ਵਿਧਾਇਕ ਬਣੇ ਰਹਿਣਗੇ ਸ਼ੀਤਲ ਅੰਗੁਰਾਲ, ਅਸਤੀਫਾ ਲਿਆ ਵਾਪਸ, Facebook ਤੋਂ ਹਟਾਇਆ 'ਮੋਦੀ ਦਾ ਪਰਿਵਾਰ'
MLA Sheetal Angural : ਪੰਜਾਬ ਵਿਧਾਨ ਸਭਾ ਚੋਣਾਂ 2022 'ਚ ਜਲੰਧਰ ਪੱਛਮੀ ਤੋਂ ਆਮ ਆਦਮੀ ਪਾਰਟੀ ਦੀ ਟਿਕਟ ਤੇ ਚੋਣ ਜਿੱਤਣ ਵਾਲੇ ਸ਼ੀਤਲ ਅੰਗੁਰਾਲ ਨੇ ਪੰਜਾਬ ਸਰਕਾਰ ਨੂੰ ਭੇਜਿਆ ਆਪਣਾ ਅਸਤੀਫਾ ਵਾਪਸ ਲੈ ਲਿਆ ਹੈ, ਜਿਸ ਤੋਂ ਬਾਅਦ ਹੁਣ ਉਹ ਵਿਧਾਇਕ ਦੇ ਅਹੁਦੇ 'ਤੇ ਬਣੇ ਰਹਿਣਗੇ। ਅੰਗੁਰਾਲ ਦੇ ਕਰੀਬੀਆਂ ਮੁਤਾਬਕ, ਅੰਗੁਰਾਲ ਨੇ ਅਸਤੀਫਾ, ਪੰਜਾਬ ਵਿਧਾਨ ਸਭਾ ਸਪੀਕਰ ਵੱਲੋਂ ਨਾ-ਮਨਜੂਰ ਕਰਨ ਤੋਂ ਬਾਅਦ ਲਿਆ ਦੱਸਿਆ ਜਾ ਰਿਹਾ ਹੈ।
ਉਧਰ, ਹੁਣ ਫਿਰ ਇੱਕ ਵਾਰ ਆਮ ਆਦਮੀ ਪਾਰਟੀ ਦੇ ਵਿਧਾਇਕ ਸ਼ੀਤਲ ਅੰਗੁਰਾਲ ਦਾ ਭਾਰਤੀ ਜਨਤਾ ਪਾਰਟੀ ਤੋਂ ਵੀ ਮੋਹ ਭੰਗ ਹੁੰਦਾ ਵਿਖਾਈ ਦੇ ਰਿਹਾ ਹੈ। ਅੰਗੁਰਾਲ ਨੇ ਆਪਣੇ ਟਵਿੱਟਰ ਅਕਾਊਂਟ ਤੋਂ ਭਾਜਪਾ ਦਾ ਲੋਗੋ ਮੰਤਰ 'ਮੋਦੀ ਦਾ ਪਰਿਵਾਰ' ਵੀ ਹਟਾ ਦਿੱਤਾ ਹੈ ਅਤੇ ਸਿਰਫ਼ ਵਿਧਾਇਕ ਲਿਖਿਆ ਨਜ਼ਰ ਆ ਰਿਹਾ ਹੈ।
ਕਰੀਬੀਆਂ ਅਨੁਸਾਰ ਅੰਗੁਰਾਲ ਨੇ ਇਸ ਸਬੰਧੀ ਸਪੀਕਰ ਨੂੰ ਇੱਕ ਪੱਤਰ ਵੀ ਲਿਖਿਆ ਹੈ, ਜਿਸ 'ਚ ਕਿਹਾ ਹੈ ਕਿ ਜੇਕਰ ਹੁਣ ਤੱਕ ਉਨ੍ਹਾਂ ਦਾ ਅਸਤੀਫਾ ਪ੍ਰਵਾਨ ਕਰ ਲਿਆ ਜਾਂਦਾ ਤਾਂ ਪੱਛਮੀ ਹਲਕੇ 'ਚ ਮੁੜ ਚੋਣਾਂ ਹੋਣੀਆਂ ਸਨ, ਜਿਸ ਨਾਲ ਸਰਕਾਰ ਦੇ ਚੋਣ ਖਰਚੇ ਵਧ ਜਾਣੇ ਸਨ। ਇਸ ਕਾਰਨ ਉਹ ਆਪਣਾ ਅਸਤੀਫਾ ਵਾਪਸ ਲੈ ਰਹੇ ਹਨ। ਦੱਸ ਦਈਏ ਕਿ ਵਿਧਾਨ ਸਭਾ ਦੇ ਸਪੀਕਰ ਨੇ 3 ਜੂਨ ਨੂੰ ਅੰਗੁਰਲ ਬੁਲਾਇਆ ਸੀ। ਪਰ ਇਸਤੋਂ ਪਹਿਲਾਂ ਹੀ ਉਨ੍ਹਾਂ ਨੇ ਖੁਦ ਹੀ ਅਸਤੀਫਾ ਵਾਪਸ ਲੈ ਲਿਆ ਹੈ।
ਉਧਰ, 'ਮੋਦੀ ਦਾ ਪਰਿਵਾਰ' ਹਟਾਉਣ ਤੋਂ ਬਾਅਦ ਚਰਚਾ ਦਾ ਵਿਸ਼ਾ ਬਣੇ ਵਿਧਾਇਕ ਸ਼ੀਤਲ ਅੰਗੁਰਾਲ, ਸੁਸ਼ੀਲ ਰਿੰਕੂ ਵੱਲੋਂ ਜਾਰੀ ਇੱਕ ਵੀਡੀਓ ਵਿੱਚ ਉਨ੍ਹਾਂ ਨਾਲ ਨਜ਼ਰ ਆ ਰਹੇ ਹਨ। ਇਸਤੋਂ ਇਲਾਵਾ ਅੰਗੁਰਾਲ ਨੇ ਵੀ ਆਪਣੇ ਫੇਸਬੁੱਕ ਅਕਾਊਂਟ 'ਤੇ ਸੁਸ਼ੀਲ ਰਿੰਕੂ ਨਾਲ ਤਸਵੀਰ ਸਾਂਝੀ ਕੀਤੀ ਹੈ, ਜਿਸ ਦੀ ਕੈਪਸ਼ਨ 'ਚ ਵਿੱਚ ਲਿਖਿਆ ਹੈ, ਇਕ ਚੰਗਾ ਦੋਸਤ...ਇਕ ਚੰਗਾ ਭਰਾ
ਦੱਸ ਦਈਏ ਕਿ ਸ਼ੀਤਲ ਅੰਗੁਰਾਲ, ਲੋਕ ਸਭਾ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋਏ ਸਨ। ਉਨ੍ਹਾਂ ਨਾਲ ਆਮ ਆਦਮੀ ਪਾਰਟੀ ਦੇ ਮੈਂਬਰ ਪਾਰਲੀਮੈਂਟ ਸੁਸ਼ੀਲ ਰਿੰਕੂ ਵੀ ਸ਼ਾਮਲ ਹੋਏ ਸਨ।
ਅਸਤੀਫਾ ਵਾਪਸੀ ਕਾਰਨ ਪੈਦਾ ਹੋਏ ਸਵਾਲ
ਸ਼ੀਤਲ ਅੰਗੁਰਾਲ ਦੇ ਅਸਤੀਫਾ ਲੈਣ ਪਿੱਛੋਂ ਹੁਣ ਕਈ ਸਵਾਲ ਪੈਦਾ ਹੋ ਰਹੇ ਹਨ, ਜਿਨ੍ਹਾਂ ਵਿੱਚ ਮੁੱਖ ਤੌਰ 'ਤੇ ਦੋ ਵੱਡੇ ਸਵਾਲ ਪੈਦਾ ਹੋਏ ਹਨ।
ਉਧਰ ਕਈ ਤਰ੍ਹਾਂ ਦੇ ਕਿਆਸ ਵੀ ਲਗਾਏ ਜਾ ਰਹੇ ਹਨ। ਕਿਉਂਕਿ ਜਨਤਕ ਤੌਰ 'ਤੇ ਭਾਜਪਾ ਵਿੱਚ ਸ਼ਾਮਿਲ ਹੋਣ ਤੋਂ ਬਾਅਦ ਅਤੇ ਕੇਂਦਰ ਸਰਕਾਰ ਵੱਲੋਂ ਸਿਕਿਉਰਟੀ ਦਿੱਤੇ ਜਾਣ ਪਿੱਛੋਂ ਅੰਗੁਰਾਲ ਨੇ ਫੇਸਬੁੱਕ ਉਪਰ ਸਰਕਾਰ ਦੇ ਖਿਲਾਫ ਰੱਜ ਕੇ ਭੜਾਸ ਕੱਢੀ ਸੀ।
ਕੀ ਕਹਿਣਾ ਹੈ ਸਿਆਸੀ ਮਾਹਰਾਂ ਦਾ
ਸ਼ੀਤਲ ਅੰਗੁਰਾਲ ਦੇ ਮਾਮਲੇ 'ਚ ਸਿਆਸੀ ਮਾਹਿਰਾਂ ਦਾ ਕਹਿਣਾ ਹੈ ਕਿ ਵਿਧਾਇਕ ਸੋਚ ਸਮਝ ਕੇ ਅਤੇ ਕਾਨੂੰਨੀ ਮਾਹਿਰਾਂ ਦੀ ਸਲਾਹ ਲੈ ਕੇ ਅੱਗੇ ਵੱਧ ਰਿਹਾ ਹੈ। ਨਾ ਉਹ ਆਮ ਆਦਮੀ ਪਾਰਟੀ 'ਚ ਰਹੇਗਾ ਅਤੇ ਨਾ ਹੀ ਭਾਜਪਾ ਵਿੱਚ ਸ਼ਾਮਲ ਰਹੇਗਾ। ਪਰ ਵਿਧਾਇਕ ਅਹੁਦੇ 'ਤੇ ਬਰਕਰਾਰ ਰਹੇਗਾ। ਇਸ ਗਣਿਤ ਵਿੱਚ ਨਾ ਜਲੰਧਰ ਵੈਸਟ ਵਿੱਚ ਬਾਈ ਇਲੈਕਸ਼ਨ ਹੋਣਗੇ ਅਤੇ ਨਾ ਹੀ ਕੋਈ ਨਵਾਂ ਉਮੀਦਵਾਰ ਸਾਹਮਣੇ ਆਏਗਾ। ਇਸਤੋਂ ਇਲਾਵਾ ਇਹ ਮਾਮਲਾ ਆਉਣ ਵਾਲੇ ਦਿਨਾਂ 'ਚ ਕੋਰਟ ਦੇ ਵਿੱਚ ਵੀ ਜਾ ਸਕਦਾ ਹੈ।
- PTC NEWS