Jagjit Singh Dallewal : ਡੱਲੇਵਾਲ ਨੂੰ ਲੈ ਕੇ ਪੰਧੇਰ ਨੇ ਮਾਨ ਸਰਕਾਰ ਨੂੰ ਦਿੱਤੀ ਚੇਤਾਵਨੀ, ਲੋਕਾਂ ਨੂੰ ਤੁਰੰਤ ਖਨੌਰੀ ਬਾਰਡਰ ਪਹੁੰਚਣ ਦੀ ਅਪੀਲ
Sarwan Singh Pandher Warns CM Mann government : ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਸੰਯੁਕਤ ਕਿਸਾਨ ਮੋਰਚੇ ਦੇ 30 ਦਸੰਬਰ ਨੂੰ ਪੰਜਾਬ ਬੰਦ ਸੱਦੇ ਨੂੰ ਲੈ ਕੇ ਐਤਵਾਰ ਸ਼ਾਮ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਉਨ੍ਹਾਂ ਨੂੰ ਵੱਖ ਵੱਖ ਜਥੇਬੰਦੀਆਂ ਵੱਲੋਂ ਭਰਵਾਂ ਸਮਰਥਨ ਮਿਲ ਰਿਹਾ ਹੈ ਅਤੇ ਕੱਲ ਦਾ ਪੰਜਾਬ ਬੰਦ ਪੂਰੀ ਤਰ੍ਹਾਂ ਬੰਦ ਰਹੇਗਾ। ਉਨ੍ਹਾਂ ਇਸ ਮੌਕੇ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਸਰਕਾਰ ਨੂੰ ਵੀ ਚੇਤਾਵਨੀ ਦਿੱਤੀ ਕਿ ਉਹ ਖਨੌਰੀ ਬਾਰਡਰ 'ਤੇ ਮਰਨ ਵਰਤ 'ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਜ਼ਬਰਦਸਤੀ ਲੈ ਕੇ ਨਹੀਂ ਜਾਣ ਦੇਣਗੇ।
''ਭਗਵੰਤ ਮਾਨ ਸਰਕਾਰ ਨੂੰ ਚੇਤਾਵਨੀ''
ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਇਸ ਵੇਲੇ ਸਾਡੇ ਕੋਲ ਖਬਰਾਂ ਹਨ ਕਿ ਇਸ ਵੇਲੇ ਵੀ ਖਨੌਰੀ ਬਾਰਡਰ 'ਤੇ ਫੋਰਸ ਨੂੰ ਲੈ ਕੇ ਜਾਣ ਵਾਸਤੇ ਇਸ ਵੇਲੇ ਪਟਿਆਲਾ ਦੇ ਵਿੱਚ ਕਾਫੀ ਬੱਸਾਂ ਦੀ ਤਿਆਰੀ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਵੱਲੋਂ ਪਟਿਆਲਾ ਰੇਂਜ ਨੂੰ ਪੂਰੀ ਤਰ੍ਹਾਂ ਅਲਰਟ ਮੋਡ 'ਤੇ ਰੱਖਿਆ ਗਿਆ ਹੈ, ਜੋ ਸਾਨੂੰ ਖਬਰਾਂ ਹਨ। 30 ਬੱਸਾਂ 'ਚ ਇਹ ਇਸ ਵੇਲੇ ਪਟਿਆਲੇ ਦੇ ਬੱਸ ਅੱਡੇ ਤੋਂ ਮੰਗੀਆਂ ਗਈਆਂ ਹਨ ਅਤੇ ਜੋ ਖਨੌਰੀ ਬਾਰਡਰ ਨੂੰ ਜਾਣ ਦੀ ਤਿਆਰੀਆਂ ਕਰ ਰਹੀਆਂ ਹਨ।
ਕਿਸਾਨ ਆਗੂ ਨੇ ਅੱਗੇ ਕਿਹਾ, ''ਅਸੀਂ ਭਗਵੰਤ ਮਾਨ ਸਰਕਾਰ ਨੂੰ ਦੱਸਣਾ ਚਾਹੁੰਦੇ ਹਾਂ ਕਿ ਇਹ ਤੁਹਾਡੀ ਗਲਤੀ ਬਰਗਾੜੀ ਕਾਂਡ ਵਾਲੀ ਹੋਵੇਗੀ...ਇਸ ਗਲਤੀ ਲਈ ਪੰਜਾਬ ਕਦੀ ਮਾਫ ਨਹੀਂ ਕਰੇਗਾ। ਜੋ ਹਾਲਾਤ ਇਸ ਵੇਲੇ ਹਨ, ਜੇ ਭਗਵੰਤ ਮਾਨ ਸਰਕਾਰ, ਕੇਜਰੀਵਾਲ ਜੀ, ਦਿੱਲੀ ਦਰਬਾਰ ਨੂੰ ਖੁਸ਼ ਕਰਨ ਲਈ ਜਾਂ ਕਿਤੇ ਮੋਦੀ ਸਰਕਾਰ ਨੂੰ ਖੁਸ਼ ਕਰਨ ਵਾਸਤੇ...ਕੋਈ ਕਿਸਾਨਾਂ 'ਤੇ ਵਾਰ ਕਰਦੀ ਹੈ...ਕਿਸਾਨ-ਮਜਦੂਰ ਕਦੀ ਵੀ ਉਹਨੂੰ ਮਾਫ ਨਹੀਂ ਕਰਨਗੇ।''
ਸਰਵਣ ਸਿੰਘ ਪੰਧੇਰ ਦੀ ਨੌਜਵਾਨਾਂ ਨੂੰ ਅਪੀਲ
ਕਿਸਾਨ ਆਗੂ ਨੇ ਪੁਲਿਸ ਫੋਰਸ ਦੀਆਂ ਖਨੌਰੀ ਬਾਰਡਰ ਪਹੁੰਚਣ ਦੀਆਂ ਤਿਆਰੀਆਂ ਦੀ ਖ਼ਬਰਾਂ ਵਿਚਾਲੇ ਕਿਹਾ, ''ਮੈਂ ਪਟਿਆਲੇ ਜ਼ਿਲ੍ਹੇ ਦੇ ਖਾਸ ਕਰਕੇ ਪਟਿਆਲੇ ਦੇ ਵਿੱਚ ਉਥੇ ਇਕੱਠ ਬਹੁਤ ਹੈ, ਨੌਜਵਾਨਾਂ ਨੂੰ ਕਹਿਣਾ ਚਾਹੁੰਦਾ ਹਾਂ ਕਿ ਨੌਜਵਾਨੋ ਇਥੋਂ ਚਾਲੇ ਪਾਓ, ਤੁਸੀਂ ਹੁਣੇ ਮੋਟਰਸਾਈਕਲ ਫੜੋ ਜਿੰਨੇ ਵੀ ਪਟਿਆਲੇ ਦੇ ਨੇੜੇ ਪਿੰਡ ਹਨ, ਮੋਟਰਸਾਈਕਲ ਫੜੋ ਤੇ ਖਨੌਰੀ ਬਾਰਡਰ 'ਤੇ ਪਹੁੰਚੋ, ਜੋ ਤੁਹਾਡੇ ਹੱਥ 'ਚ ਆਉਂਦਾ ਹੈ, ਨਾਲ ਲੈ ਜਾਓ।''
- PTC NEWS