ਚੰਡੀਗੜ੍ਹ 'ਚ ਧਾਰਾ 144 ਲਾਗੂ, ਕਿਸਾਨਾਂ ਦੇ ਦਿੱਲੀ ਵੱਲ ਕੂਚ ਕਾਰਨ ਪ੍ਰਸ਼ਾਸਨ ਨੇ ਲਿਆ ਫੈਸਲਾ
ਕਿਸਾਨਾਂ ਦੇ ਦਿੱਲੀ ਵੱਲ ਕੂਚ ਕਾਰਨ ਪੈਦਾ ਹੋਈ ਸਥਿਤੀ ਦੇ ਮੱਦੇਨਜ਼ਰ ਚੰਡੀਗੜ੍ਹ ਪ੍ਰਸ਼ਾਸਨ ਨੇ ਵੀ ਸਖ਼ਤ ਕਦਮ ਚੁੱਕੇ ਹਨ। ਲੋਕਾਂ ਦੀ ਸੁਰੱਖਿਆ ਅਤੇ ਕਾਨੂੰਨ ਵਿਵਸਥਾ ਨੂੰ ਧਿਆਨ ਵਿੱਚ ਰੱਖਦੇ ਹੋਏ ਪ੍ਰਸ਼ਾਸਨ ਨੇ ਚੰਡੀਗੜ੍ਹ ਵਿੱਚ ਅਗਲੇ 60 ਦਿਨਾਂ ਲਈ ਧਾਰਾ 144 ਲਾਗੂ ਕਰ ਦਿੱਤੀ ਹੈ। ਇਹ ਹੁਕਮ ਜ਼ਿਲ੍ਹਾ ਮੈਜਿਸਟਰੇਟ ਵਿਨੈ ਪ੍ਰਤਾਪ ਵੱਲੋਂ ਜਾਰੀ ਕੀਤੇ ਗਏ ਹਨ।
ਅਜਿਹੇ 'ਚ ਹੁਣ 5 ਜਾਂ ਇਸ ਤੋਂ ਵੱਧ ਲੋਕਾਂ ਦੇ ਇਕੱਠੇ ਹੋਣ, ਜਲੂਸ ਕੱਢਣ, ਪ੍ਰਦਰਸ਼ਨ ਕਰਨ, ਪੈਦਲ ਜਾਂ ਟਰੈਕਟਰ ਟਰਾਲੀ ਅਤੇ ਹੋਰ ਵਾਹਨਾਂ ਨਾਲ ਮਾਰਚ ਕਰਨ 'ਤੇ ਪਾਬੰਦੀ ਹੈ।
ਚੰਡੀਗੜ੍ਹ ਪ੍ਰਸ਼ਾਸਨ ਨੇ ਲੋਕਾਂ ਨੂੰ ਜਾਰੀ ਹੁਕਮਾਂ ਦੀ ਪਾਲਣਾ ਕਰਨ ਦੀ ਸਲਾਹ ਦਿੱਤੀ ਹੈ। ਅਜਿਹਾ ਨਾ ਕਰਨ ਦੀ ਸੂਰਤ ਵਿੱਚ ਉਨ੍ਹਾਂ ਖ਼ਿਲਾਫ਼ ਸੀਆਰਪੀਸੀ ਦੀ ਧਾਰਾ 144 ਤਹਿਤ ਕਾਰਵਾਈ ਕੀਤੀ ਜਾ ਸਕਦੀ ਹੈ। ਸਾਰੇ ਲੋਕਾਂ ਨੂੰ ਇਸ ਦੀ ਪਾਲਣਾ ਕਰਨੀ ਚਾਹੀਦੀ ਹੈ ਤਾਂ ਜੋ ਸ਼ਹਿਰ ਵਿੱਚ ਕਾਨੂੰਨ ਵਿਵਸਥਾ ਬਣਾਈ ਰੱਖੀ ਜਾ ਸਕੇ। ਚੰਡੀਗੜ੍ਹ ਪੁਲੀਸ ਤੇ ਪ੍ਰਸ਼ਾਸਨ ਕਿਸੇ ਖ਼ਿਲਾਫ਼ ਕਾਰਵਾਈ ਨਹੀਂ ਚਾਹੁੰਦਾ। ਪਰ ਪਹਿਲ ਸ਼ਹਿਰ ਵਿੱਚ ਅਮਨ-ਸ਼ਾਂਤੀ ਬਣਾਈ ਰੱਖਣ ਦੀ ਹੈ। ਨਾਲ ਹੀ ਪ੍ਰਸ਼ਾਸਨ ਲੋਕਾਂ ਨੂੰ ਸਮੇਂ-ਸਮੇਂ 'ਤੇ ਅਪਡੇਟ ਕਰਦਾ ਰਹੇਗਾ। ਇਸ ਦੇ ਨਾਲ ਹੀ ਜੇਕਰ ਰਸਤਾ ਕਿਤੇ ਮੋੜਿਆ ਹੋਇਆ ਹੈ ਤਾਂ ਉਸ ਦਾ ਵੀ ਪਾਲਣ ਕਰੋ।
ਹਾਲ ਹੀ ਵਿੱਚ ਜਦੋਂ ਦਿੱਲੀ ਵਿੱਚ ਕਿਸਾਨ ਅੰਦੋਲਨ ਹੋਇਆ ਤਾਂ ਚੰਡੀਗੜ੍ਹ ਵਿੱਚ ਇਸ ਨੂੰ ਪੂਰਾ ਸਮਰਥਨ ਮਿਲਿਆ। ਸ਼ਾਮ ਨੂੰ ਲੋਕ ਸੜਕਾਂ 'ਤੇ ਖੜ੍ਹੇ ਹੋ ਕੇ ਪ੍ਰਦਰਸ਼ਨ ਕਰਦੇ ਸਨ। ਇਸ ਦੇ ਨਾਲ ਹੀ ਇੱਕ ਸਿੱਖ ਬਜ਼ੁਰਗ ਨੇ ਮਟਕਾ ਚੌਕ ਵਿੱਚ ਪੱਕਾ ਮੋਰਚਾ ਲਾਇਆ ਹੋਇਆ ਸੀ। ਇਸ ਤੋਂ ਇਲਾਵਾ ਆਮ ਲੋਕ ਵੀ ਉਨ੍ਹਾਂ ਦੇ ਸਮਰਥਨ ਵਿਚ ਆਏ ਹਨ। ਇਸ ਕਾਰਨ ਪੁਲੀਸ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।
-