ਸਰਹਿੰਦ ਰੋਜ਼ਾ ਸ਼ਰੀਫ ਦਾ ਉਰਸ; ਜਾਣੋ ਕੀ ਹੈ ਇਸਦਾ ਇਤਿਹਾਸ, ਜਿੱਥੇ ਲੱਖਾ-ਕਰੋੜਾ ਸ਼ਰਧਾਲੂ ਕਰਦੇ ਹਨ ਸ਼ਿਰਕਤ
ਸ੍ਰੀ ਫ਼ਤਹਿਗੜ੍ਹ ਸਾਹਿਬ: ਰੋਜ਼ਾ ਸ਼ਰੀਫ ਸਰਹਿੰਦ ’ਚ ਸ਼ੇਖ ਅਹਿਮਦ ਫਾਰੂਕੀ ਸਰਹਿੰਦੀ ਮੁਜ਼ਦੱਦ ਅਲਫ਼ਸਾਨੀ ਦੀ ਦਰਗਾਹ ’ਤੇ ਤਿੰਨ ਰੋਜ਼ਾ ਉਰਸ ਸ਼ੁਰੂ ਹੋ ਗਿਆ। ਪੰਜ ਸਾਲਾਂ ਬਾਅਦ ਪਾਕਿਸਤਾਨ ਤੋਂ 127 ਸ਼ਰਧਾਲੂਆਂ ਜੱਥਾ ਇੱਥੇ ਸਿਜਦਾ ਕਰਨ ਲਈ ਪਹੁੰਚੇ ਅਤੇ ਭਾਰਤ ਦੇ ਵੱਖ-ਵੱਖ ਹਿੱਸਿਆਂ ’ਚੋਂ ਸ਼ਰਧਾਲੂਆਂ ਦਾ ਪਹੁੰਚਣਾ ਜਾਰੀ ਹੈ|
ਪਾਕਿਸਤਾਨ ਤੋਂ ਰੋਜ਼ਾ ਸ਼ਰੀਫ਼ ਸਰਹਿੰਦ ਪਹੁੰਚੇ ਜੱਥੇ ਦਾ ਫ਼ਤਹਿਗੜ੍ਹ ਸਾਹਿਬ ਦੇ ਵਿਧਾਇਕ ਲਖਵੀਰ ਸਿੰਘ ਰਾਏ ਨੇ ਸਵਾਗਤ ਕੀਤਾ। ਅਬੂ ਬੱਕਰ ਅਤੇ ਸ਼ੇਰਬਾਜ਼ ਦੀ ਅਗਵਾਈ ਹੇਠ ਜਥੇ ’ਚ ਸ਼ਾਮਲ ਵਿਅਕਤੀਆਂ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਦੀ ਮਹਿਮਾਨਨਿਵਾਜ਼ੀ ਨੇ ਉਨ੍ਹਾਂ ਦਾ ਦਿਲ ਮੋਹ ਲਿਆ ਹੈ।
ਰੋਜ਼ਾ ਸ਼ਰੀਫ ਦੇ ਮੌਜੂਦਾ ਖਲੀਫ਼ਾ ਸਈਦ ਸਾਦਿਕ ਰਜ਼ਾ ਨੇ ਦੱਸਿਆ ਕਿ ਉਰਸ ਦੇ ਪਹਿਲੇ ਦਿਨ ਤੋਂ ਹੀ ਸ਼ੇਖ ਅਲਫ਼ਸਾਨੀ ਦੀ ਮਜ਼ਾਰ ’ਤੇ ਵੱਡੀ ਗਿਣਤੀ ਵਿੱਚ ਸ਼ਰਧਾਲੂ ਪਹੁੰਚਣੇ ਸ਼ੁਰੂ ਹੋ ਗਏ ਸਨ ਅਤੇ ਬੰਗਲਾਦੇਸ਼ ਅਤੇ ਅਫ਼ਗਾਨਿਸਤਾਨ ਤੋਂ ਵੀ ਸ਼ਰਧਾਲੂ ਆਏ ਹਨ|
ਉਨ੍ਹਾਂ ਕਿਹਾ ਕਿ ਸ਼ਰਧਾਲੂਆਂ ਵੱਲੋਂ ਸ਼ੇਖ ਅਲਫ਼ਸਾਨੀ ਦੀ ਮਜ਼ਾਰ ’ਤੇ ਚਾਦਰਾਂ ਚੜ੍ਹਾ ਕੇ ਦੁਆ ਕੀਤੀ ਗਈ। ਖਲੀਫ਼ਾ ਮੁਤਾਬਿਕ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਸ਼ਰਧਾਲੂਆਂ ਦੀ ਸੁਰੱਖਿਆ ਅਤੇ ਰਹਿਣ-ਸਹਿਣ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ|
‘ਸਰਹੱਦਾਂ ਜ਼ਮੀਨ ਨੂੰ ਵੰਡ ਸਕਦੀਆਂ ਨੇ ਪਰ ਦਿਲਾਂ ਨੂੰ ਨਹੀਂ’
ਪਾਕਿਸਤਾਨ ਤੋਂ ਜਥੇ ’ਚ ਆਏ ਇੱਕ ਸ਼ਰਧਾਲੂ ਨੇ ਕਿਹਾ ਕਿ ਸਰਹੱਦਾਂ ਜ਼ਮੀਨ ਵੰਡ ਸਕਦੀਆਂ ਹਨ ਪਰ ਦਿਲਾਂ ਨੂੰ ਨਹੀ ਕਿਉਂਕਿ ਦੋਵਾਂ ਮੁਲਕਾਂ ਦੇ ਬਾਸ਼ਿੰਦੇ ਇੱਕ-ਦੂਜੇ ਨੂੰ ਬਹੁਤ ਮੁਹੱਬਤ ਕਰਦੇ ਹਨ। ਉਨ੍ਹਾਂ ਆਖਿਆ ਕਿ ਸ਼ੇਖ ਅਲਫ਼ਸਾਨੀ ਨੇ ਸੰਸਾਰ ਨੂੰ ਮੁਹੱਬਤ ਦਾ ਪੈਗ਼ਾਮ ਦਿੱਤਾ ਸੀ ਅਤੇ ਉਹ ਇਸੇ ਪੈਗ਼ਾਮ ’ਤੇ ਚੱਲਦਿਆਂ ਇੱਥੇ ਉਨ੍ਹਾਂ ਦੀ ਦਰਗਾਹ ’ਤੇ ਸਿਜਦਾ ਕਰਨ ਆਏ ਹਨ| ਉਨ੍ਹਾਂ ਨੇ ਭਾਰਤ ਸਰਕਾਰ ਵੱਲੋਂ ਕੀਤੇ ਪ੍ਰਬੰਧਾਂ ਦੀ ਸ਼ਲਾਘਾ ਵੀ ਕੀਤੀ।
ਰੋਜ਼ਾ ਸ਼ਰੀਫ: ਸ੍ਰੀ ਫ਼ਤਹਿਗੜ੍ਹ ਸਾਹਿਬ
ਇਹ ਸਥਾਨ ਸਰਹਿੰਦ ਫਤਹਿਗੜ੍ਹ ਸਾਹਿਬ ਵਿੱਖੇ ਫਤਹਿਗੜ੍ਹ ਸਾਹਿਬ ਤੋ ਬਸੀ ਪਠਾਣਾ ਵੱਲ ਜਾਂਦੀ ਸੜਕ ਤੇ ਗੁਰਦੁਆਰਾ ਸ੍ਰੀ ਫਤਹਿਗੜ੍ਹ ਸਾਹਿਬ ਦੇ ਨਜਦੀਕ ਹੈ ਅਤੇ ਇਸ ਨੂੰ ਸ਼ੇਖ ਅਹਿਮਦ ਫਰੂਕੀ ਸਰਹਿੰਦੀ ਜਿਸ ਨੂੰ ਆਮ ਤੌਰ ਤੇ ਮੁਜਾਜਦਿਦ ਅਲਫ ਇਸਫਾਨੀ ਜੋ ਕਿ ਰਾਜਾ ਅਕਬਰ ਅਤੇ ਜਹਾਂਗੀਰ ਦੇ ਸਮੇਂ 1563—1624 ਦੌਰਾਨ ਇੱਥੇ ਰਹੇ, ਦੀ ਦਰਗਾਹ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ।
ਸੁੰਨੀ ਮੁਸਲਮਾਨਾਂ ਵਿੱਚ ਇਸ ਦੀ ਬਹੁਤ ਮਾਨਤਾ ਹੈ ਅਤੇ ਉਹ ਇਸ ਨੂੰ ਮੱਕੇ ਤੋ ਬਾਅਦ ਦੂਸਰਾ ਸਭ ਤੋ ਪਵਿੱਤਰ ਸਥਾਨ ਮੰਨਦੇ ਹਨ।
ਇਥੇ ਹਰ ਸਾਲ ਉਰਸ ਬੜੇ ਉਤਸਾਹ ਨਾਲ ਮੰਨਾਇਆ ਜਾਂਦਾ ਹੈ।ਹਰ ਸਾਲ ਇਸ ਉਰਸ ਨੂੰ ਮੰਨਾਉਣ ਦੀ ਤਾਰੀਖ 10 ਦਿਨ ਪਿਛਲੇ ਸਾਲ ਨਾਲੋ ਪਹਿਲਾਂ ਹੁੰਦੀ ਹੈ । ਜਿਸ ਵਿੱਚ ਬਹਾਰਲੇ ਦੇਸ਼ਾ ਤੋ ਵੀ ਵੱਡੀ ਗਿਣਤੀ ਵਿੱਚ ਸਰਧਾਲੂ ਆਉਦੇ ਹਨ ।
- PTC NEWS