Shiromani Akali Dal ਨੇ ਜਥੇਬੰਦਕ ਚੋਣਾਂ ਦੀਆਂ ਤਾਰੀਖਾਂ ਦਾ ਕੀਤਾ ਐਲਾਨ
Shiromani Akali Dal Organizational Elections : ਸ਼੍ਰੋਮਣੀ ਅਕਾਲੀ ਦਲ ਦੀ ਅੱਜ ਪਾਰਟੀ ਦੇ ਮੁੱਖ ਦਫਤਰ ਵਿੱਚ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਸ. ਬਲਵਿੰਦਰ ਸਿੰਘ ਭੁੂੰਦੜ ਦੀ ਅਗਵਾਈ ਹੇਠ ਹੋਈ ਪਾਰਲੀਮੈਂਟਰੀ ਬੋਰਡ ਦੀ ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਕਿ ਪਾਰਟੀ ਦੀਆਂ ਜਥੇਬੰਦਕ ਚੋਣਾਂ 2 ਅਪ੍ਰੈਲ ਤੋਂ ਸ਼ੁਰੂ ਹੋਣਗੀਆਂ ਅਤੇ ਪਹਿਲੇ ਪੜਾਅ ਵਿੱਚ ਜਿਲਾ ਅਤੇ ਸੂਬਾ ਡੈਲੀਗੇਟਾਂ ਦੀਆਂ ਚੋਣਾਂ 6 ਅਪ੍ਰੈਲ ਤੱਕ ਸੰਪੂਰਨ ਹੋ ਜਾਣਗੀਆਂ।
ਅੱਜ ਪਾਰਟੀ ਦੇ ਮੁੱਖ ਦਫਤਰ ਤੋਂ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਪਾਰਟੀ ਦੇ ਸਕੱਤਰ ਅਤੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਦੱਸਿਆ ਕਿ ਅੱਜ ਹੋਈ ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਕਿ ਜਿਸ ਕਿਸੇ ਨੇ ਵੀ ਆਪਣੀ ਭਰਤੀ ਹਾਲੇ ਤੱਕ ਪਾਰਟੀ ਦਫਤਰ ਵਿੱਚ ਜਮਾ ਨਹੀ ਕਰਵਾਈ ਉਹਨਾਂ ਨੂੰ 31 ਮਾਰਚ ਨੂੰ ਭਰਤੀ ਜਮਾ ਕਰਵਾਉਣ ਦਾ ਆਖਰੀ ਮੌਕਾ ਦਿੱਤਾ ਜਾਂਦਾ ਹੈ ਅਤੇ 31 ਮਾਰਚ ਨੂੰ ਸ਼ਾਮ 5 ਵਜੇ ਤੋਂ ਬਾਅਦ ਕਿਸੇ ਦੀ ਵੀ ਭਰਤੀ ਜਮਾ ਨਹੀ ਕੀਤੀ ਜਾਵੇਗੀ।
ਉਹਨਾਂ ਅੱਗੇ ਦੱਸਿਆ ਕਿ 1 ਅਪ੍ਰੈਲ ਨੂੰ ਪਾਰਟੀ ਦੇ ਸਾਰੇ ਅਬਜਰਵਰ ਸਹਿਬਾਨ ਦੀ ਮੀਟਿੰਗ ਪਾਰਟੀ ਦੇ ਮੁੱਖ ਦਫਤਰ ਵਿੱਚ ਹੋਵੇਗੀ ਜਿਸ ਵਿੱਚ ਉਹਨਾਂ ਨੂੰ ਚੋਣ ਪ੍ਰਕ੍ਰਿਆ ਸਬੰਧੀ ਹਦਾਇਤਾਂ ਦੇਣ ਦੇ ਨਾਲ-ਨਾਲ ਹਲਕਾਵਾਈਜ਼ ਸਰਕਲ ਡੈਲੀਗੇਟਾਂ ਦੀ ਲਿਸਟਾਂ ਸੌਂਪੀਆਂ ਜਾਣਗੀਆਂ।
ਇਹਨਾਂ ਅਧਿਕਾਰਤ ਲਿਸਟਾਂ ਦੇ ਆਧਾਰ ਤੇ 2 ਅਪ੍ਰੈਲ ਤੋਂ ਲੈ ਕੇ 6 ਅਪ੍ਰੈਲ ਤੱਕ ਹਲਕਾਵਾਈਜ਼ ਸਾਰੇ ਜਿਲਾ ਅਤੇ ਸੂਬਾ ਡੈਲੀਗੇਟਸ ਦੀ ਚੋਣ ਕੀਤੀ ਜਾਵੇਗੀ ਅਤੇ 7 ਅਪ੍ਰੈਲ 2025 ਨੂੰ ਸਾਰੇ ਅਬਜਰਵਰ ਸਹਿਬਾਨ ਵੱਲੋਂ ਜਿਲਾ ਅਤੇ ਸਟੇਟ ਡੈਲੀਗੇਟਸ ਦੀਆਂ ਲਿਸਟਾਂ ਪਾਰਟੀ ਦੇ ਮੁੱਖ ਦਫਤਰ ਵਿੱਚ ਸੌਂਪਣ ਦੀ ਆਖਰੀ ਮਿਤੀ ਰੱਖੀ ਗਈ ਹੈ।
ਅੱਜ ਦੀ ਪਾਰਲੀਮੈਂਟਰੀ ਬੋਰਡ ਦੀ ਮੀਟਿੰਗ ਵਿੱਚ ਸ. ਗੁਲਜਾਰ ਸਿੰਘ ਰਾਣੀਕੇ, ਸ. ਜਨਮੇਜਾ ਸਿੰਘ ਸੇਖੋਂ, ਡਾ. ਦਲਜੀਤ ਸਿੰਘ ਚੀਮਾ ਅਤੇ ਸ. ਹੀਰਾ ਸਿੰਘ ਗਾਬੜੀਆ ਹਾਜਰ ਸਨ ਅਤੇ ਸ. ਮਹੇਸ਼ਇਦਰ ਸਿੰਘ ਗਰੇਵਾਲ ਆਨਲਾਈਨ ਮੀਟਿੰਗ ਵਿੱਚ ਸ਼ਾਮਲ ਹੋਏ।
- PTC NEWS