ਅੰਮ੍ਰਿਤਸਰ, 30 ਜਨਵਰੀ: ਮੱਧ ਪ੍ਰਦੇਸ਼ ਵਿਖੇ ਬੀਤੇ ਦਿਨੀਂ ਸਿੰਧੀ ਸਮਾਜ ਦੇ ਅਸਥਾਨਾਂ ਵਿਚੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਚੁੱਕਣ ਦੀਆਂ ਘਟਨਾਵਾਂ ਦੇ ਮੱਦੇਨਜ਼ਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਵਫ਼ਦ 29 ਜਨਵਰੀ ਨੂੰ ਦੋ ਦਿਨਾਂ ਦੇ ਦੌਰੇ ਉਤੇ ਇੰਦੌਰ ਪੁੱਜਿਆ। ਇਸ ਵਫ਼ਦ ਵਿੱਚ ਧਰਮ ਪ੍ਰਚਾਰ ਕਮੇਟੀ ਦੇ ਮੈਂਬਰ ਭਾਈ ਅਜੈਬ ਸਿੰਘ ਅਭਿਆਸੀ, ਸੁਖਵਰਸ਼ ਸਿੰਘ ਪੰਨੂ, ਸ਼੍ਰੋਮਣੀ ਕਮੇਟੀ ਦੇ ਵਧੀਕ ਸਕੱਤਰ ਗੁਰਿੰਦਰ ਸਿੰਘ ਮਥਰੇਵਾਲ, ਰਾਏਪੁਰ ਛੱਤੀਸਗੜ੍ਹ ਸਿੱਖ ਮਿਸ਼ਨ ਦੇ ਇੰਚਾਰਜ ਭਾਈ ਗੁਰਮੀਤ ਸਿੰਘ ਅਤੇ ਲੇਖਕ ਆਈ.ਟੀ. ਵਿਭਾਗ, ਸ਼੍ਰੋਮਣੀ ਕਮੇਟੀ ਜਸਕਰਨ ਸਿੰਘ ਸ਼ਾਮਲ ਸਨ।ਜਿਕਰਯੋਗ ਹੈ ਕਿ ਇਹ ਵਫ਼ਦ ਸ਼੍ਰੋਮਣੀ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਦੀ ਮਿਤੀ 28 ਜਨਵਰੀ, 2023 ਨੂੰ ਸ੍ਰੀ ਅੰਮ੍ਰਿਤਸਰ ਵਿਖੇ ਹੋਈ ਇਕੱਤਰਤਾ ਦੌਰਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਆਦੇਸ਼ ਉਪਰੰਤ ਇੰਦੌਰ ਲਈ ਰਵਾਨਾ ਹੋਇਆ ਸੀ।ਇੰਦੌਰ ਪਹੁੰਚਣ ’ਤੇ ਇਹ ਵਫ਼ਦ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਚਰਨ ਛੋਹ ਪ੍ਰਾਪਤ ਅਸਥਾਨ ਗੁਰਦੁਆਰਾ ਸ੍ਰੀ ਇਮਲੀ ਸਾਹਿਬ ਪੁੱਜਾ, ਜਿਥੇ ਸ੍ਰੀ ਗੁਰੂ ਸਿੰਘ ਸਭਾ, ਇੰਦੌਰ ਦੇ ਪ੍ਰਧਾਨ ਮਨਜੀਤ ਸਿੰਘ ਭਾਟੀਆ ਸਮੇਤ ਗੁਰਦੁਆਰਾ ਕਮੇਟੀ ਦੇ ਮੈਂਬਰ ਸਾਹਿਬਾਨ, ਸਥਾਨਕ ਸਿੱਖ ਸੰਗਤ, ਅਤੇ ਛੱਤੀਸਗੜ੍ਹ ਮੱਧ ਪ੍ਰਦੇਸ਼ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਦੇ ਨੁਮਾਇੰਦੇ ਸੁਰਜੀਤ ਸਿੰਘ ਟੁਟੇਜਾ ਨਾਲ ਉਕਤ ਵਿਸ਼ੇ ਸਬੰਧੀ ਦੀਰਘ ਵਿਚਾਰਾਂ ਕਰਨ ਦੇ ਨਾਲ-ਨਾਲ ਇੱਥੇ ਵਾਪਰੀਆਂ ਘਟਨਾਵਾਂ ਸਬੰਧੀ ਸਮੁੱਚੀ ਜਾਣਕਾਰੀ ਪ੍ਰਾਪਤ ਕੀਤੀ ਗਈ।ਸ਼੍ਰੋਮਣੀ ਕਮੇਟੀ ਦੇ ਵਫ਼ਦ ਵੱਲੋਂ ਇੰਦੌਰ ਵਿਖੇ ਸਿੰਧੀ ਸਮਾਜ ਵੱਲੋਂ ਸਥਾਪਤ ਕੀਤੇ ਅਸਥਾਨਾਂ ਅਤੇ ਗੁਰਦੁਆਰਾ ਸਾਹਿਬ ਦਾ ਵੀ ਦੌਰਾ ਕੀਤਾ ਗਿਆ। ਸ਼੍ਰੋਮਣੀ ਕਮੇਟੀ ਵਫ਼ਦ ਨੇ 29 ਜਨਵਰੀ ਨੂੰ ਸ੍ਰੀ ਗੁਰੂ ਸਿੰਘ ਸਭਾ, ਇੰਦੌਰ ਅਤੇ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ, ਛੱਤੀਸਗੜ੍ਹ ਮੱਧ ਪ੍ਰਦੇਸ਼ ਦੇ ਸਹਿਯੋਗ ਨਾਲ ਸਵਾਮੀ ਪ੍ਰੀਤਮ ਦਾਸ ਸਭਾ ਗ੍ਰਹਿ, ਸਿੰਧੀ ਕਲੋਨੀ, ਇੰਦੌਰ ਵਿਖੇ ਅਖਿਲ ਭਾਰਤੀਯ ਸਿੰਧੂ ਸੰਤ ਸਮਾਜ ਟ੍ਰਸਟ ਦੇ ਮਹਾਮੰਡਲੇਸ਼ਵਰ ਸਵਾਮੀ ਹੰਸ ਰਾਮ (ਭੀਲਵਾੜਾ, ਰਾਜਸਥਾਨ) ਸਮੇਤ 20 ਦੇ ਕਰੀਬ ਸਨਾਤਨੀ ਮੱਤ ਵਾਲੇ ਸਿੰਧੀ ਆਗੂਆਂ ਨਾਲ ਸੁਖਾਂਵੇ ਮਹੌਲ ਵਿੱਚ ਮੁਲਾਕਾਤ ਕੀਤੀ ਗਈ।ਇਸ ਮੁਲਾਕਾਤ ਦੌਰਾਨ ਸ਼੍ਰੋਮਣੀ ਕਮੇਟੀ ਦੇ ਵਫ਼ਦ ਨੇ ਮਾਣਯੋਗ ਪ੍ਰਧਾਨ ਸਾਹਿਬ ਵੱਲੋਂ ਦਿੱਤਾ ਸੰਦੇਸ਼ ਸਾਂਝਾ ਕੀਤਾ ਕਿ ਸਿੰਧੀ ਸਮਾਜ ਨਾਲ ਸਿੱਖਾਂ ਦੀ ਸਦੀਆਂ ਪੁਰਾਣੀ ਸਾਂਝ ਹੈ ਅਤੇ ਦੋਵਾਂ ਵਿਚਕਾਰ ਪ੍ਰੇਮ ਸਤਿਕਾਰ ਕਾਇਮ ਰਹਿਣਾ ਚਾਹੀਦਾ ਹੈ। ਸਿੱਖ ਸੰਸਥਾਵਾਂ ਸਿੰਧੀ ਸਮਾਜ ਨੂੰ ਆਪਣੇ ਤੋਂ ਵੱਖ ਨਹੀਂ ਹੋਣ ਦੇਣਗੀਆਂ। ਇਹ ਵੀ ਦੱਸਿਆ ਗਿਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ ਮਰਯਾਦਾ ਅਨੁਸਾਰ ਰੱਖਣਾ ਸਾਡਾ ਸਭ ਤੋਂ ਪਹਿਲਾ ਫਰਜ ਹੈ।ਇਕੱਤਰਤਾ ਵਿੱਚ ਹਾਜ਼ਰ ਸਿੰਧੀ ਸਮਾਜ ਦੇ ਆਗੂਆਂ ਨੇ ਤਸੱਲੀ ਪ੍ਰਗਟ ਕਰਦਿਆਂ ਗੱਲਬਾਤ ਨੂੰ ਅੱਗੇ ਵਧਾਉਣ ਦੀ ਗੱਲ ਆਖੀ ਹੈ ਅਤੇ ਜਲਦ ਹੀ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਜਾਣ ਦੀ ਗੱਲ ਆਖੀ। ਸ਼੍ਰੋਮਣੀ ਕਮੇਟੀ ਸਿੰਧੀ ਸਮਾਜ ਦੇ ਨਾਲ ਖੜਦਿਆਂ ਇਸ ਮਾਮਲੇ ਨੂੰ ਖਾਸ ਨਿਰਣੇ ਤੱਕ ਲੈ ਕੇ ਜਾਣ ਲਈ ਵਚਨਬੱਧ ਹੈ। ਇਸ ਸਬੰਧੀ ਜਲਦ ਹੀ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਇਸ ਗੱਲਬਾਤ ਨੂੰ ਅੱਗੇ ਵਧਾਇਆ ਜਾਵੇਗਾ।