MahaKumbh 2025 : ਗੂਗਲ ਵੀ ਹੋਇਆ ਮਹਾਂਕੁੰਭ ਦਾ ਦੀਵਾਨਾ ! ਨਹੀਂ ਯਕੀਨ, ਤਾਂ ਵਰਤ ਕੇ ਦੇਖੋ ਇਹ ਨੁਕਤਾ, ਫੁੱਲਾਂ ਦੀ ਹੋਵੇਗੀ ਵਰਖਾ
Mahakumbh 2025 Trick : ਮਹਾਂਕੁੰਭ ਦੇ ਪਹਿਲੇ ਇਸ਼ਨਾਨ ਵਿੱਚ 3.50 ਕਰੋੜ ਤੋਂ ਵੱਧ ਸ਼ਰਧਾਲੂ ਗੰਗਾ ਵਿੱਚ ਸ਼ਰਧਾ ਦੀ ਡੁਬਕੀ ਲਗਾ ਚੁੱਕੇ ਹਨ। ਦੁਨੀਆ ਭਰ 'ਚ ਇਸ ਸਮੇਂ ਮਹਾਂਕੁੰਭ ਦੀ ਚਰਚਾ ਹੋ ਰਹੀ ਹੈ ਅਤੇ ਮਹਾਂਕੁੰਭ ਦੀਆਂ ਵੱਖ-ਵੱਖ ਅਨੋਖੀਆਂ ਤਸਵੀਰਾਂ ਵੀ ਚਰਚਾ ਦਾ ਵਿਸ਼ਾ ਬਣ ਰਹੀਆਂ ਹਨ। ਇਸ ਵਿਚਾਲੇ ਹੀ ਗੂਗਲ ਵੀ ਮਹਾਂਕੁੰਭ ਦੀਵਾਨਾ ਵਿਖਾਈ ਦੇ ਰਿਹਾ ਹੈ। ਗੂਗਲ ਨੇ ਮਹਾਂਕੁੰਭ 'ਤੇ ਇੱਕ ਫੀਚਰ ਦਿੱਤਾ ਹੈ, ਜੋ ਕਿ ਮਹਾਂਕੁੰਭ ਦੇ ਸ਼ਰਧਾਲੂਆਂ ਲਈ ਬਹੁਤ ਹੀ ਸੁੰਦਰ ਨਜ਼ਾਰਾ ਪੇਸ਼ ਕਰਦਾ ਹੈ। ਗੂਗਲ, ਆਪਣੇ ਸਰਚ ਇੰਜਨ 'ਤੇ 'ਮਹਾਂਕੁੰਭ' ਲਿਖਣ 'ਤੇ ਕੁੱਝ ਸਕਿੰਟਾਂ ਬਾਅਦ ਸ਼ਖਸ ਦਾ ਫੁੱਲਾਂ ਦੀ ਵਰਖਾ ਨਾਲ ਸਵਾਗਤ ਕਰ ਰਿਹਾ ਹੈ।
ਤੁਸੀ ਗੂਗਲ ਦੇ ਇਸ ਫੀਚਰ ਦਾ ਆਨੰਦ ਆਪਣੇ ਮੋਬਾਈਲ, ਕੰਪਿਊਟਰ ਜਾਂ ਫਿਰ ਲੈਪਟਾਪ 'ਤੇ ਲੈ ਸਕਦੇ ਹੋ। ਤੁਸੀ ਜਿਵੇਂ ਹੀ ਗੂਗਲ 'ਤੇ ਅੰਗਰੇਜ਼ੀ ਭਾਸ਼ਾ ਵਿੱਚ 'ਮਹਾਂਕੁੰਭ' ਲਿਖ ਕੇ ਕਲਿੱਕ ਕਰਦੇ ਹੋ ਤਾਂ ਸਕਰੀਨ 'ਤੇ ਕੁੱਝ ਪਲਾਂ ਵਿੱਚ ਹੀ ਗੁਲਾਬ ਦੇ ਫੁੱਲ ਦੀਆਂ ਪੰਖੁੜੀਆਂ ਡਿੱਗਣ ਲੱਗਣਗੀਆਂ।
ਜਾਣਕਾਰੀ ਅਨੁਸਾਰ ਇਹ ਇੱਕ ਐਨੀਮੇਸ਼ਨ ਫੀਚਰ ਗੂਗਲ ਵੱਲੋਂ ਦਿੱਤਾ ਗਿਆ ਹੈ, ਜਿਸ ਨੂੰ ਆਪਣੇ ਦੋਸਤਾਂ-ਮਿੱਤਰਾਂ ਨਾਲ ਸਾਂਝਾ ਵੀ ਕੀਤਾ ਜਾ ਸਕਦਾ ਹੈ। ਸਕਰੀਨ ਦੇ ਹੇਠਾਂ ਤਿੰਨ ਵਿਕਲਪ ਦਿੱਤੇ ਗਏ ਹਨ, ਜਿਵੇਂ ਜਿਵੇਂ ਤੁਸੀ ਦੂਜੇ 'ਤੇ ਕਲਿੱਕ ਕਰਦੇ ਜਾਓਗੇ, ਗੁਲਾਬ ਦੀਆਂ ਪੱਤੀਆਂ ਦੀ ਗਿਣਤੀ ਵੀ ਵਧ ਜਾਵੇਗੀ। ਜਦਕਿ ਤੀਜੇ ਵਿਕਲਪ 'ਚ ਸਕਰੀਨ ਸਾਂਝੀ ਕੀਤੀ ਜਾ ਸਕਦੀ ਹੈ।
ਦੱਸ ਦਈਏ ਕਿ ਇਹ ਐਨੀਮੇਸ਼ਨ ਵੈਬਸੀਰੀਜ਼ 'ਸਕੁਇਡ ਗੇਮ' ਦੇ ਸੀਜ਼ਨ 2 ਵਿੱਚ ਸਟ੍ਰੀਮਿੰਗ ਵਾਲੇ ਦਿਨ ਵੀ ਵਿਖਾਈ ਦਿੱਤੀ ਸੀ, ਜਦੋਂ ਗੂਗਲ ਨੇ ਖਪਤਕਾਰਾਂ ਨੂੰ ਇਸ ਗੇਮ ਨੂੰ ਖੇਡਣ ਦਾ ਮੌਕਾ ਦਿੱਤਾ ਸੀ।
- PTC NEWS