ਨੰਗਲ ਦੇ ਜੰਗਲਾਂ 'ਚੋਂ ਤੇਂਦੂਏ ਦੇ ਬੱਚੇ ਦੀ ਲਾਸ਼ ਮਿਲਣ ਨਾਲ ਫੈਲੀ ਸਨਸਨੀ, ਜੰਗਲਾਤ ਵਿਭਾਗ ਜਾਂਚ 'ਚ ਜੁਟਿਆ
ਨੰਗਲ : ਸਥਾਨਕ ਪਿੰਡ ਨਿੱਕੂ ਨੰਗਲ ਦੇ ਜੰਗਲਾਂ 'ਚੋਂ ਤੇਂਦੂਏ ਦੇ ਬੱਚੇ ਦੀ ਲਾਸ਼ ਮਿਲਣ ਮਗਰੋਂ ਸਨਸਨੀ ਫੈਲ ਗਈ। ਬੱਚੇ ਦੇ ਸਿਰ 'ਤੇ ਤੇਜ਼ਧਾਰ ਹਥਿਆਰਾਂ ਨਾਲ ਵਾਰ ਕਰਨ ਦੇ ਨਿਸ਼ਾਨ ਵੀ ਮਿਲੇ ਹਨ। ਕਿਆਸ ਲਾਏ ਜਾ ਰਹੇ ਹਨ ਕਿ ਇਸ ਜੰਗਲੀ ਜਾਨਵਰ ਦਾ ਸ਼ਿਕਾਰ ਕੀਤਾ ਹੈ। ਫ਼ਿਲਹਾਲ ਇਸ ਬੱਚੇ ਨੂੰ ਜੰਗਲਾਤ ਵਿਭਾਗ ਦੀ ਟੀਮ ਪੋਸਟਮਾਰਟਮ ਲਈ ਲੈ ਗਈ ਹੈ।
ਜਾਣਕਾਰੀ ਮੁਤਾਬਿਕ ਕੁਝ ਲੋਕਾਂ ਨੇ ਇਸ ਬਾਰੇ ਜੰਗਲਾਤ ਵਿਭਾਗ ਨੂੰ ਸੂਚਨਾ ਦਿੱਤੀ ਸੀ ਤੇ ਜੰਗਲਾਤ ਵਿਭਾਗ ਦੇ ਮੁਲਾਜ਼ਮ ਮੌਕੇ ਉਤੇ ਪਹੁੰਚ ਗਏ ਤੇ ਤੇਂਦੂਏ ਦੇ ਬੱਚੇ ਦੀ ਲਾਸ਼ ਆਪਣੇ ਨਾਲ ਲੈ ਗਏ। ਨਿੱਕੂ ਨੰਗਲ ਇਲਾਕਾ ਵਾਸੀਆਂ ਅਨੁਸਾਰ ਇਕ ਮਾਦਾ ਤੇਂਦੂਆ ਆਪਣੇ ਦੋ ਬੱਚਿਆਂ ਸਮੇਤ ਜੰਗਲ ਵਿੱਚ ਘੁੰਮਦਾ ਅਕਸਰ ਦੇਖਿਆ ਗਿਆ ਸੀ। ਇਹ ਕਿਆਸ ਵੀ ਲਾਏ ਜਾ ਰਹੇ ਹਨ ਕਿ ਮਾਦਾ ਸਣੇ ਸਾਰੇ ਬੱਚਿਆਂ ਦਾ ਸ਼ਿਕਾਰ ਕੀਤਾ ਚੁੱਕਾ ਹੈ।
ਜੰਗਲਾਤ ਵਿਭਾਗ ਜ਼ਿਲ੍ਹਾ ਰੂਪਨਗਰ ਦੇ ਰੇਂਜ ਅਫ਼ਸਰ ਮੋਹਨ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਦੀ ਸ਼ਿਕਾਇਤ ਨੰਗਲ ਪੁਲਿਸ ਨੂੰ ਕਰਨ ਤੋਂ ਇਲਾਵਾ ਵਿਭਾਗ ਵੀ ਆਪਣੇ ਪੱਧਰ ਉਤੇ ਇਸ ਮਾਮਲੇ ਦੀ ਜਾਂਚ ’ਚ ਜੁਟਿਆ ਹੋਇਆ ਹੈ। ਉਨ੍ਹਾਂ ਮੰਨਿਆ ਕਿ ਮ੍ਰਿਤਕ ਬੱਚੇ ਦੇ ਸਿਰ ਤੇ ਕੰਨ ਦੇ ਪਿੱਛੇ ਜ਼ਖ਼ਮਾਂ ਦੇ ਡੂੰਘੇ ਜ਼ਖ਼ਮ ਪਾਏ ਗਏ ਸਨ।
ਇਹ ਵੀ ਪੜ੍ਹੋ : ਪੰਜਾਬ ’ਚ ਸੰਘਣੀ ਧੁੰਦ ਤੇ ਕੜਾਕੇ ਦੀ ਠੰਢ ਤੋਂ ਰਾਹਤ, ਮੀਂਹ ਦੀ ਸੰਭਾਵਨਾ
ਪੋਸਟਮਾਰਟਮ ਲਈ ਦੋ ਟੀਮਾਂ ਦਾ ਗਠਨ ਕੀਤਾ ਗਿਆ ਹੈ। ਉਚ ਅਧਿਕਾਰੀ ਦੀ ਮੌਜੂਦਗੀ ਵਿਚ ਵੀਡੀਓਗ੍ਰਾਫੀ ਕਰ ਕੇ ਤੇਂਦੂਏ ਦੇ ਬੱਚੇ ਨੂੰ ਦਫਨਾ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜੇ ਸ਼ਿਕਾਰੀ ਫੜਿਆ ਜਾਂਦਾ ਹੈ ਤਾਂ ਉਸ ਨੂੰ 6 ਸਾਲ ਦੀ ਸਜ਼ਾ ਅਤੇ ਬਣਦਾ ਜੁਰਮਾਨਾ ਜਾਂ ਦੋਨੋ ਹੀ ਭੁਗਤਣੇ ਪੈ ਸਕਦੇ ਹਨ। ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਆਰੰਭ ਕਰ ਦਿੱਤੀ ਗਈ।
- PTC NEWS