ਦਿੱਲੀ ਕਾਂਝਵਾਲਾ ਕੇਸ 'ਚ ਹੋਇਆ ਸਨਸਨੀਖੇਜ ਖ਼ੁਲਾਸਾ, ਜਾਣੋ ਪੂਰਾ ਮਾਮਲਾ
ਨਵੀਂ ਦਿੱਲੀ: ਦਿੱਲੀ ਦੇ ਸੁਲਤਾਨਪੁਰੀ ਦੇ ਕਾਂਝਵਾਲਾ ਇਲਾਕੇ ਵਿੱਚ ਵਾਪਰੇ ਦਰਦਨਾਕ ਹਾਦਸੇ ਵਿੱਚ ਨਵਾਂ ਮੋੜ ਸਾਹਮਣੇ ਆਇਆ ਹੈ। ਜਦੋਂ ਦਿੱਲੀ ਪੁਲਿਸ ਹਿੱਟ ਐਂਡ ਰਿਨ ਦੀ ਪੀੜਤਾ ਦਾ ਰੂਟ ਟਰੇਸ ਕਰ ਰਹੀ ਸੀ ਤਾਂ ਉਨ੍ਹਾਂ ਨੂੰ ਪਤਾ ਲੱਗਾ ਕਿ ਪੀੜਤਾ ਸਕੂਟੀ 'ਤੇ ਇਕੱਲੀ ਨਹੀਂ ਸੀ ਉਸ ਨਾਲ ਇਕ ਹੋਰ ਲੜਕੀ ਵੀ ਸੀ। ਉਸ ਰਾਤ ਜਦੋਂ ਹਾਦਸਾ ਹੋਇਆ ਤਾਂ ਪੀੜਤਾ ਦੇ ਪਿੱਛੇ ਇਕ ਹੋਰ ਕੁੜੀ ਵੀ ਬੈਠੀ ਸੀ। ਪੁਲਿਸ ਸੂਤਰਾਂ ਅਨੁਸਾਰ ਹਾਦਸੇ ਦੌਰਾਨ ਦੂਜੀ ਲੜਕੀ ਨੂੰ ਮਾਮੂਲੀ ਸੱਟਾਂ ਲੱਗੀਆਂ ਅਤੇ ਉਹ ਮੌਕੇ ਤੋਂ ਆਪਣੇ ਘਰ ਚਲੀ ਗਈ ਪਰ ਅੰਜਲੀ ਦੀਆਂ ਲੱਤਾਂ ਕਾਰ ਦੇ ਐਕਸਲ 'ਚ ਫਸ ਗਈਆਂ, ਜਿਸ ਤੋਂ ਬਾਅਦ ਕਾਰ 'ਚ ਬੈਠੇ ਮੁਲਜ਼ਮ ਪੀੜਤਾ ਨੂੰ ਘੜੀਸਦੇ ਹੋਏ ਲੈ ਗਏ। ਪੁਲਿਸ ਨੇ ਲੜਕੀ ਨੂੰ ਟਰੇਸ ਕਰ ਲਿਆ ਹੈ। ਪੁਲਿਸ ਜਲਦ ਹੀ ਲੜਕੀ ਦੇ ਬਿਆਨ ਦਰਜ ਕਰੇਗੀ।
ਇਸ ਦੇ ਨਾਲ ਹੀ ਹਾਦਸੇ ਤੋਂ ਕਰੀਬ 15 ਮਿੰਟ ਪਹਿਲਾਂ ਦਾ ਇਕ ਸੀਸੀਟੀਵੀ ਸਾਹਮਣੇ ਆਈ ਹੈ। ਅੰਜਲੀ ਨਵੇਂ ਸਾਲ ਦੀ ਪਾਰਟੀ ਤੋਂ ਬਾਅਦ ਸਵੇਰੇ 1.45 ਵਜੇ ਇਕ ਹੋਟਲ ਤੋਂ ਨਿਕਲਦੀ ਦਿਖਾਈ ਦੇ ਰਹੀ ਹੈ। ਪੀੜਤਾ ਪਿੰਕ ਟੀ-ਸ਼ਰਟ 'ਚ ਹੈ, ਜਦਕਿ ਉਸ ਦੀ ਦੋਸਤ ਨਿਧੀ ਲਾਲ ਟੀ-ਸ਼ਰਟ 'ਚ ਹੈ। ਸਕੂਟੀ ਨਿਧੀ ਚਲਾ ਰਹੀ ਹੈ, ਜਦਕਿ ਅੰਜਲੀ ਪਿੱਛੇ ਬੈਠ ਜਾਂਦੀ। ਇੱਥੋਂ ਨਿਧੀ ਸਕੂਟੀ ਚਲਾਉਂਦੀ ਹੈ ਅਤੇ ਕੁਝ ਦੂਰੀ 'ਤੇ ਅੰਜਲੀ ਕਹਿੰਦੀ ਹੈ ਕਿ ਮੈਂ ਸਕੂਟੀ ਚਲਾਵਾਂਗੀ, ਜਿਸ ਤੋਂ ਬਾਅਦ ਪੀੜਤਾ ਸਕੂਟੀ ਚਲਾਉਂਦੀ ਹੈ ਤੇ ਨਿਧੀ ਪਿੱਛੇ ਬੈਠ ਜਾਂਦੀ ਹੈ। ਬਾਅਦ ਵਿੱਚ ਭਿਆਨਕ ਹਾਦਸਾ ਵਾਪਰ ਗਿਆ। ਨਿਧੀ ਨੂੰ ਵੀ ਮਾਮੂਲੀ ਸੱਟ ਲੱਗੀ ਅਤੇ ਮੌਕੇ ਤੋਂ ਫ਼ਰਾਰ ਹੋ ਗਈ। ਪੀੜਤਾ ਦੀ ਲੱਤ ਕਾਰ ਵਿੱਚ ਫਸ ਗਈ ਸੀ।
ਸੂਤਰਾਂ ਅਨੁਸਾਰ ਮੁਲਜ਼ਮਾਂ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਅਮਿਤ ਆਪਣੇ ਦੋਸਤ ਦੀ ਕਾਰ ਲੈ ਕੇ ਆਇਆ ਸੀ ਅਤੇ ਦੋਵਾਂ ਨੇ ਮਿਲ ਕੇ ਨਵੇਂ ਸਾਲ ਦੀ ਪਾਰਟੀ ਕਰਨ ਦੀ ਯੋਜਨਾ ਬਣਾਈ ਸੀ। ਪਾਰਟੀ ਲਈ ਮੁਰਥਲ ਜਾਣ ਦਾ ਫੈਸਲਾ ਹੋਇਆ। ਮੁਰਥਲ ਵਿਖੇ ਭਾਰੀ ਭੀੜ ਹੋਣ ਕਾਰਨ ਖਾਣਾ ਨਹੀਂ ਮਿਲ ਰਿਹਾ ਸੀ। ਇਸ ਤੋਂ ਬਾਅਦ ਪੰਜੇ ਵਾਪਸ ਆ ਗਏ। ਮੁਰਥਲ ਨੂੰ ਜਾਂਦੇ-ਜਾਂਦੇ ਕਾਰ 'ਚ ਸ਼ਰਾਬ ਪੀਤੀ। ਵਾਪਸੀ ਵੇਲੇ ਪੀਰਾਗੜ੍ਹੀ ਨੇੜੇ ਰਾਤ ਦਾ ਖਾਣਾ ਖਾਧਾ।
ਪੁਲਿਸ ਸੂਤਰਾਂ ਅਨੁਸਾਰ ਜਦੋਂ ਮਨੋਜ ਮਿੱਤਲ ਨੂੰ ਘਰ ਛੱਡਣ ਜਾ ਰਹੇ ਸੀ ਤਾਂ ਸਕੂਟੀ ਨਾਲ ਆਹਮੋ-ਸਾਹਮਣੇ ਟੱਕਰ ਹੋ ਗਈ। ਇਹ ਟੱਕਰ 2 ਤੋਂ 2:30 ਦਰਮਿਆਨ ਹੋਈ। ਟੱਕਰ ਤੋਂ ਬਾਅਦ ਸਕੂਟੀ ਗੱਡੀ ਦੇ ਅੱਗੇ ਆ ਗਈ, ਗੱਡੀ ਪਿੱਛੇ ਕਰਨ ਮਗਰੋਂ ਉਥੋਂ ਨਿਕਲ ਗਏ। ਉਦੋਂ ਲੜਕੀ ਕਾਰ ਵਿੱਚ ਹੀ ਫਸ ਗਈ ਸੀ। ਇਸ ਦੌਰਾਨ ਕਾਰ ਡਰਾਈਵਰ ਨੂੰ ਵੀ ਮਹਿਸੂਸ ਹੋਇਆ ਕਿ ਕੁਝ ਫਸਿਆ ਹੋਇਆ ਹੈ ਪਰ ਬਾਕੀਆਂ ਨੇ ਕਿਹਾ ਕਿ ਕੁਝ ਨਹੀਂ ਹੈ ਅਤੇ ਗੱਡੀ ਚਲਾਉਂਦੇ ਰਹੇ।
ਇਹ ਵੀ ਪੜ੍ਹੋ : 'ਆਪ' ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਦੇ ਲਾਡਲੇ ਨੇ ਨਵੇਂ ਸਾਲ ਦੀ ਪਾਰਟੀ ਦੌਰਾਨ ਕੀਤੇ ਫਾਇਰ, ਮਾਮਲਾ ਦਰਜ
ਮਿਥੁਨ ਖੱਬੇ ਪਾਸੇ ਬੈਠਾ ਸੀ ਜਦੋਂ ਕਾਰ ਨੇ ਯੂ-ਟਰਨ ਲਿਆ ਤਾਂ ਉਸ ਨੇ ਲੜਕੀ ਦਾ ਹੱਥ ਦੇਖਿਆ, ਫਿਰ ਕਾਰ ਰੋਕੀ ਤਾਂ ਲੜਕੀ ਹੇਠਾਂ ਡਿੱਗ ਗਈ। ਸਾਰਿਆਂ ਨੇ ਹੇਠਾਂ ਉਤਰ ਕੇ ਦੇਖਿਆ ਤੇ ਉਥੋਂ ਭੱਜ ਗਏ। ਇਹ ਸਾਰੀਆਂ ਗੱਲਾਂ ਮੁਲਜ਼ਮਾਂ ਨੇ ਆਪਣੇ ਬਿਆਨ ਵਿੱਚ ਦੱਸੀਆਂ ਹਨ, ਜਿਨ੍ਹਾਂ ਦੀ ਪੁਲਿਸ ਪੜਤਾਲ ਕਰ ਰਹੀ ਹੈ।
- PTC NEWS