Parambans Singh Bunty Romana: ਸ਼੍ਰੋਮਣੀ ਅਕਾਲੀ ਦਲ ਦੇ ਆਗੂ ਪਰਮਬੰਸ ਸਿੰਘ ਬੰਟੀ ਰੋਮਾਣਾ ਨੂੰ ਮਿਲੀ ਜ਼ਮਾਨਤ
Parambans Singh Bunty Romana: ਮੁਹਾਲੀ ਅਦਾਲਤ ਨੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਪਰਮਬੰਸ ਸਿੰਘ ਬੰਟੀ ਰੋਮਾਣਾ ਨੂੰ ਜ਼ਮਾਨਤ ਦੇ ਦਿੱਤੀ ਹੈ। ਦੱਸ ਦਈਏ ਕਿ ਇਸ ਸਮੇਂ ਪਰਬੰਸ ਸਿੰਘ ਬੰਟੀ ਰੋਮਾਣਾ ਰੋਪੜ ਜੇਲ੍ਹ ’ਚ ਬੰਦ ਸੀ। ਜਿੱਥੋਂ ਉਨ੍ਹਾਂ ਨੂੰ ਰਿਹਾਅ ਕਰ ਦਿੱਤਾ ਗਿਆ ਹੈ। ਉਨ੍ਹਾਂ ਨੂੰ 26 ਅਕਤੂਬਰ ਨੂੰ ਵੀਡੀਓ ਸ਼ੇਅਰਿੰਗ ਮਾਮਲੇ ’ਚ ਗ੍ਰਿਫਤਾਰ ਕੀਤਾ ਗਿਆ ਸੀ।
ਦੱਸ ਦਈਏ ਕਿ ਰਿਹਾਈ ਦੌਰਾਨ ਬੰਟੀ ਰੋਮਾਣਾ ਦਾ ਸਵਾਗਤ ਕਰਨ ਲਈ ਸੀਨੀਅਰ ਅਕਾਲੀ ਆਗੂ ਡਾ: ਦਲਜੀਤ ਸਿੰਘ ਚੀਮਾ ਅਤੇ ਯੂਥ ਅਕਾਲੀ ਦਲ ਦੇ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਸਮੇਤ ਵੱਡੀ ਗਿਣਤੀ ਵਿਚ ਅਕਾਲੀ ਆਗੂ ਤੇ ਵਰਕਰ ਪੁੱਜੇ|
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬੰਟੀ ਰੋਮਾਣਾ ਨੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਪੰਜਾਬ ਸਰਕਾਰ 'ਤੇ ਤਿੱਖੇ ਸ਼ਬਦੀ ਹਮਲੇ ਕੀਤੇ। ਬੰਟੀ ਰੋਮਾਣਾ ਨੇ ਕਿਹਾ ਕਿ ਅਕਾਲੀ ਦਲ ਨੂੰ ਜੇਲ ਗੁੜ੍ਹਤੀ ’ਚ ਮਿਲੀ ਹੈ ਪਰ ਉਹ ਜੇਲ ਅੰਦਰ ਬੰਦ ਕੈਦੀਆਂ ਦੀ ਹਾਲਤ ਅਤੇ ਬੁਨਿਆਦੀ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਬਾਰੇ ਪ੍ਰੈਸ ਕਾਨਫਰੰਸ ਕਰਕੇ ਖੁਲਾਸਾ ਕਰਨਗੇ। ਬੰਟੀ ਰੋਮਾਣਾ ਨੇ ਇਸ ਲੜਾਈ ਵਿੱਚ ਸਹਿਯੋਗ ਦੇਣ ਲਈ ਹਰ ਵਰਕਰ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦਾ ਧੰਨਵਾਦ ਕੀਤਾ।
ਕਾਬਿਲੇਗੌਰ ਹੈ ਕਿ ਬੰਟੀ ਰੋਮਾਣਾ ਨੇ ਇਕ ਪੰਜਾਬੀ ਗਾਇਕ ਦੀ ਵੀਡੀਓ ਸ਼ੇਅਰ ਕੀਤੀ ਸੀ, ਜਿਸ 'ਤੇ ਪੰਜਾਬ ਸਰਕਾਰ ਨੇ ਇਤਰਾਜ਼ ਜਤਾਇਆ ਸੀ। ਇਸ ਤੋਂ ਬਾਅਦ ਉਨ੍ਹਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ, ਜਿਸ ਤੋਂ ਬਾਅਦ ਚੰਡੀਗੜ੍ਹ ਪੁਲਿਸ ਨੇ ਉਨ੍ਹਾਂ ਨੂੰ ਹਿਰਾਸਤ 'ਚ ਲੈ ਲਿਆ। ਬੰਟੀ ਰੋਮਾਣਾ ਦੇ ਖਿਲ਼ਾਫ ਧਾਰਾ 468,469,500,ਤੇ 43,66 ਆਈਟੀ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ।
ਇਹ ਵੀ ਪੜ੍ਹੋ: ਸਰਕਾਰੀ ਅਫ਼ਸਰ ਨਾਲ ਧੱਕੇ ਦੇ ਮਾਮਲੇ 'ਚ ਕਿਸਾਨਾਂ ਨਾਲ ਖਫ਼ਾ ਹੋਏ CM ਮਾਨ; ਕਿਹਾ - ਕਰੋ ਪਰਚਾ ਦਰਜ
- PTC NEWS