ਲੁਧਿਆਣਾ, 13 ਜਨਵਰੀ: ਮਾਛੀਵਾੜਾ ਕਸਬੇ ਦੇ ਪਿੰਡ ਸਿਕੰਦਰਪੁਰ ਵਿੱਚ ਇੱਕ ਸ਼ਰਾਬੀ ਨੇ ਨਸ਼ੇ 'ਚ ਆਪਣੀ ਭਰਜਾਈ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ। ਇਸ ਮਗਰੋਂ ਕਾਤਲ ਜੇਠ ਲਾਸ਼ ਨੂੰ ਬੋਰੀ ਵਿੱਚ ਭਰ ਕੇ ਖੇਤ ਵਿੱਚ ਸੁੱਟ ਕੇ ਫ਼ਰਾਰ ਹੋ ਗਿਆ। ਇਨ੍ਹਾਂ ਹੀ ਨਹੀਂ, ਕਾਤਲ ਨੇ ਕਤਲ ਦੀ ਘਟਨਾ ਨੂੰ ਆਪਣੇ ਸਮਰਾਟ ਫ਼ੋਨ ਵਿੱਚ ਰਿਕਾਰਡ ਕਰ ਲਿਆ ਅਤੇ ਵੀਡੀਓ ਇੱਕ ਦੋਸਤ ਨੂੰ ਵੀ ਭੇਜੀ। ਦੋਸਤ ਨੇ ਗਾਹਾਂ ਉਹ ਵੀਡੀਓ ਮ੍ਰਿਤਕਾ ਦੇ ਪਤੀ ਨੂੰ ਭੇਜ ਦਿੱਤੀ, ਜਿਸ ਨਾਲ ਗੁਨਾਹ ਦਾ ਪਰਦਾਫਾਸ਼ ਹੋ ਗਿਆ। ਮ੍ਰਿਤਕਾ ਦੀ ਪਛਾਣ 30 ਸਾਲਾ ਮੁਸਕਾਨ ਵਜੋਂ ਹੋਈ, ਜਿਸਦੀ ਇੱਕ ਸਾਲ ਦੀ ਬੇਟੀ ਨੂੰ ਕਾਤਲ ਜੇਠ ਆਪਣੇ ਗੁਆਂਢੀ ਦੇ ਹਵਾਲੇ ਕਰ ਫ਼ਰਾਰ ਹੋ ਗਿਆ।ਮਾਛੀਵਾੜਾ ਪੁਲਿਸ ਨੇ 32 ਸਾਲਾ ਜੇਠ ਅਮਰੀਕ ਸਿੰਘ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰ ਲਿਆ ਹੈ। ਸੂਚਨਾ ਮਿਲਣ ਦੇ ਕੁਝ ਘੰਟਿਆਂ ਬਾਅਦ ਹੀ ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲਿਸ ਅਨੁਸਾਰ ਮੁਲਜ਼ਮ ਅਮਰੀਕ ਸਿੰਘ ਦੀ ਪਤਨੀ 6 ਮਹੀਨਿਆਂ ਤੋਂ ਵੱਖ ਰਹਿਣ ਲੱਗੀ ਸੀ। ਉਸਨੂੰ ਸ਼ੱਕ ਸੀ ਕਿ ਮੁਸਕਾਨ ਨੇ ਹੀ ਉਸਦੇ ਅਤੇ ਉਸਦੀ ਪਤਨੀ ਵਿੱਚ ਮਤਭੇਦ ਪੈਦਾ ਕਰਵਾਏ ਹਨ। ਜਿਸਨੂੰ ਲੈ ਕੇ ਮੁਲਜ਼ਮ ਨੇ ਕਤਲ ਦੀ ਘਟਨਾ ਨੂੰ ਅੰਜਾਮ ਦਿੱਤਾ।