ਸਿੱਧੂ ਮੂਸੇਵਾਲਾ ਕਤਲ ਮਾਮਲਾ: ਦੀਪਕ ਟੀਨੂੰ ਨੂੰ ਭੱਜਣ ਵਿੱਚ ਮਦਦ ਕਰਨ ਵਾਲੇ ਨੌਂ ਮੁਲਜ਼ਮਾਂ ਸਮੇਤ ਗੈਂਗਸਟਰ ਦਾ ਭਰਾ ਗ੍ਰਿਫ਼ਤਾਰ
ਪਟਿਆਲਾ, 7 ਨਵੰਬਰ: ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਕੇਸ ਦੀ ਜਾਂਚ ਲਈ ਗਠਿਤ ਐਸਆਈਟੀ ਹੁਣ ਤੱਕ 9 ਵਿਅਕਤੀਆਂ ਨੂੰ ਗ੍ਰਿਫਤਾਰ ਕਰ ਚੁੱਕੀ ਹੈ, ਜਿਨ੍ਹਾਂ ਨੇ ਗੈਂਗਸਟਰ ਦੀਪਕ ਟੀਨੂੰ ਨੂੰ ਪੁਲਿਸ ਹਿਰਾਸਤ ਵਿੱਚੋਂ ਭੱਜਣ ਵਿੱਚ ਮਦਦ ਕੀਤੀ ਸੀ। ਦੀਪਕ ਟੀਨੂੰ ਦਾ ਭਰਾ ਚਿਰਾਗ ਵੀ ਮੁਲਜ਼ਮਾਂ ਵਿੱਚ ਸ਼ਾਮਲ ਹੈ।
ਭਿਵਾਨੀ ਨਿਵਾਸੀ ਚਿਰਾਗ 1 ਅਤੇ 2 ਅਕਤੂਬਰ ਦੀ ਦਰਮਿਆਨੀ ਰਾਤ ਨੂੰ ਗੈਂਗਸਟਰ ਪੁਲਿਸ ਹਿਰਾਸਤ 'ਚੋਂ ਫਰਾਰ ਹੋਣ ਤੋਂ ਬਾਅਦ ਦੀਪਕ ਟੀਨੂੰ ਅਤੇ ਉਸ ਦੀ ਪ੍ਰੇਮਿਕਾ ਜੋਤੀ ਨੂੰ ਰਾਜਸਥਾਨ ਦੇ ਗੋਗਾਮੇਰੀ ਲੈ ਗਿਆ ਸੀ।
ਇਸ ਮੌਕੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਪਟਿਆਲਾ ਰੇਂਜ ਦੇ ਆਈਜੀ ਮੁਖਵਿੰਦਰ ਸਿੰਘ ਛੀਨਾ ਨੇ ਦੱਸਿਆ ਕਿ ਫਰਾਰ ਹੋਣ 'ਚ ਮਦਦ ਕਰਨ ਦੇ ਮਾਸਟਰਮਾਈਂਡ ਚਿਰਾਗ (ਟੀਨੂੰ ਦੇ ਭਰਾ) ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਅਪਰਾਧ ਵਿੱਚ ਵਰਤੀ ਗਈ 0.32 ਬੋਰ ਦੇ ਦੋ ਪਿਸਤੌਲ ਅਤੇ ਇੱਕ ਨੀਲੇ ਰੰਗ ਦੀ ਸੈਂਟਰੋ ਕਾਰ ਬਰਾਮਦ ਕੀਤੀ ਗਈ ਹੈ। ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਵਿੱਚ ਪ੍ਰਿਤਪਾਲ ਸਿੰਘ, ਜਤਿੰਦਰ ਕੌਰ ਉਰਫ਼ ਜੋਤੀ, ਕੁਲਦੀਪ ਸਿੰਘ ਉਰਫ਼ ਕੋਹਲੀ; ਰਾਜਵੀਰ ਸਿੰਘ ਉਰਫ ਕਾਜਮਾ, ਰਜਿੰਦਰ ਸਿੰਘ ਉਰਫ ਗੋਰਾ; ਸਰਬਜੋਤ ਸਿੰਘ ਉਰਫ ਸੰਨੀ; ਬਿੱਟੂ (ਟੀਨੂੰ ਦਾ ਭਰਾ); ਦੀਪਕ ਟੀਨੂੰ ਅਤੇ ਚਿਰਾਗ (ਟੀਨੂੰ ਦਾ ਭਰਾ) ਸ਼ਾਮਲ ਹਨ। ਇਸ ਦੇ ਨਾਲ ਸੱਤ ਹਥਿਆਰ ਅਤੇ ਚਾਰ ਵਾਹਨ (ਮਾਰੂਤੀ ਬਰੇਜ਼ਾ, ਸਕੋਡਾ ਰੈਪਿਡ, ਹੁੰਡਈ ਸੈਂਟਰੋ- ਭੱਜਣ ਵਿੱਚ ਵਰਤੇ ਗਏ, ਮਰਸੀਡੀਜ਼ ਬੈਂਜ਼) ਬਰਾਮਦ ਕੀਤੇ ਗਏ ਹਨ।
ਜ਼ਿਕਰਯੋਗ ਹੈ ਕਿ ਸਿੱਧੂ ਮੂਸੇਵਾਲਾ ਕਤਲ ਕਾਂਡ ਦਾ ਮੁਲਜ਼ਮ ਅਤੇ ਜੇਲ੍ਹ ਵਿੱਚ ਬੰਦ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਸਾਥੀ ਗੈਂਗਸਟਰ ਦੀਪਕ ਉਰਫ ਟੀਨੂੰ 2 ਅਕਤੂਬਰ ਦੀ ਤੜਕੇ ਮਾਨਸਾ ਪੁਲਿਸ ਦੀ ਸੀਆਈਏ ਯੂਨਿਟ ਦੀ ਹਿਰਾਸਤ ਵਿੱਚੋਂ ਭੱਜ ਗਿਆ ਸੀ। ਮਾਨਸਾ ਪੁਲਿਸ ਨੇ ਦੀਪਕ ਟੀਨੂੰ ਨੂੰ ਤਰਨਤਾਰਨ ਜ਼ਿਲ੍ਹੇ ਦੀ ਗੋਇੰਦਵਾਲ ਸਾਹਿਬ ਜੇਲ੍ਹ ਤੋਂ ਵਾਰੰਟ 'ਤੇ ਪੇਸ਼ੀ ’ਤੇ ਲਿਆਂਦਾ ਸੀ।
ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ 19 ਅਕਤੂਬਰ ਨੂੰ ਦੀਪਕ ਟੀਨੂੰ ਨੂੰ ਅਜਮੇਰ ਤੋਂ ਗ੍ਰਿਫ਼ਤਾਰ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ ਸੀ। ਪੰਜਾਬ ਪੁਲਿਸ ਨੇ 28 ਅਕਤੂਬਰ ਨੂੰ ਉਸ ਨੂੰ ਹਿਰਾਸਤ ਵਿੱਚ ਲੈ ਲਿਆ ਸੀ।
ਜ਼ਿਕਰਯੋਗ ਹੈ ਕਿ ਟੀਨੂੰ ਦੇ ਫਰਾਰ ਹੋਣ ਤੋਂ ਬਾਅਦ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਆਈਜੀ (ਪਟਿਆਲਾ ਰੇਂਜ) ਐਮਐਸ ਛੀਨਾ ਦੀ ਅਗਵਾਈ ਵਿੱਚ ਚਾਰ ਮੈਂਬਰੀ ਐਸਆਈਟੀ ਦਾ ਗਠਨ ਕੀਤਾ ਸੀ। ਐਸਆਈਟੀ ਹੁਣ ਤੱਕ 9 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ, ਜਿਨ੍ਹਾਂ ਨੇ ਟੀਨੂੰ ਦੇ ਭੱਜਣ ਵਿੱਚ ਮਦਦ ਕੀਤੀ ਸੀ।
- PTC NEWS