ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਨੀਂਹ ਪੱਥਰ ਦਿਵਸ 'ਤੇ ਵਿਸ਼ੇਸ਼
ਸ੍ਰੀ ਹਰਿਮੰਦਰ ਸਾਹਿਬ ਸਮੁੱਚੀ ਮਾਨਵਤਾ ਦੇ ਲਈ ਸਰਬ ਸਾਂਝਾ ਧਾਰਮਿਕ ਅਸਥਾਨ ਹੈ ਜਿਥੇ ਹਰ ਧਰਮ, ਜਾਤੀ, ਨਸਲ, ਦੇਸ਼ ਜਾਂ ਮਾਨਵ ਆਪਣੀ ਅਧਿਆਤਮਕ ਖੁਰਾਕ, ਮਾਨਸਿਕ ਸ਼ਕਤੀ ਤੇ ਆਤਮਿਕ ਤ੍ਰਿਪਤੀ ਬਿਨਾਂ ਰੋਕ-ਟੋਕ ਤੇ ਵਿਤਕਰੇ ਦੇ ਪ੍ਰਾਪਤ ਕਰ ਸਕਦੇ ਹਨ। ਸ੍ਰੀ ਹਰਿਮੰਦਰ ਸਾਹਿਬ ਮਾਨਵੀ ਪਿਆਰ, ਇਤਫ਼ਾਕ, ਰੱਬੀ ਏਕਤਾ, ਬਰਾਬਰਤਾ, ਸਰਬ ਸਾਂਝੀਵਾਲਤਾ ਦਾ ਸਦੀਵੀ ਪ੍ਰਗਟਾਅ ਹੈ। ਸ੍ਰੀ ਹਰਿਮੰਦਰ ਸਾਹਿਬ ਸਿੱਖ ਕੌਮ ਦਾ ਕੇਂਦਰੀ ਧਾਰਮਿਕ ਅਸਥਾਨ ਹੈ। ਸਿੱਖਾਂ ਲਈ ਸ੍ਰੀ ਹਰਿਮੰਦਰ ਸਾਹਿਬ ਇਕ ਧਾਰਮਿਕ ਕੇਂਦਰ ਵਜੋਂ ਹੀ ਨਹੀਂ, ਸਗੋਂ ਸਿੱਖ ਕੌਮ ਦੀ ਵਿਲੱਖਣ ਹੋਂਦ-ਹਸਤੀ, ਸਵੈਮਾਣ, ਇਤਿਹਾਸ ਤੇ ਵਿਰਾਸਤ ਦੀ ਜਾਗਦੀ ਜੋਤ ਹੈ। ਸਿੱਖ ਕੌਮ ਦੀ ਹੋਂਦ-ਹਸਤੀ, ਧਰਮ, ਸਮਾਜ ਤੇ ਰਾਜਨੀਤੀ, ਹਰਿਮੰਦਰ ਸਾਹਿਬ ਦੇ ਸੰਕਲਪ, ਸਿਧਾਂਤ ਤੇ ਇਤਿਹਾਸ ਨਾਲ ਜੁੜੀ ਹੋਈ ਹੈ।
ਦੁਨੀਆਂ ਵਿਚ ਵੱਖ-ਵੱਖ ਕੌਮਾਂ ਦਾ ਆਪਣਾ ਧਰਮ, ਧਾਰਮਿਕ ਗ੍ਰੰਥ ਤੇ ਧਾਰਮਿਕ ਕੇਂਦਰ ਹੈ। ਭਾਈ ਗੁਰਦਾਸ ਜੀ ਅਨੁਸਾਰ ਹਿੰਦੂਆਂ ਦਾ ਧਾਰਮਿਕ ਕੇਂਦਰ ਬਨਾਰਸ ਹੀ ਰਿਹਾ ਹੈ ਅਤੇ ਇਹਨਾਂ ਦੇ ਧਾਰਮਿਕ ਗ੍ਰੰਥ ਵੇਦ, ਪੁਰਾਨ ਹਨ ਜੋ ਕਿ ਸੰਸਕ੍ਰਿਤ ਭਾਸ਼ਾ ਵਿਚ ਹਨ। ਜੈਨੀਆਂ ਦਾ ਧਰਮ ਕੇਂਦਰ ਮਗਧ ਅਤੇ ਉਹਨਾਂ ਦੇ ਧਾਰਮਿਕ ਗ੍ਰੰਥ ਤ੍ਰਿਪਿਟਕ ਹਨ ਜੋ ਕਿ ਪਾਲੀ ਭਾਸ਼ਾ ਵਿਚ ਲਿਖੇ ਮਿਲਦੇ ਹਨ। ਬੁੱਧ ਧਰਮ ਦਾ ਕੇਂਦਰ ਗਯਾ ਵਿਖੇ ਹੈ। ਉਹਨਾਂ ਦਾ ਧਰਮ ਗ੍ਰੰਥ ਧਮਪਦ ਹੈ ਜੋ ਪਾਲੀ ਵਿਚ ਲਿਖਿਆ ਗਿਆ ਹੈ। ਇਸਲਾਮ ਦਾ ਮੁੱਖ ਕੇਂਦਰ ਮੱਕਾ ਹੈ। ਉਹਨਾਂ ਦੀ ਧਾਰਮਿਕ ਪੁਸਤਕ ਕੁਰਾਨ ਹੈ। ਇਹ ਅਰਬੀ ਭਾਸ਼ਾ ਵਿਚ ਲਿਖੀ ਮਿਲਦੀ ਹੈ। ਯਹੂਦੀਆਂ ਦੀ ਗੱਲ ਕੀਤੀ ਜਾਵੇ ਤਾਂ ਯਹੂਦੀਆਂ ਦਾ ਧਰਮ ਕੇਂਦਰ ਜਿਹਰੂ ਰਿਸ਼ਮ ਹੈ। ਉਹਨਾਂ ਦੀ ਧਾਰਮਿਕ ਪੁਸਤਕ ਓਲਡ ਟੈਸਟਾਮੈਂਟ ਭਾਵ ਪੁਰਾਣਾ ਅਹਿਦਨਾਮਾ ਹੈ। ਇਹ ਹਿਬਰੂ ਭਾਸ਼ਾ ਵਿਚ ਹੈ। ਈਸਾਈ ਮਤ ਦਾ ਆਧਾਰ ਵਧੇਰੇ ਨਿਊ ਟੈਸਟਮੈਟ 'ਤੇ ਆਧਾਰਿਤ ਹੈ ਅਤੇ ਇਹ ਗ੍ਰੀਕ ਭਾਸ਼ਾ ਵਿਚ ਹੈ।
ਇਸੇ ਤਰ੍ਹਾਂ ਜੇਕਰ ਸਿੱਖ ਧਰਮ ਦੀ ਗੱਲ ਕੀਤੀ ਜਾਵੇ ਤਾਂ ਸਿੱਖਾਂ ਦਾ ਧਰਮ ਗ੍ਰੰਥ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਨ। ਇਸ ਦੀ ਮੁੱਖ ਭਾਸ਼ਾ ਪੰਜਾਬੀ ਹੈ। ਇਸ ਦੇ ਨਾਲ ਹੀ ਹੋਰ ਭਾਸ਼ਾਵਾਂ ਦੇ ਸ਼ਬਦ ਵੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਮਿਲਦੇ ਹਨ। ਇਸ ਦੀ ਲਿਪੀ ਗੁਰਮੁਖੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਅੰਮ੍ਰਿਤਸਰ ਵਿਖੇ ਤਿਆਰ ਕੀਤੀ ਗਈ ਅਤੇ ਇਥੇ ਹੀ ਇਸਦਾ ਪ੍ਰਕਾਸ਼ ਹੋਇਆ। ਇਸ ਕਰਕੇ ਇਹ ਅਸਥਾਨ ਗੁਰੂ ਸਾਹਿਬ ਦੇ ਸਮੇਂ ਵਿਚ ਹੀ ਸਿੱਖ ਧਰਮ ਦਾ ਪ੍ਰਮੁੱਖ ਕੇਂਦਰ ਬਣ ਗਿਆ ਜਿਸਨੂੰ ਕਿ ਸ੍ਰੀ ਅੰਮ੍ਰਿਤਸਰ ਵੀ ਕਿਹਾ ਜਾਂਦਾ ਹੈ। ਅੰਮ੍ਰਿਤਸਰ ਦੀ ਸਭ ਤੋਂ ਵੱਡੀ ਸਿਫ਼ਤ ਇਹ ਹੈ ਕਿ ਇਥੇ ਦਰਬਾਰ ਸਾਹਿਬ ਵਿਚ ਧੁਰ ਕੀ ਬਾਣੀ ਦਾ ਅੰਮ੍ਰਿਤਮਈ ਕੀਰਤਨ ਨਿਰੰਤਰ ਜਾਰੀ ਰਹਿੰਦਾ ਹੈ ਜੋ ਕੇਵਲ ਇਕ ਅਕਾਲ ਪੁਰਖ ਦੀ ਸਿਫਤ ਸਾਲਾਹ ਹੀ ਹੈ। ਇਸ ਰੱਬੀ ਬਾਣੀ ਦਾ ਉਪਦੇਸ਼ ਸਮੁੱਚੀ ਲੋਕਾਈ ਲਈ ਸਾਂਝਾ ਹੈ, ਜਿਸ ਦਾ ਉਦੇਸ਼ ਸਰਬੱਤ ਦਾ ਭਲਾ, ਸਾਂਝੀਵਾਲਤਾ, ਅਮਨ, ਸ਼ਾਂਤੀ, ਸਹਿਣਸ਼ੀਲਤਾ ਤੇ ਸਹਿਹੋਂਦ ਹੈ। ਇਤਿਹਾਸਿਕ ਸਰੋਤਾਂ ਦੇ ਅਨੁਸਾਰ ਗੁਰੂ ਨਾਨਕ ਸਾਹਿਬ ਦੀ ਤੀਸਰੀ ਜੋਤ ਧੰਨ ਗੁਰੂ ਅਮਰਦਾਸ ਪਾਤਿਸ਼ਾਹ ਜੀ, ਜਦੋਂ ਲਾਹੌਰ ਗਏ ਤਾਂ ਉਥੋਂ ਦੇ ਸਿੱਖਾਂ ਨੇ ਗੁਰੂ ਜੀ ਨੂੰ ਬੇਨਤੀ ਕੀਤੀ ਕਿ ਲਾਹੌਰ ਵਿਚ ਹੁੰਦੇ ਜ਼ੁਲਮਾਂ ਤੋਂ ਛੁਟਕਾਰਾ ਦਿਵਾਇਆ ਜਾਵੇ। ਗੁਰੂ ਜੀ ਨੇ ਬਚਨ ਕੀਤਾ ਕਿ ਲਾਹੌਰ ਵੀ ਇਕ ਸ਼ਹਿਰ ਹੋਵੇਗਾ। ਇਸਦੇ ਪੂਰਬ ਵੱਲ ਅੰਮ੍ਰਿਤਸਰ ਸ਼ਹਿਰ ਵਸੇਗਾ, ਜਿਥੇ ਸਦਾ ਰੱਬ ਦੀ ਸਿਫਤ ਸਲਾਹ ਹੁੰਦੀ ਰਹੇਗੀ। ਲਾਹੌਰ ਦੇ ਜ਼ਹਿਰ ਭਰੇ ਮਾਹੌਲ ਦੇ ਟਾਕਰੇ 'ਤੇ ਇਸ ਦਾ ਵਾਤਾਵਰਨ ਅੰਮ੍ਰਿਤ ਵਰਗਾ ਸ਼ਾਂਤ ਅਤੇ ਅਨੰਦਮਈ ਹੋਵੇਗਾ। ਗੁਰੂ ਸਾਹਿਬ ਦਾ ਪਾਵਨ ਸਲੋਕ ਵੀ ਸਾਨੂੰ ਗੁਰਬਾਣੀ ਵਿਚ ਦਰਜ ਮਿਲ ਜਾਂਦਾ ਹੈ।
'ਅੰਮ੍ਰਿਤਸਰ ਸਿਫਤੀ ਦਾ ਘਰ' ਇਹ ਗੁਰੂ ਪਾਤਿਸ਼ਾਹ ਜੀ ਦੇ ਪਾਵਨ ਬਚਨ ਹਨ। ਇਸ ਸ਼ਹਿਰ ਲਈ ਥਾਂ ਦੀ ਚੋਣ ਗੁਰੂ ਅਮਰਦਾਸ ਪਾਤਿਸ਼ਾਹ ਜੀ ਨੇ ਆਪ ਕੀਤੀ। ਇਹ ਅਸਥਾਨ ਚਾਰ ਪਿੰਡਾਂ ਸੁਲਤਾਨਵਿੰਡ, ਤੁੰਗ, ਗੁਮਟਾਲਾ ਤੇ ਗਿਲਵਾਲੀ ਪਿੰਡਾਂ ਦੇ ਵਿਚਕਾਰ ਸੀ। ਇਥੇ ਪਾਣੀ ਦੀ ਇਕ ਝੀਲ ਸੀ, ਜਿਸ ਵਿਚ ਹਰ ਵੇਲੇ ਜਲ ਦਾ ਭੰਡਾਰ ਰਹਿੰਦਾ ਸੀ। ਗੁਰੂ ਜੀ ਨੇ ਇਸ ਥਾਂ ਦੀ ਜ਼ਮੀਨ ਖਰੀਦ ਕੇ ਮੋਹਰੀ ਗੱਡੀ (ਨਿਸ਼ਾਨਦੇਹੀ ਕਰਨੀ)ਅਤੇ ਇਸਦਾ ਪਹਿਲਾ ਨਾਮ ਚੱਕ ਰਾਮਦਾਸ ਰੱਖਿਆ। ਗੁਰੂ ਜੀ ਨੇ ਇਸ ਥਾਂ 'ਤੇ 52 ਕਿਰਤੀ ਵਰਗਾਂ ਦੇ ਲੋਕ ਵਸਾਏ। ਇਸ ਤਰ੍ਹਾਂ ਇਥੇ ਇਕ ਅਜਿਹਾ ਨਗਰ ਵੱਸ ਗਿਆ, ਜਿਥੇ ਮਨੁੱਖ ਦੀ ਹਰ ਲੋੜ ਪੂਰੀ ਹੁੰਦੀ ਸੀ। ਪਿੱਛੋਂ ਇਸਦਾ ਨਾਮ 'ਰਾਮਦਾਸਪੁਰ' ਪੈ ਗਿਆ। ਗੁਰੂ ਅਮਰਦਾਸ ਜੀ ਦੀ ਆਗਿਆ ਨਾਲ ਗੁਰੂ ਰਾਮਦਾਸ ਜੀ ਨੇ ਢਾਬ ਵਾਲੀ ਥਾਂ 'ਤੇ 7 ਕੱਤਕ ਸੰਮਤ 1630 ਈਸਵੀ ਨੂੰ ਅੰਮ੍ਰਿਤਸਰ ਦੇ ਸਰੋਵਰ ਦੀ ਖੁਦਵਾਈ ਦਾ ਕੰਮ ਆਰੰਭ ਕੀਤਾ। ਇਸ ਸਰੋਵਰ ਦੇ ਬਣਨ ਨਾਲ ਇਹ ਇਕ ਤੀਰਥ ਵਜੋਂ ਪ੍ਰਸਿੱਧ ਹੋ ਗਿਆ ਸੀ ਅਤੇ ਇਸਦਾ ਨਾਮ ਵੀ ਸਰੋਵਰ ਦੇ ਨਾਂ 'ਤੇ ਅੰਮ੍ਰਿਤਸਰ ਪੈ ਗਿਆ। ਗੁਰੂ ਅਰਜਨ ਸਾਹਿਬ ਜੀ ਨੇ ਅੰਮ੍ਰਿਤਸਰ ਦੇ ਸਰੋਵਰ ਦੀ ਸ਼ੋਭਾ ਦਾ ਵਰਨਣ ਕਰਦਿਆਂ ਗੁਰਬਾਣੀ ਦੇ ਵਿਚ ਬੜਾ ਸੋਹਣਾ ਇਹ ਫੁਰਮਾਨ ਦਿੱਤਾ ਹੈ
ਗੁਰੂ ਅਰਜਨ ਸਾਹਿਬ ਨੇ ਇਸ ਸਰੋਵਰ ਦੇ ਬਿਲਕੁਲ ਮੱਧ ਵਿਚਕਾਰ ਇਕ ਸੁੰਦਰ ਹਰਿਮੰਦਰ ਸਾਹਿਬ ਦੀ ਉਸਾਰੀ ਕੀਤੀ। ਇਸ ਵਿਚ 1 ਸਤੰਬਰ, ਸੰਨ 1604 ਈਸਵੀ ਨੂੰ ਉਹਨਾਂ ਨੇ ਆਦਿ ਗ੍ਰੰਥ ਦੀ ਬੀੜ ਤਿਆਰ ਕਰਵਾ ਕੇ ਪਹਿਲੀ ਵਾਰ ਇਥੇ ਪ੍ਰਕਾਸ਼ ਕਰਵਾਇਆ। ਇਥੇ ਨਿਰੰਤਰ ਕੀਰਤਨ ਦਾ ਪ੍ਰਵਾਹ ਜਾਰੀ ਰੱਖਣ ਲਈ ਮਰਿਆਦਾ ਉਹਨਾਂ ਨੇ ਆਪ ਹੀ ਕਾਇਮ ਕੀਤੀ। ਸ੍ਰੀ ਦਰਬਾਰ ਸਾਹਿਬ ਦੇ ਬਣਨ ਨਾਲ ਇਹ ਸਥਾਨ ਬਹੁਤ ਹੀ ਸੁੰਦਰ ਅਤੇ ਅਨੂਪਮ ਹੋ ਗਿਆ। ਗੁਰੂ ਸਾਹਿਬ ਜੀ ਨੇ ਇਸ ਸਥਾਨ ਦੀ ਵਿਲੱਖਣਤਾ ਤੇ ਅਦੁੱਤੀ ਸੁੰਦਰਤਾ ਦਾ ਵਰਨਣ ਬੜਾ ਸੋਹਣਾ ਕੀਤਾ ਹੈ:
ਜਦੋਂ ਗੱਲ ਕਰਦੇ ਹਾਂ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਦੀ, ਸ੍ਰੀ ਹਰਿਮੰਦਰ ਸਾਹਿਬ ਸਿੱਖਾਂ ਦਾ ਇਕ ਸਰਵੋਤਮ ਧਾਰਮਿਕ ਅਤੇ ਕੇਂਦਰੀ ਅਸਥਾਨ ਹੈ ਜਿਸ ਦੀ ਉਸਾਰੀ ਅਤੇ ਸਥਾਪਨਾ ਦਾ ਕਾਰਜ ਗੁਰੂ ਅਰਜਨ ਸਾਹਿਬ ਜੀ ਨੇ ਆਪ ਕੀਤਾ। ਹਰਿਮੰਦਰ ਤੋਂ ਭਾਵ 'ਪਰਮਾਤਮਾ ਦਾ ਘਰ'। ਗੁਰੂ ਸਾਹਿਬ ਜੀ ਨੇ ਆਦਿ ਗ੍ਰੰਥ ਦਾ ਪਹਿਲਾ ਪ੍ਰਕਾਸ਼ ਕਰਕੇ ਇਸ ਸਥਾਨ ਦੀਆਂ ਭਾਵਨਾਵਾਂ ਦਾ ਪ੍ਰਗਟਾਵਾ ਕੀਤਾ। ਧੁਰ ਕੀ ਬਾਣੀ ਦਾ ਪ੍ਰਕਾਸ਼ ਅਤੇ ਪ੍ਰਚਾਰ ਸਥਾਨ ਹੋਣ ਕਰਕੇ ਇਸਨੂੰ ਦਰਬਾਰ ਸਾਹਿਬ ਕਿਹਾ ਜਾਂਦਾ ਹੈ। ਇਸ ਸਥਾਨ ਵਿਖੇ ਸਮੂਹ ਦਿਸ਼ਾਵਾਂ ਤੋਂ ਆਉਣ ਵਾਲੀਆਂ ਸੰਗਤਾਂ ਦਾ ਪ੍ਰਗਟਾਵਾ ਕਰਨ ਵਾਲੇ ਚਾਰ ਦਰਵਾਜੇ ਸਥਾਪਿਤ ਕੀਤੇ ਗਏ ਜੋ ਕਿ ਗੁਰਮਤਿ ਸਿਧਾਂਤਾਂ ਦਾ ਪ੍ਰਗਟਾਵਾ ਕਰਨ ਦੇ ਨਾਲ ਨਾਲ ਸਿੱਖ ਭਾਈਚਾਰਕ ਏਕਤਾ ਦਾ ਪ੍ਰਤੀਕ ਬਣ ਗਏ। ਇਸ ਸਥਾਨ ਦੀ ਮਹੱਤਤਾ ਨੂੰ ਜਾਣਦੇ ਹੋਏ ਮਹਾਰਾਜਾ ਰਣਜੀਤ ਸਿੰਘ ਨੇ ਇਥੇ ਸੋਨੇ ਦੀ ਸੇਵਾ ਕਰਾਈ, ਜਿਸ ਕਰਕੇ ਇਸ ਸਥਾਨ ਨੂੰ ਅੰਗਰੇਜ਼ੀ ਬੋਲਣ ਵਾਲੇ ਗੋਲਡਨ ਟੈਂਪਲ ਦੇ ਨਾਮ ਨਾਲ ਯਾਦ ਕਰਦੇ ਹਨ। ਸਿੱਖੀ ਦਾ ਧੁਰਾ ਤੇ ਸਿੱਖਾਂ ਦੀ ਸ਼ਕਤੀ ਦਾ ਕੇਂਦਰ ਹੋਣ ਕਰਕੇ ਇਹ ਸਥਾਨ ਸਿੱਖ ਵਿਰੋਧੀਆਂ ਨੂੰ ਹਮੇਸ਼ਾਂ ਚੁਭਦਾ ਰਿਹਾ, ਜਿਸ ਦੇ ਸਿੱਟੇ ਵਜੋਂ ਉਸਨੂੰ ਢਹਿ ਢੇਰੀ ਕਰਨ ਦੇ ਯਤਨ ਵੀ ਕੀਤੇ ਗਏ। ਪਰ ਸਿੱਖ ਮਨਾਂ ਵਿਚ ਇਸਦਾ ਮਾਣ ਅਤੇ ਸਤਿਕਾਰ ਹੋਰ ਵਧੇਰੇ ਦ੍ਰਿੜ੍ਹ ਹੁੰਦਾ ਗਿਆ।
-