Ludhiana News : ਕਲਯੁੱਗੀ ਪੁੱਤ ਨੇ ਨੂੰਹ ਨਾਲ ਮਿਲ ਕੇ ਮਾਰਿਆ ਪਿਓ, ਕੁਦਰਤੀ ਮੌਤ ਦਾ ਦਿੱਤਾ ਰੂਪ, ਜਾਣੋ ਕਿਵੇਂ ਭਤੀਜੇ ਨੇ ਕੈਨੇਡਾ ਤੋਂ ਆ ਕੇ ਖੋਲ੍ਹਿਆ ਰਾਜ਼
Murder in Mullanpur Ludhiana : ਲੁਧਿਆਣਾ ਜ਼ਿਲ੍ਹੇ ਦੇ ਜਗਰਾਉਂ ਦੇ ਮੁੱਲਾਂਪੁਰ ਦਾਖਾ ਤੋਂ ਰਿਸ਼ਤਿਆਂ ਨੂੰ ਤਾਰ-ਤਾਰ ਕਰਨ ਵਾਲੀ ਇੱਕ ਬਹੁਤ ਹੀ ਖੌਫ਼ਨਾਕ ਵਾਰਦਾਤ ਸਾਹਮਣੇ ਆਈ ਹੈ। ਕਲਯੁੱਗੀ ਪੁੱਤ ਨੇ ਆਪਣੀ ਘਰਵਾਲੀ ਨਾਲ ਮਿਲ ਕੇ ਆਪਣੇ ਹੀ ਪਿਤਾ ਦਾ ਕਤਲ ਕਰ ਦਿੱਤਾ ਅਤੇ ਫਿਰ ਵਾਰਦਾਤ ਨੂੰ ਛੁਪਾਉਣ ਅਤੇ ਕੁਦਰਤੀ ਮੌਤ ਦਾ ਢੌਂਗ ਕਰਨ ਲਈ ਤੁਰੰਤ ਸਸਕਾਰ ਵੀ ਕਰ ਦਿੱਤਾ। ਪਰ ਜਦੋਂ ਇਸ ਪੂਰੇ ਮਾਮਲੇ 'ਤੇ ਭਤੀਜੇ ਨੂੰ ਸ਼ੱਕ ਹੋਇਆ ਤਾਂ ਉਸ ਨੇ ਕੈਨੇਡਾ ਤੋਂ ਆ ਕੇ ਖੁਦ ਜਾਂਚ ਪੜਤਾਲ ਕੀਤੀ ਤਾਂ ਇਸ ਸਾਰੇ ਮਾਮਲੇ ਤੋਂ ਪਰਦਾ ਉਠਿਆ। ਫਿਲਹਾਲ ਪੁਲਿਸ ਨੇ ਮੁਲਜ਼ਮ ਪੁੱਤ ਤੇ ਨੂੰਹ 'ਤੇ ਕੇਸ ਦਰਜ ਕਰ ਲਿਆ ਹੈ।
ਮ੍ਰਿਤਕ ਦੀ ਪਛਾਣ ਜਗਰੂਪ ਸਿੰਘ ਵਾਸੀ ਬਲੀਪੁਰ ਵਜੋਂ ਹੋਈ ਹੈ, ਜਦਕਿ ਮੁਲਜ਼ਮਾਂ ਦੀ ਪਛਾਣ ਗੁਰਇਕਬਾਲ ਸਿੰਘ ਅਤੇ ਉਸ ਦੀ ਪਤਨੀ ਸੁਰਿੰਦਰ ਕੌਰ ਵੱਜੋਂ ਹੋਈ ਹੈ। ਪੁਲਿਸ ਨੇ ਮਾਮਲੇ 'ਚ ਭਤੀਜੇ ਦੇ ਬਿਆਨਾਂ 'ਤੇ ਮੁਲਜ਼ਮ ਪਤੀ-ਪਤਨੀ ਖਿਲਾਫ਼ ਕੇਸ ਦਰਜ ਕਰ ਲਿਆ ਹੈ। ਫਿਲਹਾਲ ਦੋਵੇਂ ਪਤੀ-ਪਤਨੀ ਫਰਾਰ ਹਨ।
ਕਿਵੇਂ ਖੁੱਲ੍ਹਿਆ ਕਤਲ ਤੋਂ ਰਾਜ਼ ?
ਪੁਲਿਸ ਅਨੁਸਾਰ ਮ੍ਰਿਤਕ ਦੇ ਭਤੀਜੇ ਕਿਰਨਵੀਰ ਸਿੰਘ ਨੇ ਦੱਸਿਆ ਕਿ ਉਹ ਕੈਨੇਡਾ 'ਚ ਰਹਿੰਦਾ ਹੈ ਅਤੇ ਉਸ ਦੇ ਪਿਤਾ ਦੀ ਮੌਤ ਤੋਂ ਬਾਅਦ ਉਸ ਦੇ ਤਾਏ ਜਗਰੂਪ ਸਿੰਘ ਨੇ ਹੀ ਉਸ ਨੂੰ ਪਾਲਿਆ ਸੀ ਅਤੇ ਕੈਨੇਡਾ ਭੇਜਿਆ ਸੀ। 3 ਮਹੀਨੇ ਪਹਿਲਾਂ ਉਸ ਦੀ ਮਾਂ ਦੀ ਮੌਤ ਹੋ ਗਈ ਸੀ ਅਤੇ ਉਨ੍ਹਾਂ ਦੀ ਜ਼ਮੀਨ ਦੀ ਦੇਖਭਾਲ ਵੀ ਉਸ ਦਾ ਤਾਇਆ ਹੀ ਕਰਦਾ ਸੀ। ਉਸ ਨੇ ਕਿਹਾ ਕਿ ਕੈਨੇਡਾ 'ਚ ਕਈ ਵਾਰੀ ਜਗਰੂਪ ਸਿੰਘ ਨੇ ਫੋਨ 'ਤੇ ਗੱਲਬਾਤ 'ਚ ਆਪਣੇ ਮੁੰਡੇ ਤੇ ਨੂੰਹ ਤੋਂ ਜਾਨੋਂ ਮਾਰੇ ਜਾਣ ਦਾ ਖਦਸ਼ਾ ਵੀ ਪ੍ਰਗਟਾਇਆ ਸੀ।
ਕਿਰਨਵੀਰ ਨੇ ਅੱਗੇ ਕਿਹਾ ਕਿ ਦੋ ਦਿਨ ਪਹਿਲਾਂ ਵੀ ਤਾਏ ਦਾ ਉਸ ਨੂੰ ਕੁੱਟਮਾਰ ਬਾਰੇ ਫੋਨ ਆਇਆ ਤਾਂ ਉਹ ਭਾਰਤ ਆਉਣ ਦੀ ਤਿਆਰੀ ਕਰ ਰਿਹਾ ਸੀ, ਪਰ ਇਸ ਤੋਂ ਪਹਿਲਾਂ ਹੀ ਤਾਏ ਦੀ ਕੁੜੀ ਇੰਦਰਜੀਤ ਦਾ ਫੋਨ ਆ ਗਿਆ ਕਿ ਜਗਰੂਪ ਸਿੰਘ ਦੀ ਮੌਤ ਹੋ ਗਈ ਹੈ। ਉਸ ਨੇ ਕਿਹਾ ਕਿ ਉਸ ਨੇ ਮੁਲਜ਼ਮਾਂ ਨੂੰ ਉਸ ਦੇ ਆਉਣ ਤੱਕ ਜਗਰੂਪ ਸਿੰਘ ਦਾ ਸਸਕਾਰ ਨਾ ਕਰਨ ਬਾਰੇ ਵੀ ਕਿਹਾ ਸੀ, ਪਰ ਉਨ੍ਹਾਂ ਨੇ ਲਾਸ਼ ਖਰਾਬ ਹੋਣ ਦਾ ਕਹਿ ਕੇ ਤੁਰੰਤ ਸਸਕਾਰ ਕਰ ਦਿੱਤਾ, ਜਿਸ ਤੋਂ ਉਸ ਨੂੰ ਮਾਮਲੇ 'ਚ ਕੁੱਝ ਸ਼ੱਕ ਹੋਇਆ।
ਉਸ ਨੇ ਦੱਸਿਆ ਜਦੋਂ ਉਹ ਭਾਰਤ ਆਇਆ ਤਾਂ ਪਰਿਵਾਰ ਦੇ ਇੱਕ ਜ਼ਿੰਮੇਵਾਰ ਵਿਅਕਤੀ ਨੇ ਉਸ ਨੂੰ ਇੱਕ ਪੈਨਡਰਾਈਵ ਦਿੱਤੀ, ਜਿਸ 'ਚ ਇੱਕ ਵੀਡੀਓ ਸੀ, ਜਦੋਂ ਉਸ ਨੇ ਵੀਡੀਓ ਵੇਖੀ ਤਾਂ ਉਸ ਵਿੱਚ ਜਗਰੂਪ ਸਿੰਘ ਦੀ ਨੂੰਹ ਵੱਲੋਂ ਕੁੱਟਮਾਰ ਕੀਤੀ ਜਾ ਰਹੀ ਅਤੇ ਧੱਕਾ ਦਿਤਾ ਗਿਆ ਸੀ, ਜਿਸ ਵਿੱਚ ਉਸ ਦੇ ਤਾਏ ਦਾ ਮੁੰਡਾ ਵੀ ਸਹਿਯੋਗ ਦੇ ਰਿਹਾ ਸੀ, ਜਿਸ ਦੌਰਾਨ ਜਗਰੂਪ ਸਿੰਘ ਦੀ ਮੌਤ ਹੋ ਗਈ।
ਉਪਰੰਤ, ਮੁਲਜ਼ਮ ਪੁੱਤ ਨੇ ਪਿਤਾ ਦਾ ਕਾਨੂੰਨੀ ਕਾਰਵਾਈ ਤੋਂ ਬਿਨਾਂ ਹੀ ਸਸਕਾਰ ਕਰ ਦਿੱਤਾ ਅਤੇ ਪਤਨੀ ਨੂੰ ਵੀ ਤੁਰੰਤ ਵਿਦੇਸ਼ ਭੇਜ ਦਿੱਤਾ। ਪੁਲਿਸ ਨੇ ਮਾਮਲੇ 'ਚ ਜਾਂਚ ਉਪਰੰਤ ਦੋਵਾਂ ਮੁਲਜ਼ਮ ਪਤੀ-ਪਤਨੀ ਖਿਲਾਫ਼ ਕੇਸ ਦਰਜ ਕਰ ਲਿਆ ਹੈ। ਫਿਲਹਾਲ ਦੋਵੇਂ ਮੁਲਜ਼ਮ ਫ਼ਰਾਰ ਹਨ।
- PTC NEWS