ਕਿਸਾਨਾਂ ਦਾ ਵੱਡਾ ਐਲਾਨ, 13 ਨੂੰ ਪੰਜਾਬ ਭਰ 'ਚ ਸੜਕੀ ਆਵਾਜਾਈ ਕਰਨਗੇ ਠੱਪ
Kisan Road Jam News : 13 ਅਕਤੂਬਰ ਨੂੰ ਜੇਕਰ ਤੁਸੀ ਕਿਸੇ ਕੰਮ ਲਈ ਦੂਜੇ ਸ਼ਹਿਰ ਜਾਣ ਲੱਗੇ ਹੋ ਤਾਂ ਇਹ ਖ਼ਬਰ ਤੁਹਾਡੇ ਲਈ ਹੈ, ਕਿਉਂਕਿ ਸੰਯੁਕਤ ਕਿਸਾਨ ਮੋਰਚੇ ਵੱਲੋਂ 13 ਅਕਤੂਬਰ ਨੂੰ ਪੰਜਾਬ ਭਰ 'ਚ ਸੜਕਾਂ ਬੰਦ ਕਰਨ ਦਾ ਐਲਾਨ ਕੀਤਾ ਗਿਆ ਹੈ। ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ (Balbir Singh Rajewal) ਨੇ ਐਲਾਨ ਕਰਦਿਆਂ ਕਿਹਾ ਕਿ 13 ਅਕਤੂਬਰ ਨੂੰ 3 ਘੰਟੇ ਲਈ ਪੰਜਾਬ ਦੀਆਂ ਸੜਕਾਂ ਠੱਪ ਕੀਤੀਆਂ ਜਾਣਗੀਆਂ।
ਚੰਡੀਗੜ੍ਹ 'ਚ ਪ੍ਰੈਸ ਕਾਨਫਰੰਸ ਦੌਰਾਨ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਐਲਾਨ ਕਰਦਿਆਂ ਕਿਹਾ ਕਿ ਅਜਿਹਾ ਪਹਿਲੀ ਵਾਰ ਹੋਇਆ ਕੇ ਖਰੀਦ ਸ਼ੁਰੂ ਨਹੀਂ ਹੋਈ ਹੈ, ਜਿਸ ਲਈ ਪੰਜਾਬ ਅਤੇ ਦਿੱਲੀ ਦੋਵੇਂ ਸਰਕਾਰਾਂ ਦੋਸ਼ੀ ਹਨ। ਉਨ੍ਹਾਂ ਕਿਹਾ ਕਿ ਸਰਕਾਰ ਦਾ ਵਤੀਰਾ ਕਿਸਾਨ ਨੂੰ ਮਾਰਨਾ ਹੈ।
ਕਿਸਾਨ ਆਗੂ ਨੇ ਕਿਹਾ ਕਿ ਜੇਕਰ ਸਰਕਾਰ ਨੇ ਝੋਨਾ ਪੰਜਾਬ ਤੋਂ ਸ਼ਿਫਟ ਨਹੀਂ ਕੀਤਾ ਤਾਂ ਪੰਜਾਬ ਤਬਾਹ ਹੋ ਜਾਵੇਗਾ। ਇਸਦੇ ਮੱਦੇਨਜ਼ਰ 13 ਤਰੀਕ ਨੂੰ ਅਸੀਂ ਪੰਜਾਬ ਦਾ 12 ਤੋਂ 3 ਵਜੇ ਤੱਕ ਸੜਕੀ ਆਵਾਜਾਈ ਠੱਪ ਕਰਾਂਗੇ ਅਤੇ 14 ਤਰੀਕ ਨੂੰ ਸਾਰੀਆਂ ਜਥੇਬੰਦੀਆਂ ਨਾਲ ਇੱਕ ਸਾਂਝੀ ਮੀਟਿੰਗ ਕਿਸਾਨ ਭਵਨ 'ਚ ਸਰਕਾਰ ਦੇ ਖਿਲਾਫ ਸਖਤ ਕਦਮ ਚੁੱਕਣ ਲਈ ਕੀਤੀ ਜਾਵੇਗੀ।
ਕਿਸਾਨ ਆਗੂ ਨੇ ਕਿਹਾ ਕਿ ਸਾਡੇ ਗੋਦਾਮਾਂ 'ਚ ਅਜੇ ਵੀ ਝੋਨਾ ਪੈਂਡਿੰਗ ਪਿਆ, ਜਿਸ ਲਈ ਅਸੀਂ ਸਰਕਾਰ ਨੂੰ ਚੇਤਾਵਨੀ ਦਿੰਦੇ ਹਾਂ ਕਿ ਜਲਦ ਸਾਰੇ ਗੁਦਾਮ ਖਾਲੀ ਕਰਵਾਏ ਜਾਣ, ਕਿਉਂਕਿ ਪੰਜਾਬ ਦੇ ਭਵਿੱਖ ਨੂੰ ਬਚਾਉਣਾ ਹੈ। ਇਹ ਫੈਸਲਾ ਸਾਂਝੇ ਤੌਰ 'ਤੇ ਜਥੇਬੰਦੀਆਂ ਨੇ ਲਿਆ ਹੈ, ਕਿਉਂਕਿ ਇਹ ਮਸਲਾ ਸਾਡਾ ਨਹੀਂ ਸਾਰੇ ਪੰਜਾਬ ਦਾ ਮਸਲਾ ਹੈ। ਉਨ੍ਹਾਂ ਕਿਹਾ ਕਿ ਬਹੁਤ ਸਾਰੇ ਲੋਕਾਂ ਤੋਂ ਘੱਟ ਕੀਮਤ 'ਤੇ ਝੋਨਾ ਲਿਆ ਜਾ ਰਿਹਾ ਹੈ।
ਰਾਜੇਵਾਲ ਨੇ ਕਿਹਾ ਕਿ ਅੱਜ ਸਾਨੂੰ ਇੱਕ ਹੋ ਕੇ ਲੜਾਈ ਲੜਨੀ ਪਵੇਗੀ। ਇਸ ਲਈ 13 ਅਕਤੂਬਰ ਨੂੰ ਪੰਜਾਬ ਭਰ 'ਚ 3 ਘੰਟੇ ਲਈ ਟਰੈਫਿਕ ਰੋਕ ਕੇ ਸਰਕਾਰ ਨੂੰ ਇੱਕ ਚੇਤਾਵਨੀ ਦੇ ਰਹੇ ਹਾਂ।
- PTC NEWS