ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਨ ਤੋਂ ਰੋਕਣ ਦੇ ਅਨੇਕਾਂ ਮਾਮਲਿਆਂ ਸਬੰਧੀ ਵਿਸ਼ੇਸ਼ ਇਕੱਤਰਤਾ
ਅੰਮ੍ਰਿਤਸਰ: ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਨਾਮ 'ਤੇ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਵਰਸਾਏ ਨਿਰਮਲੇ, ਉਦਾਸੀ, ਸਿੰਧੀ ਭਾਈਚਾਰੇ ਦੇ ਅਸਥਾਨਾਂ ਤੋ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਹਟਾਉਣ ਦੀਆਂ ਕਾਰਵਾਈਆਂ ਤੋਂ ਚਿੰਤਤ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੱਲੋਂ ਬਣਾਈ ਸਬ ਕਮੇਟੀ ਦੀ ਮੀਟਿੰਗ 18 ਮਾਰਚ ਨੂੰ ਤੇਜਾ ਸਿੰਘ ਸਮੂੰਦਰੀ ਹਾਲ ਵਿਖੇ ਹੋਵੇਗੀ।
ਇਹ ਜਾਣਕਾਰੀ ਦਿੰਦੇ ਹੋਏ ਸਬ ਕਮੇਟੀ ਦੇ ਕੌਆਰਡੀਨੇਟਰ ਗੁਰਮੀਤ ਸਿੰਘ ਨੇ ਦੱਸਿਆ ਕਿ ਕੁਝ ਲੋਕ ਖੁਦ ਨੂੰ ਸਤਿਕਾਰ ਕਮੇਟੀ ਦੇ ਨੁਮਾਇੰਦੇ ਦੱਸਦੇ ਹੋਏ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਤੋਂ ਹੋਏ ਆਦੇਸ਼ਾਂ ਦੀ ਦੁਰਵਰਤੋਂ ਕਰਦਿਆਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਵਰਸਾਏ ਨਿਰਮਲੇ, ਉਦਾਸੀ, ਸਿੰਧੀ ਭਾਈਚਾਰੇ ਦੀਆਂ ਸੰਗਤਾਂ, ਜੋ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ‘ਤੇ ਅਥਾਹ ਸ਼ਰਧਾ ਆਸਥਾ ਰੱਖਦੀਆਂ ਹਨ ਦੇ ਡੇਰਿਆਂ ਅਸਥਾਨਾਂ 'ਤੇ ਜਾ ਕੇ ਸਤਿਕਾਰ ਦੇ ਨਾਮ 'ਤੇ ਉਨ੍ਹਾਂ ਨੂੰ ਡਰਾ ਧਮਕਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਨ ਤੋਂ ਰੋਕਦੇ ਹਨ।
ਜਿਸ ਸਬੰਧੀ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਇਸ ਗੰਭੀਰ ਮਸਲੇ ਨੂੰ ਵਿਚਾਰ ਕੇ ਇਸ ਸਬੰਧੀ ਨਿਯਮਾਵਲੀ ਤੈਅ ਕਰਨ ਲਈ ਉਪਰੋਕਤ ਅਨੁਸਾਰ ਸਿੱਖ ਵਿਦਵਾਨਾਂ ਅਤੇ ਬੁੱਧੀ-ਜੀਵੀਆਂ ਦੀ ਬਾਰਾਂ ਮੈਂਬਰੀ ਸਬ ਕਮੇਟੀ ਦਾ ਗਠਨ ਕੀਤਾ ਸੀ। ਇਹ ਕਮੇਟੀ ਦੀ ਰਿਪੋਰਟ 'ਤੇ ਵਿਚਾਰ ਕਰਨ ਲਈ ਧਰਮ ਪ੍ਰਚਾਰ ਕਮੇਟੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇਸ ਸਬੰਧੀ ਇਕੱਤਰਤਾਵਾਂ ਕਰਨ ਲਈ ਕਿਹਾ ਹੈ।
ਗੁਰਮੀਤ ਸਿੰਘ ਨੇ ਦੱਸਿਆ ਕਿ ਇਸ ਕਮੇਟੀ ਵਿੱਚ ਗੁਰਬਖਸ਼ ਸਿੰਘ ਮੈਂਬਰ, ਸ਼੍ਰੋਮਣੀ ਕਮੇਟੀ, ਸੰਤ ਬਾਬਾ ਤੇਜਾ ਸਿੰਘ ਪ੍ਰਧਾਨ ਪ੍ਰਾਚੀਨ ਦੁਆਵਾਂ, ਨਿਰਮਲ ਮਹਾਂ ਮੰਡਲ, ਡੇਰਾ ਖੁੱਡਾ ਕਲਾਂ, ਹੁਸ਼ਿਆਰਪੁਰ ਬਾਬਾ ਜੋਧ ਸਿੰਘ ਨਿਰਮਲ ਆਸ਼ਰਮ, ਰਿਸ਼ੀਕੇਸ਼, ਗਿ. ਕੁਲਵੰਤ ਸਿੰਘ ਕਥਾ ਵਾਚਕ, ਲੁਧਿਆਣਾ, ਬਾਬਾ ਬੰਤਾ ਸਿੰਘ ਮੁੰਡਾ ਪਿੰਡ, ਡਾ ਜਸਬੀਰ ਸਿੰਘ ਸਾਬਰ, ਸਾਬਕਾ ਡਾਇਰੈਕਟਰ, ਸ਼੍ਰੋਮਣੀ ਕਮੇਟੀ, ਡਾ. ਪਰਮਵੀਰ ਸਿੰਘ ,ਪੰਜਾਬੀ ਯੂਨੀਵਰਸਿਟੀ, ਪਟਿਆਲਾ, ਡਾ. ਇੰਦਰਜੀਤ ਸਿੰਘ ਜੀ ਗੋਗੋਆਣੀ ਪ੍ਰਿੰਸੀਪਲ ਖਾਲਸਾ ਕਾਲਜੀਏਟ ਸਕੂਲ, ਅੰਮ੍ਰਿਤਸਰ, ਡਾ. ਅਮਰਜੀਤ ਸਿੰਘ, ਸ੍ਰੀ ਗੁਰੂ ਗ੍ਰੰਥ ਸਾਹਿਬ ਅਧਿਐਨ ਵਿਭਾਗ ਗੁਰੂ ਨਾਨਕ ਦੇਵ ਯੂਨੀਵਰਸਿਟੀ, ਡਾ. ਚਮਕੌਰ ਸਿੰਘ ਜੀ, ਡਾਇਰੈਕਟਰ ਜਥੇ ਗੁਰਚਰਨ ਸਿੰਘ ਟੌਹੜਾ ਇੰਸਟੀਚਿਉਟ ਆਫ਼ ਐਡਵਾਂਸ ਸਿੱਖ ਸਟੱਡੀਜ਼, ਬਹਾਦਰਗੜ੍ਹ,ਸ ਤੀਰਥ ਸਿੰਘ ਸਾਬਕਾ ਡਾਇਰੈਕਟਰ ਦੂਰਦਰਸ਼ਨ, ਜਲੰਧਰ, ਬਰਜਿੰਦਰ ਪਾਲ ਸਿੰਘ ਲਖਨਊ (ਵਿਸ਼ੇਸ਼ ਸੱਦੇ 'ਤੇ) ਸ਼ਾਮਲ ਕੀਤੇ ਗਿਆ ਸੀ।
- PTC NEWS