ਸਾਹਿਬ-ਏ-ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਪ੍ਰਕਾਸ਼ ਪੁਰਬ 'ਤੇ ਵਿਸ਼ੇਸ਼
Guru Gobind Singh Prakash Purb: ਖਾਲਸਾ ਕੌਮ ਦੇ ਸਿਰਜਕ ਬਾਦਸ਼ਾਹ ਦਰਵੇਸ਼ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਆਗਮਨ ਪਟਨਾ ਦੀ ਧਰਤੀ 'ਤੇ 'ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ' ਦੇ ਘਰ 'ਮਾਤਾ ਗੁਜਰੀ ਜੀ' ਦੀ ਕੁੱਖੋਂ 22 ਦਸੰਬਰ, 1666 ਈ: ਨੂੰ ਹੋਇਆ। ਆਪਣੀ ਆਤਮ ਕਥਾ ਵਿਚ ਗੁਰੂ ਗੋਬਿੰਦ ਸਾਹਿਬ ਆਪਣੇ ਜੀਵਨ ਉਦੇਸ਼ ਨੂੰ ਸਪੱਸ਼ਟ ਕਰਦੇ ਲਿਖਦੇ ਹਨ ਕਿ ਮੈਨੂੰ ਪਰਮਾਤਮਾ ਨੇ ਧਰਮ ਦੇ ਪ੍ਰਚਾਰ ਪ੍ਰਸਾਰ ਕਰਨ ਅਤੇ ਇਸ ਕੰਮ ਵਿਚ ਰੁਕਾਵਟ ਬਣਨ ਵਾਲੇ ਦੋਖੀਆਂ ਦਾ ਨਾਸ਼ ਕਰਨ ਹਿੱਤ ਧਰਤੀ 'ਤੇ ਭੇਜਿਆ ਹੈ:
ਹਮ ਇਹ ਕਾਜ ਜਗਤ ਮੋ ਆਏ॥
ਧਰਮ ਹੇਤ ਗੁਰਦੇਵ ਪਠਾਏ॥
ਆਪ ਜੀ ਦਾ ਵਿਅਕਤੀਤਵ ਜਨਮ ਤੋਂ ਹੀ ਬਹੁਤ ਪ੍ਰਭਾਵਸ਼ਾਲੀ ਸੀ। 6 ਸਾਲ ਦੀ ਉਮਰ ਤੱਕ ਆਪ ਪਟਨੇ ਵਿਚ ਹੀ ਰਹੇ ਅਤੇ ਉਪਰੰਤ ਗੁਰੂ ਤੇਗ ਬਹਾਦਰ ਸਾਹਿਬ ਨੇ ਆਪਣੇ ਕੋਲ ਅਨੰਦਪੁਰ ਸਾਹਿਬ ਬੁਲਾ ਲਿਆ। ਇਥੇ ਹੀ ਆਪ ਜੀ ਦੀ ਵਿਦਿਆ ਦਾ ਯੋਗ ਪ੍ਰਬੰਧ ਕੀਤਾ ਗਿਆ। ਆਪ ਨੇ ਫ਼ਾਰਸੀ, ਸੰਸਕ੍ਰਿਤ ਦਾ ਗਿਆਨ ਹਾਸਿਲ ਕਰਨ ਤੋਂ ਇਲਾਵਾ ਘੋੜ ਸਵਾਰੀ, ਤੀਰ ਅੰਦਾਜ਼ੀ, ਸੈਨਿਕ ਸਿੱਖਿਆ ਵਿਚ ਵਿਸ਼ੇਸ਼ ਮੁਹਾਰਤ ਹਾਸਿਲ ਕੀਤੀ। ਸਮਕਾਲੀਨ ਸਮਾਜਿਕ ਤੇ ਰਾਜਸੀ ਹਾਲਾਤ ਠੀਕ ਨਾ ਹੋਣ ਕਾਰਨ ਇਕ ਵਾਰ ਗੁਰੂ ਤੇਗ ਬਹਾਦਰ ਸਾਹਿਬ ਹਿੰਦੂ ਧਰਮ ਦੀ ਆਨ-ਸ਼ਾਨ ਬਰਕਰਾਰ ਕਰਨ ਹਿੱਤ ਸੋਚਾਂ ਵਿਚ ਪਏ ਸਨ ਕਿ ਬਾਲ ਗੋਬਿੰਦ ਰਾਇ ਨੇ ਖੇਲਦੇ-ਖੇਲਦੇ ਆ ਕੇ ਗੁਰੂ ਪਿਤਾ ਤੋਂ ਉਦਾਸੀ ਦਾ ਕਾਰਨ ਪੁੱਛਿਆ ਤਾਂ ਗੁਰੂ ਸਾਹਿਬ ਨੇ ਇਸਲਾਮੀ ਹਕੂਮਤ ਦੇ ਦੱਬ-ਦਬਾਅ ਹੇਠ ਕਸ਼ਮੀਰੀ ਹਿੰਦੂਆਂ ਦਾ ਦੁੱਖੜਾ ਗੁਰੂ ਜੀ ਨਾਲ ਸਾਂਝਾ ਕੀਤਾ। ਇਸ ਸਮੇਂ ਗੁਰੂ ਗੋਬਿੰਦ ਰਾਇ ਦੀ ਉਮਰ 9 ਸਾਲ ਦੀ ਸੀ। ਪਿਤਾ ਜੀ ਦੀ ਗੱਲ ਸੁਣ ਕੇ ਬੜੀ ਗੰਭੀਰਤਾ ਨਾਲ ਸੋਚਿਆ ਤੇ ਜਵਾਬ ਦਿੱਤਾ ਕਿ ਉਨ੍ਹਾਂ ਦੇ ਗੁਰੂ ਪਿਤਾ ਤੋਂ ਵੱਧ ਹੋਰ ਕਿਹੜੀ ਬਲਵਾਨ ਹਸਤੀ ਹੋ ਸਕਦੀ ਹੈ ਤੇ ਉਨ੍ਹਾਂ ਹਿੰਦੂ ਧਰਮ ਦੀ ਰੱਖਿਆ ਲਈ ਗੁਰੂ-ਪਿਤਾ ਨੂੰ ਮਹਾਨ ਬਲੀਦਾਨ ਦੇਣ ਲਈ ਪ੍ਰਾਰਥਨਾ ਕੀਤੀ। ਇਸ ਮਨੋਰਥ ਦੀ ਸਿੱਧੀ ਲਈ ਗੁਰੂ ਤੇਗ ਬਹਾਦਰ ਸਾਹਿਬ ਨੇ 11 ਨਵੰਬਰ, 1675 ਈ: ਨੂੰ ਗੁਰੂਤਾ ਗੱਦੀ ਦੀ ਰਸਮ ਅਦਾ ਕਰਦੇ ਹੋਏ ਪੁੱਤਰ 'ਗੋਬਿੰਦ ਰਾਇ' ਦੇ ਮੋਢਿਆਂ 'ਤੇ ਗੁਰੂ ਨਾਨਕ ਦੀ ਗੁਰਿਆਈ ਦੀ ਜ਼ਿੰਮੇਵਾਰੀ ਸੌਂਪੀ ਅਤੇ ਸਮੁੱਚੀ ਮਨੁੱਖਤਾ ਦੇ ਭਲੇ ਦਾ ਉਪਦੇਸ਼ ਦਿੱਤਾ। ਅੰਤ 11 ਨਵੰਬਰ, 1675 ਈ: ਨੂੰ ਗੁਰੂ ਤੇਗ ਬਹਾਦਰ ਸਾਹਿਬ ਨੂੰ ਦਿੱਲੀ ਦੇ ਚਾਂਦਨੀ ਚੌਂਕ ਵਿਚ ਸ਼ਹੀਦ ਕਰ ਦਿੱਤਾ ਗਿਆ। ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹੀਦੀ ਤੋਂ ਬਾਅਦ ਲੋਕ ਸਹਿਮ ਗਏ ਸਨ ਤੇ ਗੁਰੂ ਗੋਬਿੰਦ ਸਾਹਿਬ ਨੇ ਬੜੀ ਦੂਰ ਅੰਦੇਸ਼ੀ ਤੋਂ ਕੰਮ ਲਿਆ। ਉਹਨਾਂ ਨੇ ਇਸ ਸਮੇਂ ਸੈਨਿਕ ਗਤੀਵਿਧੀਆਂ ਨੂੰ ਹੋਰ ਜ਼ਿਆਦਾ ਵਧਾ ਦਿੱਤਾ। ਗੁਰੂ ਦਰਬਾਰ ਵਿਚ ਸ਼ਰਧਾਲੂ ਜੋ ਭੇਟਾ ਲੈ ਕੇ ਆਉਂਦੇ ਸਨ, ਗੁਰੂ ਸਾਹਿਬ ਨੇ ਉਹਨਾਂ ਨੂੰ ਸ਼ਸਤਰਾਂ, ਜੰਗੀ ਵਸਤੂਆਂ, ਘੋੜਿਆਂ ਨੂੰ ਭੇਟਾ ਦੇ ਰੂਪ ਵਿਚ ਦੇਣ ਲਈ ਪ੍ਰੇਰਿਤ ਕੀਤਾ ਤਾਂ ਕਿ ਸਿੱਖ ਕੌਮ ਨੂੰ ਨਵਾਂ ਰੂਪ ਦੇ ਕੇ ਜੋਸ਼ੀਲੀ ਕੌਮ ਬਣਾਇਆ ਜਾਵੇ।
ਗੁਰੂ ਸਾਹਿਬ ਪਟਨੇ ਤੋਂ ਅਨੰਦਪੁਰ ਆਏ ਤਾਂ ਉਹਨਾਂ ਉਥੇ ਪੰਜ ਕਿਲ੍ਹਿਆਂ ਅਨੰਦਗੜ੍ਹ, ਲੋਹਗੜ੍ਹ, ਕੇਸਗੜ੍ਹ, ਫਤਿਹਗੜ੍ਹ ਦਾ ਨਿਰਮਾਣ ਕਰਵਾਇਆ। ਇਥੇ ਹੀ ਗੁਰੂ ਸਾਹਿਬ ਨੇ ਕੌਮੀ ਉਸਾਰੀ ਲਈ ਸਾਹਿਤਕ ਰਚਨਾ ਵੱਲ ਧਿਆਨ ਦਿੱਤਾ। ਇਸ ਕੰਮ ਲਈ ਉਹਨਾਂ 52 ਕਵੀ ਆਪਣੇ ਕੋਲ ਰੱਖੇ। ਇਸ ਸਮੇਂ ਦੌਰਾਨ ਰਚਿਤ ਸਾਹਿਤ ਦੀ ਪ੍ਰਮੁੱਖ ਬਿਰਤੀ ਰਾਸ਼ਟਰੀ ਚੇਤਨਾ ਦਾ ਪ੍ਰਸਾਰ ਸੀ ਤੇ ਇਸ ਸਾਹਿਤ ਸਦਕਾ ਗੁਰੂ ਸਾਹਿਬ ਨੇ ਸਿੱਖਾਂ ਵਿਚ ਨਵੀਂ ਰੂਹ ਫੂਕ ਦਿੱਤੀ। ਇਸ ਸਮੇਂ ਦੌਰਾਨ ਗੁਰੂ ਸਾਹਿਬ ਨੂੰ ਦੇਸ਼ ਦੀ ਆਨ-ਸ਼ਾਨ ਦੀ ਖਾਤਰ ਕਈ ਵਾਰ ਪਹਾੜੀ ਰਾਜਿਆਂ ਨਾਲ ਯੁੱਧ ਵੀ ਕਰਨਾ ਪਿਆ। ਗੁਰੂ ਸਾਹਿਬ ਨੇ ਕੌਮ ਵਿਚ ਸਾਹਸ ਅਤੇ ਦਲੇਰੀ ਭਰਨੀ ਚਾਹੀ ਕਿਉਂਕਿ ਸਮਾਜ ਰਾਜਸੀ ਤੇ ਧਾਰਮਿਕ ਪੱਖੋਂ ਗੁਲਾਮੀ ਵਿਚ ਜਕੜਿਆ ਹੋਇਆ ਸੀ ਅਤੇ ਅਤਿ ਦੇ ਵਹਿਮਾਂ ਦਾ ਸ਼ਿਕਾਰ ਸੀ। ਗੁਰੂ ਸਾਹਿਬ ਨੇ ਲੋਕਾਂ ਵਿਚ ਸਮਾਜਿਕ, ਰਾਜਨੀਤਿਕ, ਧਾਰਮਿਕ ਗੁਲਾਮੀ ਦੀਆਂ ਜ਼ੰਜੀਰਾਂ ਨੂੰ ਕੱਟ ਕੇ ਸਵੈਮਾਨ ਅਤੇ ਅਣਖ ਭਰੇ ਜੀਵਨ ਜਿਉਣ ਦੀ ਜਾਚ ਸਿਖਾਈ। ਇਸ ਮਕਸਦ ਲਈ 1699 ਈ: ਵਿਚ ਪਹਿਲੀ ਵਿਸਾਖ ਵਾਲੇ ਦਿਨ ਕੇਸਗੜ੍ਹ ਵਿਚ ਇਕ ਭਾਰੀ ਇਕੱਠ ਕੀਤਾ ਗਿਆ। ਗੁਰਬਾਣੀ ਦਾ ਪਾਠ ਤੇ ਕੀਰਤਨ ਮਗਰੋਂ ਕੁਝ ਦੇਰ ਬਾਅਦ ਗੁਰੂ ਸਾਹਿਬ ਨੰਗੀ ਤਲਵਾਰ ਹੱਥ ਵਿਚ ਫੜ ਕੇ ਮੰਚ 'ਤੇ ਆਏ ਤੇ ਇਕੱਠ ਵਿਚਲੇ ਲੋਕਾਂ ਨੂੰ ਸੀਸ ਭੇਟ ਕਰਨ ਲਈ ਮੰਗ ਕੀਤੀ। ਪਹਿਲਾਂ ਤਾਂ ਸੰਗਤ ਵਿਚ ਹਰ ਪਾਸੇ ਚੁੱਪ ਛਾ ਗਈ, ਪਰ ਗੁਰੂ ਸਾਹਿਬ ਦੇ ਦੁਬਾਰਾ ਕਹਿਣ 'ਤੇ ਖੱਤਰੀ ਦਇਆ ਰਾਮ ਉੱਠਿਆ ਤੇ ਆਪਣੇ ਆਪ ਨੂੰ ਸੀਸ ਭੇਟ ਕਰਨ ਲਈ ਹਾਜ਼ਿਰ ਕੀਤਾ। ਗੁਰੂ ਸਾਹਿਬ ਉਸਨੂੰ ਤੰਬੂ ਵਿਚ ਲੈ ਗਏ ਅਤੇ ਲਹੂ ਨਾਲ ਭਰੀ ਤਲਵਾਰ ਲੈ ਕੇ ਫਿਰ ਸੀਸ ਭੇਟ ਦੀ ਮੰਗ ਕੀਤੀ। ਇਸ ਸਮੇਂ ਦੌਰਾਨ ਵਾਰੀ ਵਾਰੀ ਪਹਿਲਾਂ ਧਰਮ ਦਾਸ, ਫਿਰ ਮੋਹਕਮ ਚੰਦ, ਭਾਈ ਸਾਹਿਬ ਚੰਦ ਤੇ ਫਿਰ ਭਾਈ ਹਿੰਮਤ ਰਾਇ ਨੇ ਗੁਰੂ ਸਾਹਿਬ ਨੂੰ ਸੀਸ ਭੇਟ ਕੀਤੇ। ਗੁਰੂ ਸਾਹਿਬ ਨੇ ਇਹਨਾਂ ਪੰਜ ਸਿੱਖਾਂ ਨੂੰ ਨਵੇਂ ਕੱਪੜੇ ਤੇ ਸ਼ਸਤਰ ਧਾਰਨ ਕਰਵਾ ਕੇ ਸੰਗਤ ਦੇ ਸਾਹਮਣੇ ਲਿਆ ਖੜ੍ਹਾ ਕੀਤਾ। ਉਹਨਾਂ ਫਿਰ ਇਹਨਾਂ ਪੰਜ ਸਿੱਖਾਂ ਨੂੰ ਗੁਰਬਾਣੀ ਦਾ ਪਾਠ ਕਰਦੇ ਹੋਏ ਅੰਮ੍ਰਿਤ ਜਲ ਤਿਆਰ ਕਰਕੇ ਅੰਮ੍ਰਿਤ ਛਕਾਇਆ ਅਤੇ ਇਹਨਾਂ ਨੂੰ 'ਖਾਲਸਾ' ਦਾ ਨਾਂ ਦਿੱਤਾ। ਉਹ ਸਾਰੇ ਸਿੱਖ ਦੀ ਥਾਂ 'ਸਿੰਘ' ਬਣ ਗਏ। ਸਿੱਖ ਇਤਿਹਾਸ ਵਿਚ ਜ਼ਿਕਰ ਹੈ ਕਿ ਗੁਰੂ ਸਾਹਿਬ ਨੇ ਇਹਨਾਂ ਪੰਜ ਸਿੰਘਾਂ ਨੂੰ ਅੰਮ੍ਰਿਤਪਾਨ ਕਰਵਾ ਕੇ ਫਿਰ ਖ਼ੁਦ ਇਹਨਾਂ ਪਾਸੋਂ ਅੰਮ੍ਰਿਤ ਛੱਕਿਆ ਤੇ 'ਆਪੇ ਗੁਰ ਆਪੇ ਚੇਲਾ' ਦੇ ਸਿਧਾਂਤ ਵਿਚ ਪਰਿਪੱਕਤਾ ਦਰਸਾਈ। ਗੁਰੂ ਸਾਹਿਬ ਨੇ ਉਹਨਾਂ ਨੂੰ ਪੰਜ ਕਕਾਰੀ (ਕੇਸ, ਕੜਾ, ਕੰਘਾ, ਕਿਰਪਾਨ, ਕਛਹਿਰਾ) ਵਰਦੀ ਪਹਿਨਾਈ ਅਤੇ ਸਿੱਖ ਧਰਮ ਦੇ ਸਿਧਾਂਤਾਂ ਇਕ ਪਰਮਾਤਮਾ ਵਿਚ ਵਿਸ਼ਵਾਸ, ਜਾਤ-ਪਾਤ, ਛੂਤ-ਛਾਤ ਦਾ ਖੰਡਨ ਕਰਕੇ ਸਭ ਨੂੰ ਸਮਾਨਤਾ ਦਾ ਹੱਕ ਦੇਣਾ, ਕੁਕਰਮਾਂ ਦਾ ਤਿਆਗ ਕਰਕੇ ਸਦਾਚਾਰ ਦੇ ਰਾਹ 'ਤੇ ਚੱਲਣ ਲਈ ਪ੍ਰੇਰਿਤ ਕੀਤਾ। ਇਸ ਤਰ੍ਹਾਂ ਖਾਲਸਾ ਪੰਥ ਤਿਆਰ ਕੀਤਾ ਅਤੇ ਸਿੱਖ ਕੌਮ ਨੂੰ ਨਿਆਰਾਪਨ ਬਖਸ਼ਿਆ।
ਖਾਲਸਾ ਪੰਥ ਦੀ ਸਾਜਨਾ ਤੋਂ ਬਾਅਦ ਪਹਾੜੀ ਰਾਜੇ ਗੁਰੂ ਸਾਹਿਬ ਦੇ ਜੋਸ਼, ਦਲੇਰੀ ਅਤੇ ਸਿੱਖ ਕੌਮ ਵਿਚਲੀ ਇਕਮੁੱਠਤਾ ਤੋਂ ਡਰ ਗਏ। ਇਸ ਲਈ ਉਨ੍ਹਾਂ ਮੁਗਲ ਬਾਦਸ਼ਾਹ ਔਰੰਗਜ਼ੇਬ ਨੂੰ ਸਿੱਖਾਂ ਖ਼ਿਲਾਫ਼ ਭੜਕਾ ਕੇ ਅਨੰਦਪੁਰ ਦੇ ਕਿਲ੍ਹੇ 'ਤੇ ਘੇਰਾ ਪੁਆ ਦਿੱਤਾ। ਕਾਫੀ ਸਮਾਂ ਇਹ ਘੇਰਾ ਇਸੇ ਤਰ੍ਹਾਂ ਹੀ ਰਿਹਾ ਅਤੇ ਸਿੱਖ ਬੜੀ ਦਲੇਰੀ ਨਾਲ ਵੈਰੀਆਂ ਨਾਲ ਲੜਦੇ ਰਹੇ। ਪਰ ਹੌਲੀ-ਹੌਲੀ ਕਿਲ੍ਹੇ ਅੰਦਰ ਖਾਣ-ਪੀਣ ਦੇ ਸਮਾਨ ਵਿਚ ਘਾਟ ਆ ਗਈ। ਸਿੱਖ ਤ੍ਰੇਹ ਨਾਲ ਕੁਰਲਾ ਰਹੇ ਸਨ ਜਿਸ ਸਦਕਾ ਕਈ ਸਿੱਖਾਂ ਦਾ ਸਿਦਕ ਡੋਲ ਗਿਆ ਸੀ। ਗੁਰੂ ਸਾਹਿਬ ਦੇ ਕਹਿਣ ਮੁਤਾਬਕ ਕਿ ਜੋ ਸਿੱਖ ਕਿਲ੍ਹਾ ਛੱਡ ਕੇ ਜਾਣਾ ਚਾਹੁੰਦੇ ਹਨ, ਜਾ ਸਕਦੇ ਹਨ। ਤਾਂ 40 ਸਿੱਖ ਬੇਦਾਵਾ ਲਿਖ ਕੇ ਗੁਰੂ ਜੀ ਦਾ ਸਾਥ ਛੱਡ ਕੇ ਘਰੋਂ-ਘਰੀਂ ਚਲੇ ਗਏ। ਜਦ ਕਈ ਮਹੀਨਿਆਂ ਤੱਕ ਗੁਰੂ ਸਾਹਿਬ ਨੇ ਕਿਲ੍ਹਾ ਖਾਲੀ ਨਾ ਕੀਤਾ ਤਾਂ ਮੁਗਲ ਹਾਕਮਾਂ ਨੇ ਝੂਠੀਆਂ ਕਸਮਾਂ ਦੀ ਆੜ ਵਿਚ ਗੁਰੂ ਸਾਹਿਬ ਤੋਂ ਕਿਲ੍ਹਾ ਖਾਲੀ ਕਰਵਾ ਲਿਆ ਤੇ ਜਦ ਗੁਰੂ ਸਾਹਿਬ ਆਪਣੇ ਸਿੱਖਾਂ ਅਤੇ ਪਰਿਵਾਰ ਸਮੇਤ ਕਿਲ੍ਹਾ ਖਾਲੀ ਕਰਕੇ ਜਾ ਰਹੇ ਸਨ ਤਾਂ ਆਪਣੀਆਂ ਕਸਮਾਂ ਨੂੰ ਤੋੜਦੇ ਹੋਏ ਮੁਗਲ ਫੌਜਾਂ ਨੇ ਗੁਰੂ ਸਾਹਿਬ ਦੀਆਂ ਫੌਜਾਂ 'ਤੇ ਚੜ੍ਹਾਈ ਕਰ ਦਿੱਤੀ। ਰਾਤ ਦੇ ਸਮੇਂ ਸਰਸਾ ਨਦੀ ਦੇ ਕੰਢੇ ਜਦ ਮੁਗਲ ਫੌਜਾਂ ਦੀ ਚੜਾਈ ਦੀ ਖਬਰ ਸੁਣੀ ਤਾਂ ਗੁਰੂ ਜੀ ਦਾ ਸਾਰਾ ਕੀਮਤੀ ਸਾਹਿਤ, ਲਿਖਤਾਂ ਸਰਸਾ ਨਦੀ ਦੀ ਭੇਟ ਚੜ੍ਹ ਗਿਆ। ਸਾਰਾ ਪਰਿਵਾਰ ਇਕ ਦੂਜੇ ਤੋਂ ਨਿਖੜ ਗਿਆ, ਕਈ ਸਿੰਘ ਸ਼ਹੀਦ ਹੋ ਗਏ।
ਗੁਰੂ ਜੀ ਆਪਣੇ ਦੋ ਵੱਡੇ ਸਾਹਿਬਜ਼ਾਦਿਆਂ ਅਤੇ 40 ਸਿੰਘਾਂ ਸਮੇਤ ਚਮਕੌਰ ਦੀ ਗੜੀ ਵਿਚ ਪੁੱਜੇ ਅਤੇ ਉਥੇ ਮੁਗਲਾਂ ਨਾਲ ਯੁੱਧ ਕਰਦੇ ਰਹੇ। ਗੁਰੂ ਸਾਹਿਬ ਅਤੇ ਪੰਜ ਸਿੱਖਾਂ ਤੋਂ ਇਲਾਵਾ ਗੁਰੂ ਸਾਹਿਬ ਦੇ ਦੋਨੋਂ ਵੱਡੇ ਸਾਹਿਬਜ਼ਾਦੇ ਅਤੇ ਬਾਕੀ ਸਾਰੇ ਸਿੱਖ ਸ਼ਹੀਦ ਹੋ ਗਏ। ਪੰਜਾਂ ਸਿੱਖਾਂ ਦੇ ਕਹਿਣ ਅਨੁਸਾਰ ਗੁਰੂ ਸਾਹਿਬ ਗੜੀ ਵਿਚੋਂ ਨਿਕਲ ਕੇ ਮਾਛੀਵਾੜੇ ਦੇ ਜੰਗਲਾਂ ਵਿਚ ਚਲੇ ਗਏ। ਉਧਰ, ਦੂਜੇ ਪਾਸੇ ਗੁਰੂ ਸਾਹਿਬ ਦੇ ਦੋ ਛੋਟੇ ਸਾਹਿਬਜ਼ਾਦੇ ਅਤੇ ਮਾਤਾ ਗੁਜਰੀ ਜੀ ਆਪਣੇ ਪਰਿਵਾਰ ਤੋਂ ਸਰਸਾ ਨਦੀ ਪਾਰ ਕਰਨ ਵੇਲੇ ਵਿਛੜ ਗਏ। ਉਹ ਰਸੋਈਏ ਗੰਗੂ ਬ੍ਰਾਹਮਣ ਨਾਲ ਉਸਦੇ ਪਿੰਡ ਖੇੜੀ ਪਹੁੰਚ ਗਏ। ਪਰ ਗੰਗੂ ਬ੍ਰਾਹਮਣ ਦੇ ਲਾਲਚੀ ਸੁਭਾਅ ਕਾਰਨ ਉਸ ਨੇ ਮਾਤਾ ਜੀ ਅਤੇ ਦੋਵੇਂ ਛੋਟੇ ਸਾਹਿਬਜ਼ਾਦਿਆਂ ਨੂੰ ਮੋਰਿੰਡੇ ਦੇ ਨਵਾਬ ਦੇ ਹਵਾਲੇ ਕਰ ਦਿੱਤਾ ਅਤੇ ਅੱਗੇ ਵਜ਼ੀਰ ਖਾਂ ਕੋਲ ਲਿਜਾ ਕੇ ਉਹਨਾਂ ਨੂੰ ਕੈਦ ਕਰ ਲਿਆ ਗਿਆ। ਵਜ਼ੀਰ ਖਾਂ ਨੇ ਉਹਨਾਂ ਨਾਲ ਬਹੁਤ ਅਣਮਨੁੱਖੀ ਵਿਵਹਾਰ ਕੀਤਾ ਤੇ ਦੋਵੇਂ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਨੂੰ ਨੀਹਾਂ ਵਿਚ ਚਣਵਾ ਕੇ ਸ਼ਹੀਦ ਕਰਵਾ ਦਿੱਤਾ। ਅਜਿਹੀ ਸਥਿਤੀ ਵਿਚ ਬੱਚਿਆਂ ਦਾ ਦੁੱਖ ਨਾ ਸਹਾਰਦੇ ਹੋਏ ਬਿਰਧ ਮਾਤਾ ਜੀ ਨੇ ਵੀ ਪ੍ਰਾਣ ਤਿਆਗ ਦਿੱਤੇ।
ਇਸ ਤੋਂ ਕੁਝ ਚਿਰ ਬਾਅਦ ਗੁਰੂ ਸਾਹਿਬ ਦਮਦਮਾ ਸਾਹਿਬ ਆ ਗਏ। ਇਥੇ ਹੀ ਉਹਨਾਂ ਭਾਈ ਮਨੀ ਸਿੰਘ ਜੀ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਲਿਖਵਾਈ, ਜਿਸ ਵਿਚ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਵੀ ਸ਼ਾਮਿਲ ਕਰਵਾਈ ਗਈ। ਮਾਤਾ ਜੀ ਤੇ ਦੋ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ ਪਤਾ ਲੱਗਣ 'ਤੇ ਗੁਰੂ ਸਾਹਿਬ ਨੇ ਔਰੰਗਜ਼ੇਬ ਨੂੰ ਜ਼ਫਰਨਾਮਾ ਲਿਖਿਆ ਜਿਸ ਵਿਚ ਉਸਨੂੰ ਬਹੁਤ ਫਿਟਕਾਰਾਂ ਪਾਈਆਂ। ਫਿਰ ਗੁਰੂ ਸਾਹਿਬ ਦੱਖਣ ਵੱਲ ਜਾ ਕੇ ਨਾਂਦੇੜ ਪਹੁੰਚ ਗਏ ਅਤੇ ਇਥੇ ਮਾਧੋਦਾਸ ਬੈਰਾਗੀ ਸਾਧੂ ਨੂੰ ਅੰਮ੍ਰਿਤ ਛਕਾ ਕੇ 'ਬੰਦਾ ਸਿੰਘ ਬਹਾਦਰ' ਦਾ ਖਿਤਾਬ ਦਿੱਤਾ। ਉਹਨਾਂ ਬੰਦਾ ਸਿੰਘ ਬਹਾਦਰ ਨੂੰ ਪੰਜਾਬ ਭੇਜ ਦਿੱਤਾ ਜਿਥੇ ਉਸਨੇ ਸਿੰਘਾਂ ਨੂੰ ਇਕੱਤਰ ਕਰਕੇ ਸਰਹਿੰਦ ਦੀ ਇੱਟ ਨਾਲ ਇੱਟ ਖੜਕਾ ਦਿੱਤੀ। ਨਾਂਦੇੜ ਵਿਚ ਹੀ ਵਜ਼ੀਰ ਖਾਂ ਵੱਲੋਂ ਭੇਜੇ ਪਠਾਣ ਨੇ ਧੋਖੇ ਨਾਲ ਗੁਰੂ ਜੀ 'ਤੇ ਹਮਲਾ ਕਰ ਦਿੱਤਾ ਅਤੇ ਗੁਰੂ ਜੀ ਦੇ ਪੇਟ 'ਤੇ ਜ਼ਖਮ ਹੋ ਗਿਆ। ਇਹ ਜ਼ਖਮ ਪੂਰੀ ਤਰ੍ਹਾਂ ਠੀਕ ਨਾ ਹੋਇਆ ਤੇ ਅੰਤ ਉਨ੍ਹਾਂ ਅਕਾਲ ਪੁਰਖ ਦਾ ਭਾਣਾ ਮੰਨਦੇ ਹੋਏ ਕਿਸੇ ਨੂੰ ਸਰੀਰਕ ਰੂਪ ਵਿਚ ਗੁਰਿਆਈ ਨਹੀਂ ਦਿੱਤੀ ਬਲਕਿ 1 ਅਕਤੂਬਰ, 1708 ਈ: ਨੂੰ ਸ਼ਬਦ ਗੁਰੂ (ਸ੍ਰੀ ਗੁਰੂ ਗ੍ਰੰਥ ਸਾਹਿਬ ਜੀ) ਨੂੰ ਗੁਰਿਆਈ ਬਖਸ਼ ਕੇ ਸਮੁੱਚੀ ਕੌਮ ਨੂੰ ਇਹਨਾਂ ਦੇ ਲੜ ਲਾਇਆ।
ਇਤਿਹਾਸ ਗਵਾਹ ਹੈ ਕਿ ਗੁਰੂ ਸਾਹਿਬ ਦੁਆਰਾ ਉਠਾਏ ਕ੍ਰਾਂਤੀਕਾਰੀ ਕਦਮਾਂ ਸਦਕਾ ਭਾਵੇਂ ਸਿੱਖਾਂ ਨੇ ਬੇਸ਼ੁਮਾਰ ਕੁਰਬਾਨੀਆਂ ਦਿੱਤੀਆਂ ਹਨ ਪਰ ਅਜਿਹੇ ਰਾਹ ਦੀ ਚਾਅਨਾ ਉਹਨਾਂ ਅੰਦਰ ਗੁਰੂ ਗੋਬਿੰਦ ਸਿੰਘ ਨੇ ਹੀ ਭਰੀ। ਗੁਰੂ ਸਾਹਿਬ ਦੇ ਯਤਨਾਂ ਸਦਕਾ ਸਦੀਆਂ ਤੋਂ ਸ਼ੋਸ਼ਣ ਅਤੇ ਵਿਤਕਰੇ ਦਾ ਸ਼ਿਕਾਰ ਹੁੰਦੇ ਚਲੇ ਆ ਰਹੇ ਭਾਰਤੀ ਸਮਾਜ ਅੰਦਰ ਹੁਣ ਜਾਗਰੁਕਤਾ ਪੈਦਾ ਹੋ ਗਈ ਸੀ। ਆਮ ਆਦਮੀ ਨੂੰ ਵੀ ਆਸ ਦੀ ਕਿਰਨ ਨਜ਼ਰ ਆਉਣੀ ਸ਼ੁਰੂ ਹੋ ਗਈ ਸੀ। ਉਹਨਾਂ ਆਪਣੇ ਆਪ ਨੂੰ ਹਥਿਆਰਬੰਦ ਅਤੇ ਦਲੇਰ ਬਣਾ ਲਿਆ ਸੀ। ਦੁਸ਼ਮਣਾਂ ਤੋਂ ਡਰ ਕੇ ਰਹਿਣ ਨਾਲੋਂ ਬਹਾਦਰੀ ਨਾਲ ਲੜ ਕੇ ਮਰਨ ਵਿਚ ਆਪਣੀ ਸ਼ਾਨ ਸਮਝਣ ਲੱਗ ਪਏ ਸਨ। ਗੁਰੂ ਗੋਬਿੰਦ ਸਿੰਘ ਜੀ ਦਾ ਸਿੱਖ ਕੌਮ ਅੰਦਰ ਇਕ ਨਵੀਂ ਕ੍ਰਾਂਤੀ ਅਤੇ ਵਿਲੱਖਣ ਪਹਿਚਾਣ ਸਥਾਪਿਤ ਕਰਨ ਵਿਚ ਮਹੱਤਵਪੂਰਨ ਯੋਗਦਾਨ ਹੈ।
-