ਸ਼੍ਰੋਮਣੀ ਕਮੇਟੀ ਦੇ ਆਨਰੇਰੀ ਮੁੱਖ ਸਕੱਤਰ ਕੁਲਵੰਤ ਸਿੰਘ ਮੰਨਣ ਨੇ ਸੰਭਾਲਿਆ ਅਹੁਦਾ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬੀਤੇ ਦਿਨੀਂ ਹੋਏ ਜਨਰਲ ਇਜਲਾਸ ਦੌਰਾਨ ਨਿਯੁਕਤ ਕੀਤੇ ਗਏ ਆਨਰੇਰੀ ਮੁੱਖ ਸਕੱਤਰ ਕੁਲਵੰਤ ਸਿੰਘ ਮੰਨਣ ਨੇ ਅੱਜ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਤੇ ਹੋਰ ਅਹੁਦੇਦਾਰਾਂ ਦੀ ਹਾਜ਼ਰੀ ਵਿਚ ਅਹੁਦਾ ਸੰਭਾਲ ਲਿਆ। ਸ਼੍ਰੋਮਣੀ ਕਮੇਟੀ ਦੇ ਲੰਮੇ ਅਰਸੇ ਤੋਂ ਮੈਂਬਰ ਚੱਲੇ ਆ ਰਹੇ ਕੁਲਵੰਤ ਸਿੰਘ ਮੰਨਣ ਅੰਤ੍ਰਿੰਗ ਮੈਂਬਰ ਵਜੋਂ ਵੀ ਸੇਵਾਵਾਂ ਨਿਭਾ ਚੁੱਕੇ ਹਨ। ਉਨ੍ਹਾਂ ਨੂੰ ਅੱਜ ਅਹੁਦਾ ਸੰਭਾਲਣ ਸਮੇਂ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਜੂਨੀਅਰ ਮੀਤ ਪ੍ਰਧਾਨ ਬਲਦੇਵ ਸਿੰਘ ਕਲਿਆਣ ਸਮੇਤ ਸ਼੍ਰੋਮਣੀ ਕਮੇਟੀ ਮੈਂਬਰ ਤੇ ਅਧਿਕਾਰੀਆਂ ਨੇ ਗੁਰੂ ਬਖ਼ਸ਼ਿਸ਼ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ।
ਇਸੇ ਦੌਰਾਨ ਗੱਲਬਾਤ ਕਰਦਿਆਂ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਜਿਥੇ ਕੁਲਵੰਤ ਸਿੰਘ ਮੰਨਣ ਨੂੰ ਸ਼ੁਭ ਇਛਾਵਾਂ ਦਿੱਤੀਆਂ, ਉਥੇ ਹੀ ਪ੍ਰਬੰਧ ਨੂੰ ਕੁਸ਼ਲਤਾ ਨਾਲ ਚਲਾਉਣ ਦੀ ਆਸ ਵੀ ਪ੍ਰਗਟਾਈ। ਇਸ ਮੌਕੇ ਮੁੱਖ ਸਕੱਤਰ ਕੁਲਵੰਤ ਸਿੰਘ ਮੰਨਣ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਸਿੱਖ ਪੰਥ ਦੀ ਨੁਮਾਇੰਦਾ ਜਥੇਬੰਦੀ ਹੈ, ਜਿਸ ਦੇ ਪ੍ਰਬੰਧ ਅਧੀਨ ਕਈ ਵੱਡੇ ਅਦਾਰੇ ਕਾਰਜਸ਼ੀਲ ਹਨ।
ਉਨ੍ਹਾਂ ਕਿਹਾ ਕਿ ਸਿੱਖ ਸੰਸਥਾ ਦੇ ਪ੍ਰਬੰਧ ਨੂੰ ਚਲਾਉਣ ਲਈ ਇਸ ਦੇ ਇਤਿਹਾਸ ਅਤੇ ਰਵਾਇਤਾਂ ਦੇ ਨਾਲ-ਨਾਲ ਮੌਜੂਦਾ ਪ੍ਰਸਥਿਤੀਆਂ ਨੂੰ ਵੀ ਧਿਆਨ ਵਿਚ ਰੱਖਿਆ ਜਾਵੇਗਾ। ਉਨ੍ਹਾਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ, ਅਹੁਦੇਦਾਰਾਂ ਅਤੇ ਸਮੂਹ ਮੈਂਬਰਾਂ ਦਾ ਧੰਨਵਾਦ ਵੀ ਕੀਤਾ।
- PTC NEWS