Punjab News : ਪੰਜਾਬ ਨੂੰ ਜਲਦ ਮਿਲਣ ਜਾ ਰਿਹਾ ਇੱਕ ਹੋਰ ਅੰਤਰਰਾਸ਼ਟਰੀ ਹਵਾਈ ਅੱਡਾ, ਜਾਣੋ ਕਦੋਂ ਸ਼ੁਰੂ ਹੋਣਗੀਆਂ ਉਡਾਣਾਂ
Shaheed Kartar Singh Sarabha International Airport : ਪੰਜਾਬ ਵਾਸੀਆਂ ਲਈ ਖੁਸ਼ੀ ਦੀ ਖਬਰ ਹੈ। ਜਲਦ ਹੀ ਪੰਜਾਬ ਨੂੰ ਇੱਕ ਨਵਾਂ ਅੰਤਰਰਾਸ਼ਟਰੀ ਹਵਾਈ ਅੱਡਾ ਮਿਲਣ ਜਾ ਰਿਹਾ ਹੈ, ਜਿਸ ਤੋਂ ਛੇਤੀ ਹੀ ਉਡਾਣਾਂ ਵੀ ਸ਼ੁਰੂ ਹੋ ਜਾਣਗੀਆਂ। ਇਸ ਸਬੰਧੀ ਮੈਂਬਰ ਪਾਰਲੀਮੈਂਟ ਡਾ. ਅਮਰ ਸਿੰਘ ਵੱਲੋਂ ਕੇਂਦਰੀ ਹਵਾਬਾਜ਼ੀ ਮੰਤਰੀ ਰਾਮ ਮੋਹਨ ਨਾਇਡੂ ਨਾਲ ਵਿਚਾਰ ਚਰਚਾ ਵੀ ਕੀਤੀ ਗਈ ਹੈ।
ਡਾ. ਅਮਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ 'ਚ ਛੇਤੀ ਹੀ ਹਲਵਾਰਾ ਹਵਾਈ ਅੱਡਾ ਸ਼ੁਰੂ ਹੋਣ ਜਾ ਰਿਹਾ ਹੈ, ਜਿਸ ਸਬੰਧੀ ਉਨ੍ਹਾਂ ਨੇ ਕੇਂਦਰੀ ਹਵਾਬਾਜ਼ੀ ਮੰਤਰੀ ਰਾਮ ਮੋਹਨ ਨਾਇਡੂ ਨਾਲ ਮੁਲਾਕਾਤ ਕੀਤੀ। ਉਨ੍ਹਾਂ ਦੱਸਿਆ ਕਿ ਕੇਂਦਰੀ ਮੰਤਰੀ ਨਾਲ ਮੀਟਿੰਗ ਦੌਰਾਨ ਸ਼ਹੀਦ ਕਰਤਾਰ ਸਿੰਘ ਸਰਾਭਾ ਅੰਤਰਰਾਸ਼ਟਰੀ ਹਵਾਈ ਅੱਡੇ ਹਲਵਾਰਾ ਨੂੰ ਚਾਲੂ ਕਰਨ ਲਈ ਵਿਸਥਾਰ ਨਾਲ ਚਰਚਾ ਕੀਤੀ ਗਈ। ਇਸ ਦੌਰਾਨ ਕੇਂਦਰੀ ਮੰਤਰੀ ਨੇ ਭਰੋਸਾ ਦਿਵਾਇਆ ਹੈ ਕੇ ਆਉਣ ਵਾਲੇ 3 ਮਹੀਨੇ ਦੇ ਅੰਦਰ ਇਹ ਹਵਾਈ ਅੱਡਾ ਸ਼ੁਰੂ ਹੋ ਜਾਵੇਗਾ ਅਤੇ ਇਥੋਂ ਉਡਾਣਾਂ ਚਾਲੂ ਹੋ ਜਾਣਗੀਆਂ।
ਸੰਸਦ ਮੈਂਬਰ ਡਾ.ਅਮਰ ਸਿੰਘ ਨੇ ਦੱਸਿਆ ਕਿ ਕੇਂਦਰੀ ਮੰਤਰੀ ਨਾਇਡੂ ਨੇ ਕਿਹਾ ਹੈ ਕਿ ਇਸ ਹਵਾਈ ਅੱਡੇ ਦਾ ਕੰਮ ਜਲਦੀ ਮੁਕੰਮਲ ਕਰਨਾ ਜ਼ਰੂਰੀ ਹੈ। ਇਸ ਦੇ ਹਵਾਈ ਅੱਡੇ ਦੀ ਭੂਗੋਲਿਕ ਸਥਿਤੀ ਦੇ ਮੱਦੇਨਜ਼ਰ ਪੰਜਾਬ ਲਈ ਅਪਾਰ ਸੰਭਾਵਨਾਵਾਂ ਹਨ। ਕੇਂਦਰੀ ਮੰਤਰੀ ਨਾਇਡੂ ਨੇ ਵਾਅਦਾ ਕੀਤਾ ਕਿ ਉਹ ਪੰਜਾਬ ਦੇ ਇਸ ਅਭਿਲਾਸ਼ੀ ਪ੍ਰਾਜੈਕਟ ਨੂੰ ਜਲਦੀ ਮੁਕੰਮਲ ਕਰਨ ਅਤੇ ਹਲਵਾਰਾ ਹਵਾਈ ਅੱਡੇ ਤੋਂ ਉਡਾਣਾਂ ਜਲਦੀ ਤੋਂ ਜਲਦੀ ਸ਼ੁਰੂ ਕਰਨ ਲਈ ਹਰ ਸੰਭਵ ਯਤਨ ਕਰਨਗੇ।
ਇਥੇ ਗੌਰਤਲਬ ਹੈ ਕੇ ਡਾ. ਅਮਰ ਸਿੰਘ ਨੇ 2018 ਵਿੱਚ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਤੋਂ ਸਾਰੀਆਂ ਮਨਜ਼ੂਰੀਆਂ ਲੈਕੇ ਇਸ ਹਵਾਈ ਅੱਡੇ ਦਾ ਕੰਮ ਸ਼ੁਰੂ ਕਰਵਾਇਆ ਸੀ ਅਤੇ ਅੱਜ ਇਹ ਹਵਾਈ ਅੱਡਾ ਬਣ ਕੇ ਤਿਆਰ ਹੋ ਚੁੱਕਾ ਹੈ।
- PTC NEWS