Big lapse in Shah Rukh Khan security : ਸ਼ਾਹਰੁਖ ਖ਼ਾਨ ਦੀ ਸੁਰੱਖਿਆ 'ਚ ਵੱਡੀ ਸੰਨ੍ਹ,ਬੰਗਲੇ 'ਮੰਨਤ' ਦੀ ਕੰਧ ਟੱਪ ਕੇ ਅੰਦਰ ਵੜ੍ਹੇ ਦੋ ਨੌਜਵਾਨ
ਮੁੰਬਈ : ਬਾਲੀਵੁੱਡ ਦੇ 'ਕਿੰਗ ਖ਼ਾਨ' ਸ਼ਾਹਰੁਖ ਖ਼ਾਨ ਦੇ ਬੰਗਲੇ 'ਮੰਨਤ' ਦੇ ਬਾਹਰ ਚਾਹੁਣ ਵਾਲਿਆਂ ਦੀ ਆਵਾਜਾਈ ਲੱਗੀ ਰਹਿਣਾ ਤਾਂ ਆਮ ਗੱਲ ਹੈ ਪਰ ਬੀਤੇ ਦਿਨੀਂ 2 ਨੌਜਵਾਨ ਕੰਧ ਟੱਪ ਕੇ ਅੰਦਰ ਵੜ੍ਹ ਗਏ। ਮੁੰਬਈ ਪੁਲਿਸ ਨੇ ਅਦਾਕਾਰ ਸ਼ਾਹਰੁਖ ਖਾਨ ਦੇ ਬੰਗਲੇ 'ਮੰਨਤ' ਦੀ ਕੰਧ ਟੱਪ ਕੇ ਅੰਦਰ ਘੁਸਪੈਠ ਕਰਨ ਦੇ ਦੋਸ਼ 'ਚ ਗੁਜਰਾਤ ਦੇ ਦੋ ਨੌਜਵਾਨਾਂ ਨੂੰ ਹਿਰਾਸਤ 'ਚ ਲਿਆ ਹੈ।
ਬਾਂਦਰਾ ਪੁਲਿਸ ਦੇ ਇਕ ਅਧਿਕਾਰੀ ਦੇ ਅਨੁਸਾਰ, 19-20 ਸਾਲ ਦੇ ਦੋ ਨੌਜਵਾਨਾਂ ਨੂੰ ਡਿਊਟੀ 'ਤੇ ਮੌਜੂਦ ਸੁਰੱਖਿਆ ਮੁਲਾਜ਼ਮਾਂ ਨੇ ਉਦੋਂ ਫੜ ਲਿਆ ਜਦੋਂ ਉਹ ਬੰਗਲੇ ਵਿਚ ਵੜ੍ਹ ਰਹੇ ਸਨ। ਪੁੱਛਗਿੱਛ ਦੌਰਾਨ ਦੋਵਾਂ ਨੇ ਪੁਲਿਸ ਨੂੰ ਦੱਸਿਆ ਕਿ ਉਹ ਗੁਜਰਾਤ ਤੋਂ ਆਏ ਹਨ ਤੇ ਸ਼ਾਹਰੁਖ ਖ਼ਾਨ ਨੂੰ ਮਿਲਣਾ ਚਾਹੁੰਦੇ ਸਨ।
ਅਧਿਕਾਰੀ ਨੇ ਦੱਸਿਆ ਕਿ ਬਿਨਾ ਇਜਾਜ਼ਤ ਅੰਦਰ ਦਾਖ਼ਲ ਹੋਣ ਸਮੇਤ ਆਈ.ਪੀ.ਸੀ. ਦੀਆਂ ਹੋਰ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਅਗਲੀ ਜਾਂਚ ਕੀਤੀ ਜਾ ਰਹੀ ਹੈ। ਬਾਂਦਰਾ ਪੁਲਿਸ ਨੇ ਦੋਵਾਂ ਖ਼ਿਲਾਫ਼ ਆਈਪੀਸੀ 452, 34 ਤਹਿਤ ਕੇਸ ਦਰਜ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਦੋਵੇਂ ਗੁਜਰਾਤ ਦੇ ਸੂਰਤ ਦੇ ਰਹਿਣ ਵਾਲੇ ਦੱਸੇ ਜਾਂਦੇ ਹਨ ਤੇ ਸ਼ਾਹਰੁਖ ਖਾਨ ਦੇ ਪ੍ਰਸ਼ੰਸਕ ਹਨ।
ਰਿਪੋਰਟ ਮੁਤਾਬਕ ਜਦੋਂ ਦੋਵੇਂ ਅਣਪਛਾਤੇ ਵਿਅਕਤੀ 'ਮੰਨਤ' ਦੀ ਕੰਧ ਟੱਪ ਕੇ ਅੰਦਰ ਦਾਖਲ ਹੋਏ ਤਾਂ ਸ਼ਾਹਰੁਖ ਖਾਨ ਉੱਥੇ ਨਹੀਂ ਸਨ। ਉਹ ਆਪਣੀ ਫਿਲਮ ਜਵਾਨ ਦੀ ਸ਼ੂਟਿੰਗ ਕਰ ਰਹੇ ਸਨ। ਇਹ ਰਾਤ ਦੀ ਗੱਲ ਹੈ। ਸ਼ਾਹਰੁਖ ਸ਼ੂਟ ਤੋਂ ਸਵੇਰੇ ਜਲਦੀ ਵਾਪਸ ਆਏ ਅਤੇ ਸੌਂ ਗਏ ਸਨ।
ਕਾਬਿਲੇਗੌਰ ਹੈ ਕਿ ਸ਼ਾਹਰੁਖ ਖਾਨ ਕਿਸੇ ਨਾ ਕਿਸੇ ਗੱਲ ਨੂੰ ਲੈ ਕੇ ਅੱਜ-ਕੱਲ੍ਹ ਕਾਫੀ ਸੁਰਖੀਆਂ ਵਿਚ ਰਹਿੰਦੇ ਹਨ। ਬੀਤੇ ਦਿਨ ਸ਼ਾਹਰੁਖ ਖਾਨ ਦੀ ਪਤਨੀ ਗੌਰੀ ਖਾਨ ਖਿਲਾਫ਼ ਲਖਨਊ ਦੇ ਸੁਸ਼ਾਂਤ ਗੋਲਫ ਸਿਟੀ ਪੁਲਿਸ ਸਟੇਸ਼ਨ 'ਚ ਐੱਫ.ਆਈ.ਆਰ ਦਰਜ ਕੀਤੀ ਗਈ ਹੈ। ਇਹ ਐਫਆਈਆਰ ਗ਼ੈਰ-ਜ਼ਮਾਨਤੀ ਧਾਰਾ-409 ਤਹਿਤ ਦਰਜ ਕੀਤੀ ਗਈ ਹੈ।
ਇਹ ਵੀ ਪੜ੍ਹੋ : Punjab Budget Session : ਪੰਜਾਬ ਦਾ ਬਜਟ ਸੈਸ਼ਨ ਅੱਜ ਤੋਂ ਸ਼ੁਰੂ, ਰਾਜਪਾਲ ਦੇ ਭਾਸ਼ਣ ’ਤੇ ਟਿਕੀਆਂ ਸਾਰਿਆਂ ਦੀਆਂ ਨਜ਼ਰਾਂ
ਰਿਪੋਰਟ ਮੁਤਾਬਕ ਇਹ ਮਾਮਲਾ ਤੁਲਸਿਆਨੀ ਕੰਸਟਰਕਸ਼ਨ ਐਂਡ ਡਿਵੈਲਪਰਸ ਲਿਮਟਿਡ ਦੇ ਸੀਐਮਡੀ ਅਨਿਲ ਕੁਮਾਰ ਤੁਲਸਿਆਨੀ, ਡਾਇਰੈਕਟਰ ਮਹੇਸ਼ ਤੁਲਸਿਆਨੀ ਅਤੇ ਕੰਪਨੀ ਦੀ ਬ੍ਰਾਂਡ ਅੰਬੈਸਡਰ ਗੌਰੀ ਖਾਨ ਖਿਲਾਫ ਦਰਜ ਕੀਤਾ ਗਿਆ ਹੈ। ਪੀੜਤਾ ਅਨੁਸਾਰ ਸਾਲ 2015 'ਚ ਗੌਰੀ ਖਾਨ ਮੈਸਰਜ਼ ਤੁਲਸਿਆਨੀ ਕੰਸਟਰਕਸ਼ਨ ਐਂਡ ਡਿਵੈਲਪਰਜ਼ ਗਰੁੱਪ ਦੀ ਬ੍ਰਾਂਡ ਅੰਬੈਸਡਰ ਸੀ।
- PTC NEWS