Shiv Sena Leader Murder : ਮੋਗਾ 'ਚ ਵੱਖ-ਵੱਖ ਥਾਂਵਾਂ 'ਤੇ ਗੋਲੀਬਾਰੀ, ਸ਼ਿਵ ਸੈਨਾ ਸ਼ਿੰਦੇ ਦੇ ਜ਼ਿਲ੍ਹਾ ਪ੍ਰਧਾਨ ਦਾ ਕਤਲ
Moga Firing News : ਪੰਜਾਬ ਦਾ ਮੋਗਾ ਅਣਪਛਾਤੇ ਬਦਮਾਸ਼ਾਂ ਵੱਲੋਂ ਗੋਲੀਬਾਰੀ ਨਾਲ ਕੰਬਾਉਣ ਦੀ ਖ਼ਬਰ ਹੈ। ਮੋਗਾ ਵਿੱਚ ਵੱਖ ਵੱਖ ਥਾਂਵਾਂ 'ਤੇ ਹੋਈ ਫਾਈਰਿੰਗ ਵਿੱਚ ਸ਼ਿਵ ਸੈਨਾ ਲੀਡਰ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਮੰਗਤ ਰਾਮ ਮੰਗਾ, ਸ਼ਿਵ ਸੈਨਾ ਸ਼ਿੰਦੇ ਪਾਰਟੀ ਦਾ ਜ਼ਿਲ੍ਹਾ ਮੋਗਾ ਦਾ ਪ੍ਰਧਾਨ ਸੀ, ਜਿਸ ਨੂੰ ਅਣਪਛਾਤਿਆਂ ਨੇ ਕਤਲ ਕਰ ਦਿੱਤਾ।
ਜਾਣਕਾਰੀ ਸ਼ਹਿਰ ਵਿੱਚ ਪਹਿਲੀ ਗੋਲੀਬਾਰੀ ਬਗਿਆਨਾ ਬਸਤੀ ਦੇ ਸਟੇਡੀਅਮ ਰੋਡ 'ਤੇ ਇੱਕ ਸੈਲੂਨ 'ਤੇ ਹੋਈ, ਜਿਸ ਵਿੱਚ 3 ਅਣਪਛਾਤੇ ਮੋਟਰਸਈਕਲ ਸਵਾਰਾਂ ਨੇ ਗੋਲੀਆਂ ਚਲਾ ਕੇ ਸੈਲੂਨ ਮਾਲਕ ਨੂੰ ਜ਼ਖ਼ਮੀ ਕਰ ਦਿੱਤਾ।
ਦੱਸਿਆ ਜਾ ਰਿਹਾ ਹੈ ਕਿ ਮੁਲਜ਼ਮ ਸੈਲੂਨ ਵਿੱਚ ਪਹਿਲਾਂ ਕਟਿੰਗ ਕਰਵਾਉਣ ਦੇ ਬਹਾਨੇ ਆਏ ਸਨ ਅਤੇ ਫਿਰ ਸੈਲੂਨ ਮਾਲਕ 'ਤੇ ਗੋਲੀ ਚਲਾ ਦਿੱਤੀ, ਜਿਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ।
ਦੂਜੀ ਤਰਫ, ਮੰਗਤ ਰਾਏ ਮੰਗਾ, ਜੋ ਕਿ ਸ਼ਿਵ ਸੈਨਾ ਬਾਲਾ ਸਾਹਿਬ ਠਾਕਰੇ ਸ਼ਿੰਦੇ ਗਰੁੱਪ ਦਾ ਜ਼ਿਲ੍ਹਾ ਪ੍ਰਧਾਨ ਸੀ, ਨੂੰ ਅਣਪਛਾਤਿਆਂ ਨੇ ਗੋਲੀਆਂ ਚਲਾ ਕੇ ਕਤਲ ਕਰ ਦਿੱਤਾ, ਜਿਸ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਪੁਲਿਸ ਨੇ ਮੌਕੇ 'ਤੇ ਪੁੱਜ ਕੇ ਮੰਗਤ ਰਾਮ ਨੂੰ ਮੋਗਾ ਦੇ ਸਰਕਾਰੀ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ।
ਜਾਣਕਾਰੀ ਦਿੰਦਿਆਂ ਰਵਿੰਦਰ ਸਿੰਘ, ਡੀਐਸਪੀ ਸਿਟੀ ਨੇ ਦੱਸਿਆ ਕਿ ਉਕਤ ਮਾਮਲੇ ਦਾ ਸਬੰਧ ਬੀਤੇ ਦਿਨੀ ਹੋਈ ਆਪਸੀ ਲੜਾਈ ਕਾਰਨ ਨਿੱਜੀ ਰੰਜਿਸ਼ ਨਾਲ ਹੈ। ਪੁਲਿਸ ਇਸ ਮਾਮਲੇ ਵਿੱਚ ਦੋਸ਼ੀਆਂ ਦੀ ਤਲਾਸ਼ ਕਰ ਰਹੀ ਹੈ ਅਤੇ ਦੋਸ਼ੀਆਂ ਨੂੰ ਜਲਦ ਗ੍ਰਿਫਤਾਰ ਕੀਤਾ ਜਾਵੇਗਾ।
- PTC NEWS