ਸ਼ਰਧਾ ਕਤਲ ਕਾਂਡ: ਕਾਤਲ ਬੁਆਏਫ੍ਰੈਂਡ ਦਾ ਖ਼ੁਲਾਸਾ, ਗੂਗਲ ਤੋਂ ਸਿੱਖਿਆ ਸਬੂਤਾਂ ਨੂੰ ਮਿਟਾਉਣ ਦਾ ਢੰਗ
Shraddha Murder Case Delhi: ਫਿਲਮ ਦੀ ਕਹਾਣੀ ਤੋਂ ਸਿਖ ਕੇ ਕਤਲ ਕਰਨ ਵਾਲੇ ਆਫਤਾਬ ਨੇ ਬੜੀ ਚਲਾਕੀ ਨਾਲ ਗੂਗਲ ਦੀ ਮਦਦ ਨਾਲ ਸਬੂਤ ਨਸ਼ਟ ਕਰ ਦਿੱਤੇ ਸਨ। ਉਸਨੇ ਕਈ ਦਿਨਾਂ ਤੱਕ ਸਰੀਰ ਦੇ ਅੰਗਾਂ ਨੂੰ ਸੁਰੱਖਿਅਤ ਰੱਖਣ ਲਈ ਫਾਰਮਲਡੀਹਾਈਡ ਦੀ ਵਰਤੋਂ ਕੀਤੀ। ਕਾਤਲ ਬੁਆਏਫ੍ਰੈਂਡ ਨੇ ਕਮਰੇ ਅਤੇ ਫਰਿੱਜ ਨੂੰ ਕੈਮੀਕਲ ਨਾਲ ਸਾਫ ਕਰ ਦਿੱਤਾ ਸੀ ਤਾਂ ਜੋ ਕਿਸੇ ਨੂੰ ਪਤਾ ਨਾ ਲੱਗ ਸਕੇ ਕਿ ਉਸ ਨੇ ਸ਼ਰਧਾ ਦੇ ਸਰੀਰ ਦੇ ਅੰਗ ਫਰਿੱਜ ਵਿਚ ਰੱਖੇ ਹੋਏ ਸਨ। ਕਾਤਲ ਦੇ ਫੜੇ ਜਾਣ ਮਗਰੋਂ ਅਜਿਹੀਆਂ ਕਈ ਸਨਸਨੀਖੇਜ਼ ਗੱਲਾਂ ਸਾਹਮਣੇ ਆ ਰਹੀਆਂ ਹਨ, ਜੋ ਦੱਸਦੀਆਂ ਹਨ ਕਿ ਆਫਤਾਬ ਨੇ ਕਿੰਨੀ ਸੋਚ ਸਮਝ ਕੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਸੀ।
ਸ਼ੈੱਫ ਆਫਤਾਬ ਪੇਸ਼ੇ ਤੋਂ ਖੁਦ ਨੂੰ ਫੂਡ ਬਲਾਗਰ ਦੱਸਦਾ ਸੀ ਤੇ ਉਸ ਨੂੰ ਖਾਣੇ ਨਾਲ ਸਬੰਧਤ ਵੀਡੀਓਜ਼ ਬਹੁਤ ਪਸੰਦ ਸਨ। ਉਸ ਨੇ ਛੇ ਸਾਲ ਪਹਿਲਾਂ ਫੇਸਬੁੱਕ 'ਤੇ ਅਜਿਹੀ ਹੀ ਇਕ ਪੋਸਟ ਸਾਂਝੀ ਕੀਤੀ ਸੀ, ਜਿਸ ਵਿਚ ਸਬਜ਼ੀਆਂ ਅਤੇ ਫਲਾਂ ਨੂੰ ਕੱਟਣ ਵਿਚ ਮਾਹਿਰ ਬਣਨ ਦੇ ਟਿਪਸ ਦਿੱਤੇ ਗਏ ਸਨ। ਸਬਜ਼ੀਆਂ ਕੱਟਣ ਦਾ ਹੁਨਰ ਸਿੱਖਣ ਵਾਲੇ ਆਫਤਾਬ ਨੇ ਕਿਵੇਂ ਆਪਣੀ ਪ੍ਰੇਮਿਕਾ ਦੇ ਟੁਕੜੇ-ਟੁਕੜੇ ਕੀਤੇ, ਹੁਣ ਇਹ ਸਾਰੀਆਂ ਗੱਲਾਂ ਦੇਸ਼ ਨੂੰ ਹੈਰਾਨ ਕਰ ਰਹੀਆਂ ਹਨ। ਹੁਣ ਪੁਲਸ ਉਸ ਦੇ ਨਾਲ ਜੰਗਲ 'ਚ ਸ਼ਰਧਾ ਦੀ ਲਾਸ਼ ਦੇ ਉਨ੍ਹਾਂ ਟੁਕੜਿਆਂ ਦੀ ਭਾਲ ਕਰ ਰਹੀ ਹੈ, ਜੋ ਉਸ ਨੇ ਕਈ ਮਹੀਨੇ ਪਹਿਲਾਂ ਸੁੱਟੇ ਸਨ।
ਆਫਤਾਬ ਨੇ ਪੁਲਿਸ ਪੁੱਛਗਿੱਛ 'ਚ ਦੱਸਿਆ ਹੈ ਕਿ ਉਸ ਦੇ ਲਿਵ-ਇਨ ਪਾਰਟਨਰ ਦਾ ਗਲਾ ਘੁੱਟ ਕੇ ਕਤਲ ਕਰਨਾ ਆਸਾਨ ਸੀ ਪਰ ਉਸ ਦੀ ਲਾਸ਼ ਦਾ ਨਿਪਟਾਰਾ ਕਰਨਾ ਮੁਸ਼ਕਲ ਸੀ। ਉਸ ਨੇ ਮਹਿਸੂਸ ਕੀਤਾ ਕਿ ਸਰੀਰ ਨੂੰ ਟੁਕੜਿਆਂ ਵਿੱਚ ਕੱਟਣਾ ਸਭ ਤੋਂ ਵਧੀਆ ਹੋਵੇਗਾ ਤਾਂ ਕਿ ਇਸ ਦਾ ਨਿਪਟਾਰਾ ਕਰਨਾ ਆਸਾਨ ਹੋ ਸਕੇ। ਇਸ ਲਈ ਉਸ ਨੇ ਇੰਟਰਨੈੱਟ ਦੀ ਮਦਦ ਲਈ। ਉਸ ਦੇ ਪਸੰਦੀਦਾ ਟੀਵੀ ਸ਼ੋਅ 'ਡੇਕਸਟਰ' ਨੇ ਉਸ ਦੀ ਇਸ ਯੋਜਨਾ ਵਿਚ ਮਦਦ ਕੀਤੀ। ਉਸਨੇ ਪਹਿਲਾਂ 300 ਲੀਟਰ ਦਾ ਫਰਿੱਜ ਖਰੀਦਿਆ। ਫਰਿੱਜ ਦੇ ਨਾਲ-ਨਾਲ ਉਸ ਨੇ ਮੀਟ ਗਰਾਈਂਡਰ ਵੀ ਖਰੀਦਿਆ ਸੀ।
ਕਾਤਲ ਨੇ ਸ਼ਰਧਾ ਦੇ ਸਰੀਰ ਦੇ ਛੋਟੇ-ਛੋਟੇ ਟੁਕੜੇ ਕਰ ਦਿੱਤੇ ਸਨ। ਉਸ ਨੇ ਦੱਸਿਆ ਕਿ ਇਹ ਕੰਮ ਇੰਨਾ ਆਸਾਨ ਨਹੀਂ ਸੀ, ਇਸ ਲਈ ਉਸ ਨੇ ਸ਼ਰਾਬ ਪੀਤੀ ਅਤੇ ਛਿੱਟੇ ਪੈਣ ਤੋਂ ਬਚਣ ਲਈ ਮੂੰਹ 'ਤੇ ਕੱਪੜਾ ਬੰਨ੍ਹ ਲਿਆ। ਉਸਨੇ ਅਤਰ ਦੀਆਂ ਦਰਜਨਾਂ ਬੋਤਲਾਂ ਅਤੇ ਧੂਪ ਸਟਿੱਕਾਂ ਜਗਾਈਆਂ ਤਾਂ ਜੋ ਚਾਰੇ ਪਾਸੇ ਮਹਿਕ ਬਣੀ ਰਹੇ।
ਪਰਿਵਾਰਕ ਮੈਂਬਰਾਂ ਦਾ ਕਹਿਣਾ ਕਿ ਸ਼ਰਧਾ ਇਸ ਰਿਸ਼ਤੇ ਤੋਂ ਖੁਸ਼ ਨਹੀਂ ਸੀ ਕਿਉਂਕਿ ਆਫਤਾਬ ਉਸ ਨੂੰ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਕਰਦਾ ਸੀ ਅਤੇ ਕਈ ਵਾਰ ਉਸ ਦੀ ਕੁੱਟਮਾਰ ਕਰਦਾ ਸੀ ਪਰ ਉਸਨੇ ਰਿਸ਼ਤਾ ਜਾਰੀ ਰੱਖਿਆ ਕਿਉਂਕਿ ਆਫਤਾਬ ਉਸਨੂੰ ਭਾਵਨਾਤਮਕ ਤੌਰ 'ਤੇ ਬਲੈਕਮੇਲ ਕਰਦਾ ਸੀ। ਉਸ ਨੇ ਇਹ ਵੀ ਕਿਹਾ ਸੀ ਕਿ ਜੇਕਰ ਉਸ ਨੇ ਉਸ ਨੂੰ ਛੱਡ ਦਿੱਤਾ ਤਾਂ ਉਹ ਖੁਦਕੁਸ਼ੀ ਕਰ ਲਵੇਗਾ।
ਸ਼ਰਧਾ ਨੂੰ ਮਾਰਨ ਤੋਂ ਬਾਅਦ ਆਫਤਾਬ ਨੇ ਗੂਗਲ 'ਤੇ ਖੂਨ ਸਾਫ ਕਰਨ ਦਾ ਤਰੀਕਾ ਲੱਭ ਲਿਆ ਸੀ। ਇੱਥੋਂ ਤੱਕ ਕਿ ਫਿਲਮ ਤੋਂ ਪ੍ਰੇਰਿਤ ਹੋ ਕੇ ਉਸਨੇ ਸਰੀਰ ਨੂੰ ਕੱਟਣ ਲਈ ਗੂਗਲ ਕੀਤਾ। ਤੇਜ਼ਾਬ ਨਾਲ ਫਰਸ਼ ਨੂੰ ਸਾਫ਼ ਕਰਨ ਤੋਂ ਬਾਅਦ ਆਫਤਾਬ ਨੇ ਡੀਐਨਏ ਮਿਟਾਉਣ ਲਈ ਵੀ ਗੰਭੀਰਤਾ ਨਾਲ ਕੰਮ ਕੀਤਾ।
ਪੁਲਿਸ ਦੀ ਤਹਿਕੀਕਾਤ ਜਾਰੀ
ਫਿਲਹਾਲ ਦਿੱਲੀ ਪੁਲਿਸ ਜੰਗਲਾਂ 'ਚ ਤਲਾਸ਼ੀ ਕਰ ਰਹੀ ਹੈ ਤੇ ਸ਼ਰਧਾ ਦੇ ਸਰੀਰ ਦੇ ਕਈ ਅੰਗ ਮਿਲਣੇ ਅਜੇ ਬਾਕੀ ਹਨ। ਮ੍ਰਿਤਕ ਦਾ ਸਿਰ ਅਜੇ ਤੱਕ ਨਹੀਂ ਮਿਲਿਆ ਹੈ। ਮਹਿਰੌਲੀ ਪੁਲਿਸ ਨੂੰ ਸਿਰਫ਼ 5 ਦਿਨ ਦਾ ਰਿਮਾਂਡ ਮਿਲਿਆ ਹੈ, ਜਿਸ ਵਿੱਚੋਂ 1 ਦਿਨ ਕੱਲ੍ਹ ਖ਼ਤਮ ਹੋ ਗਿਆ ਹੈ। ਬਾਕੀ 4 ਦਿਨਾਂ ਵਿੱਚ ਮ੍ਰਿਤਕ ਦੇ ਸਿਰ ਤੋਂ ਇਲਾਵਾ ਸਰੀਰ ਦੇ ਹੋਰ ਅੰਗਾਂ ਦੀ ਬਰਾਮਦਗੀ ਅਤੇ ਜਿਸ ਤੇਜ਼ਧਾਰ ਹਥਿਆਰ ਨਾਲ ਉਸ ਦੇ ਸਰੀਰ ਨੂੰ ਕੱਟਿਆ ਗਿਆ ਸੀ, ਪੁਲਿਸ ਲਈ ਬਹੁਤ ਜ਼ਰੂਰੀ ਹੈ। ਹੁਣ ਪੁਲਿਸ ਵੱਧ ਤੋਂ ਵੱਧ ਡਿਜੀਟਲ ਸਬੂਤ ਇਕੱਠੇ ਕਰਨ ਵਿੱਚ ਲੱਗੀ ਹੋਈ ਹੈ। ਪੁਲਿਸ ਨੂੰ 12-13 ਦੇ ਕਰੀਬ ਅੰਗ ਮਿਲੇ ਹਨ ਅਤੇ ਪੁਲਿਸ ਟੀਮ ਹੋਰ ਬਰਾਮਦਗੀ ਦੇ ਯਤਨਾਂ ਵਿੱਚ ਲੱਗੀ ਹੋਈ ਹੈ।
- PTC NEWS