ਝੋਨੇ ਤੇ ਡੀ.ਏ.ਪੀ. ਦੀ ਸਮੱਸਿਆ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ 5 ਨਵੰਬਰ ਨੂੰ ਕਰੇਗਾ ਰੋਸ ਮੁਜਾਹਰੇ
ਚੰਡੀਗੜ੍ਹ : ਪੰਜਾਬ ਵਿੱਚ ਝੋਨੇ ਦੀ ਖਰੀਦ ਨਾ ਹੋਣ ਕਰਕੇ ਪੰਜਾਬ ਭਰ ਵਿੱਚ ਕਿਸਾਨੀ ਲਈ ਵੱਡਾ ਸੰਕਟ ਖੜਾ ਹੋ ਗਿਆ ਹੈ। ਪੰਜਾਬ ਭਰ ਵਿੱਚ ਕਿਸਾਨ 15-20 ਦਿਨਾਂ ਤੋਂ ਲਗਾਤਾਰ ਮੰਡੀਆਂ ਵਿੱਚ ਆਪਣੀਆਂ ਜਿਣਸਾਂ ਵੇਚਣ ਵਾਸਤੇ ਬੈਠੇ ਹਨ ਪਰ ਨਾਂ ਹੀ ਖਰੀਦ ਹੋ ਪਾ ਰਹੀ ਹੈ ਅਤੇ ਨਾ ਹੀ ਲਿਫਟਿੰਗ ਦੇ ਪ੍ਰਬੰਧ ਠੀਕ ਤਰੀਕੇ ਕੰਮ ਕਰ ਰਹੇ ਹਨ, ਜਿਸਦਾ ਖਮਿਆਜਾ ਮਿਹਨਤੀ ਕਿਸਾਨਾਂ ਨੂੰ ਭੁਗਤਣਾ ਪੈ ਰਿਹਾ ਹੈ। ਦੂਜੇ ਪਾਸੇ ਡੀ.ਏ.ਪੀ ਖਾਦ ਦੀ ਵੱਡੇ ਪੱਧਰ ਉਪਰ ਕਮੀ ਹੋਣ ਕਰਕੇ ਡੀ.ਏ.ਪੀ ਖਾਦ ਬਲੈਕ ਵਿੱਚ ਵਿਕਣੀ ਸ਼ੁਰੂ ਹੋ ਗਈ ਹੈ। ਪਰ ਪੰਜਾਬ ਸਰਕਾਰ ਹਰ ਪੱਧਰ ਤੇ ਬੁਰੀ ਤਰਾਂ ਫੇਲ ਹੋ ਚੁੱਕੀ ਹੈ। ਇਸ ਖਿਲਾਫ ਰੋਸ ਪ੍ਰਗਟ ਕਰਨ ਲਈ ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਨੇ ਸਮੂਹ ਪਾਰਟੀ ਵਰਕਰਾਂ ਨੂੰ 5 ਨਵੰਬਰ ਨੂੰ ਸਰਕਾਰ ਖਿਲਾਫ ਰੋਸ ਮੁਜਾਹਰੇ ਕਰਨ ਅਤੇ ਸਰਕਾਰ ਨੂੰ ਕੁੰਭਕਰਨੀ ਨੀਂਦ ਤੋਂ ਜਗਾਉਣ ਦਾ ਐਲਾਨ ਕੀਤਾ ਹੈ।
ਅੱਜ ਪਾਰਟੀ ਦੇ ਮੁੱਖ ਦਫਤਰ ਤੋਂ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਪਾਰਟੀ ਦੀ ਕੋਰ ਕਮੇਟੀ ਦੇ ਮੈਂਬਰ ਡਾ. ਦਲਜੀਤ ਸਿੰਘ ਚੀਮਾ ਨੇ ਦੱਸਿਆ ਕਿ 5 ਨਵੰਬਰ ਨੂੰ ਸਵੇਰੇ 11 ਵਜੇ ਹਰ ਹਲਕੇ ਦੇ ਵਰਕਰ ਵੱਡੀ ਗਿਣਤੀ ਵਿੱਚ ਇਕੱਤਰ ਹੋ ਕੇ ਹਲਕਾ ਵਾਈਜ਼ ਸ਼ਾਂਤਮਈ ਰੋਸ ਮੁਜਾਹਰਾ ਕਰਨਗੇ।
- PTC NEWS