਾਮਿਆਂ ਦਾ ਵੇਰਵਾ ਉਪਲਬੱਧ ਹੈ। ਮਾਤਾ ਸਾਹਿਬ ਕੌਰ ਜੀ ਨੇ ਆਪਣਾ ਅੰਤਿਮ ਸਮਾਂ ਨੇੜੇ ਆਇਆ ਵੇਖ ਕੇ ਮਾਤਾ ਸੁੰਦਰੀ ਜੀ ਨੂੰ ਕਲਗੀਧਰ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਜੋ ਸ਼ਸਤਰ ਅਬਿਚਲ ਨਗਰ ਤੋਂ ਤੁਰਨ ਵੇਲੇ ਮਾਤਾ ਸਾਹਿਬ ਕੌਰ ਜੀ ਦੇ ਸਪੁਰਦ ਕੀਤੇ ਸਨ, ਉਹ ਪੰਜੇ ਸ਼ਸਤਰ ਉਹਨਾਂ ਨੇ ਮਾਤਾ ਸੁੰਦਰੀ ਜੀ ਦੇ ਸਪੁਰਦ ਕਰ ਦਿੱਤੇ। 15 ਅਕਤੂਬਰ 1734 ਈ: ਦਿਨ ਸ਼ੁੱਕਰਵਾਰ ਨੂੰ ਮਾਤਾ ਸਾਹਿਬ ਕੌਰ ਜੀ ਨੇ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਨ ਪਿੱਛੋਂ ਨਿਤਨੇਮ ਕੀਤਾ ਅਤੇ ਗੁਰੂ ਜੀ ਦੇ ਸ਼ਸਤਰਾਂ ਦੇ ਦਰਸ਼ਨ ਕਰਨ ਉਪਰੰਤ ਆਪਣਾ ਪੰਜ-ਭੂਤਕ ਸਰੀਰ ਤਿਆਗ ਦਿੱਤਾ। ਮਾਤਾ ਜੀ ਨੇ ਕੁੱਲ ਸੰਸਾਰਿਕ ਯਾਤਰਾ ਲਗਭਗ 50 ਸਾਲ ਭੋਗੀ, ਜਿਸ ਵਿਚ ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ-ਜੋਤ ਸਮਾ ਜਾਣ ਉਪਰੰਤ ਲਗਭਗ 23 ਸਾਲ ਖਾਲਸਾ ਕੌਮ ਦੀ ਕੀਤੀ ਗਈ ਸ਼ਾਨਦਾਰ ਅਗਵਾਈ ਵੀ ਸ਼ਾਮਿਲ ਹੈ।


- PTC NEWS

Top News view more...

Latest News view more...

PTC NETWORK