ਖੇਡਾਂ ਵਤਨ ਪੰਜਾਬ ਦੀਆਂ 2 'ਚ ਅਧਿਆਪਕਾਂ ਦੇ ਗੰਭੀਰ ਇਲਜ਼ਾਮ, 'ਬਿਨਾਂ ਖੁਰਾਕ ਭਾਲਦੇ ਹਨ ਖਿਡਾਰੀਆਂ ਤੋਂ ਮੈਡਲ'
ਗੁਰਦਾਸਪੁਰ : ਪੰਜਾਬ ਸਰਕਾਰ ਵੱਲੋਂ 'ਖੇਡਾਂ ਵਤਨ ਪੰਜਾਬ ਦੀਆਂ 2' ਕਰਵਾਈਆਂ ਜਾ ਰਹੀਆਂ ਹਨ ਅਤੇ ਇਸ ਦੇ ਚਲਦਿਆਂ ਜ਼ਿਲੇ ਗੁਰਦਾਸਪੁਰ ਅੰਦਰ ਵੀ ਸਰਕਾਰੀ ਕਾਲਜ ਵਿਖੇ ਇਹ 26 ਸਤੰਬਰ ਤੋਂ ਕਰਵਾਈਆਂ ਜਾ ਰਹੀਆਂ ਹਨ। ਪਰ ਹਾਲਾਤ ਇਹ ਹਨ ਕਿ ਖਿਡਾਰੀਆਂ ਅਤੇ ਉਨ੍ਹਾਂ ਦੇ ਨਾਲ ਆਏ ਅਧਿਆਪਕਾਂ ਮੁਤਾਬਿਕ ਰਿਫਰੈਸ਼ਮੈਂਟ ਤਾਂ ਦੂਰ ਦੀ ਗੱਲ ਖਿਡਾਰੀਆਂ ਲਈ ਗਰਾਉਂਡ ਵਿੱਚ ਪਾਣੀ ਤੱਕ ਦਾ ਵੀ ਪ੍ਰਬੰਧ ਨਹੀਂ ਅਤੇ ਖਿਡਾਰਨਾਂ ਲਈ ਪਖਾਨਿਆਂ ਤੱਕ ਦਾ ਪ੍ਰਬੰਧ ਨਹੀਂ ਕੀਤਾ ਗਿਆ।
ਪੀ.ਟੀ.ਸੀ ਨਿਊਜ਼ ਦੇ ਰਿਪੋਟਰ ਰਵੀਬਖਸ਼ ਸਿੰਘ ਅਰਸ਼ੀ ਨੇ ਮੌਕੇ ਦਾ ਜਾਇਜ਼ਾ ਲਿਆ ਅਤੇ ਇਸ ਮੌਕੇ ਖਿਡਾਰਨਾਂ ਅਤੇ ਉਨ੍ਹਾਂ ਦੇ ਨਾਲ ਆਏ ਅਧਿਆਪਕਾਂ ਨੇ ਵਿਸ਼ੇਸ਼ ਗੱਲਬਾਤ ਦੌਰਾਨ ਖੇਡ ਵਿਭਾਗ ਅਤੇ ਪੰਜਾਬ ਸਰਕਾਰ ਨੂੰ ਕੋਸਦਿਆਂ ਸਰਕਾਰ ਨੂੰ ਸਵਾਲ ਕੀਤਾ ਇਸ ਤਰਾਂ ਬਿਨਾਂ ਖੁਰਾਕ ਦੇ ਕਿਵੇਂ ਖਿਡਾਰੀਆਂ ਤੋਂ ਮੈਡਲ ਭਾਲਦੇ ਹੋ। ਖਿਡਾਰਨਾਂ ਨੇ ਕਿਹਾ ਕਿ ਮਾੜੇ ਪ੍ਰਬੰਧਾਂ ਨੂੰ ਵੇਖ ਉਨ੍ਹਾਂ ਨੂੰ ਬਹੁਤ ਦੁੱਖ ਲੱਗਾ ਅਤੇ ਮਨੋਬਲ ਡਿੱਗਾ। ਖਿਡਾਰਨਾਂ ਖ਼ੁਦ ਆਪਣੇ ਘਰੋਂ ਲਿਆਂਦੇ ਟਿਫਿਨ 'ਚ ਰੋਟੀ ਖਾਂਦੀਆਂ ਹਨ।
ਦੂਜੇ ਪਾਸੇ ਇਸ ਸੰਬੰਧ ਵਿੱਚ ਜ਼ਿਲਾ ਖੇਡ ਅਧਿਕਾਰੀ ਸਿਮਰਨਜੀਤ ਸਿੰਘ ਇਸ ਮੁੱਦੇ 'ਤੇ ਆਪਣੀ ਸਫਾਈ ਦਿੰਦੇ ਨਜ਼ਰ ਆਏ ਅਤੇ ਪਾਣੀ ਖ਼ਤਮ ਹੋ ਜਾਣ 'ਤੇ ਦੋਬਾਰਾ ਮੰਗਵਾ ਦਿੱਤਾ ਗਿਆ ਅਤੇ ਸੁਚਾਰੂ ਪ੍ਰਬੰਧ ਕੀਤੇ ਗਏ ਦੇ ਦਾਅਵੇ ਕਰਦੇ ਨਜ਼ਰ ਆਏ ਜੋ ਕਿ ਸਰਾਸਰ ਮੌਕੇ ਦੇ ਹਾਲਾਤਾਂ ਅਤੇ ਖਿਡਾਰੀਆਂ 'ਤੇ ਅਧਿਆਪਕਾਂ ਦੇ ਬਿਆਨਾਂ ਦੇ ਉਲਟ ਹਨ।
- PTC NEWS