ਕਿਸਾਨ ਆਗੂਆਂ ਦੀਆਂ ਜਾਇਦਾਦਾਂ ਦੀ ਜਾਂਚ 'ਤੇ ਪੰਧੇਰ ਦਾ ਰਵਨੀਤ ਬਿੱਟੂ ਨੂੰ ਚੈਲੰਜ, ''ਜ਼ਿਮਨੀ ਚੋਣਾਂ ਛੱਡੋ, ਹੁਣੇ ਜਾਂਚ ਕਰਵਾ ਲਓ''
Farmers Vs Ravneet Bittu : ਕੇਂਦਰੀ ਰਾਜ ਮੰਤਰੀ ਅਤੇ ਭਾਜਪਾ ਲੀਡਰ ਰਵਨੀਤ ਸਿੰਘ ਵੱਲੋਂ ਕਿਸਾਨਾਂ ਨੂੰ ਤਾਲਿਬਾਨੀ ਦੱਸਣ ਅਤੇ ਕਿਸਾਨ ਲੀਡਰਾਂ ਦੀਆਂ ਜਾਇਦਾਦਾਂ ਦੀ ਜਾਂਚ ਕਰਵਾਉਣ ਦਾ ਮਾਮਲਾ ਭਖਦਾ ਜਾ ਰਿਹਾ ਹੈ। ਪੰਜਾਬ ਭਾਜਪਾ ਆਗੂ ਨੂੰ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਤਿੱਖਾ ਜਵਾਬ ਦਿੱਤਾ ਹੈ। ਪੰਧੇਰ ਨੇ ਬਿੱਟੂ ਨੂੰ ਚੁਨੌਤੀ ਦਿੰਦਿਆਂ ਕਿਹਾ ਕਿ ਉਹ ਚਾਹੁਣ ਤਾਂ ਹੁਣੇ ਜਾਂਚ ਕਰਵਾ ਸਕਦੇ ਹਨ, ਜ਼ਿਮਨੀ ਚੋਣਾਂ ਤੋਂ ਬਾਅਦ ਕਰਵਾਉਣ ਦੀ ਲੋੜ ਹੀ ਨਹੀਂ ਹੈ, ਕਿਉਂਕਿ ਸਹੀ ਕਿਸਾਨ ਕਿਸੇ ਕੋਲੋਂ ਨਹੀਂ ਡਰਦਾ।
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਪ੍ਰਧਾਨ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਰਵਨੀਤ ਬਿੱਟੂ ਕਿਸਾਨ ਆਗੂਆਂ ਦੀ ਜਾਂਚ ਕਰਵਾਉਣ ਦੀ ਗੱਲ ਕਰਦੇ ਹਨ, ਪਰ ਉਹ ਬਿੱਟੂ ਨੂੰ ਵੰਗਾਰਦੇ ਹੋਏ ਕਹਿੰਦੇ ਹਨ ਕਿ ਤੁਹਾਨੂੰ ਜਾਂਚ ਕਰਵਾਉਣ ਤੋਂ ਰੋਕਿਆ ਕਿਸ ਨੇ ਹੈ। ਉਨ੍ਹਾਂ ਨੇ ਬਿੱਟੂ ਨੂੰ ਕਿਹਾ ਕਿ ਤੁਹਾਡੀ ਪਾਰਟੀ ਨੂੰ 11 ਸਾਲ ਸਰਕਾਰ ਵਿੱਚ ਹੋ ਗਏ ਹਨ, ਮੋਦੀ ਤੇ ਅਮਿਤ ਸ਼ਾਹ ਵੀ ਜ਼ੋਰ ਲਾ ਕੇ ਥੱਕ ਗਏ ਹਨ, ਤੁਸੀ ਜਦੋਂ ਮਰਜ਼ੀ ਅਤੇ ਜਿਸ ਦਿਨ ਜਾਂਚ ਕਰਨੀ ਹੋਵੇ ਤਾਂ ਆ ਜਾਇਓ। ਕਿਸਾਨ ਆਗੂ ਨੇ ਕਿਹਾ ਕਿ ਅਸੀਂ ਰਵਨੀਤ ਬਿੱਟੂ ਤੋਂ ਭੋਰਾ ਘਬਰਾਉਣ ਵਾਲੇ ਨਹੀਂ ਅਤੇ ਨਾ ਅਸੀਂ ਡਰਨ ਵਾਲੇ ਹਾਂ। ਉਨ੍ਹਾਂ ਕਿਹਾ ਕਿ ਤੁਸੀ ਜ਼ਿਮਨੀ ਚੋਣਾਂ ਨੂੰ ਛੱਡੋ, ਇਸ ਸਮੇਂ ਹੀ ਜਾਂਚ ਕਰਵਾ ਲਓ।
ਡੀਏਪੀ 'ਤੇ ਪੰਧੇਰ ਨੇ ਕਿਹਾ ਕਿ ਭਾਜਪਾ ਖਾਧ 'ਤੇ ਝੂਠ ਬੋਲ ਰਹੀ ਹੈ, ਡੀਏਪੀ ਹਰਿਆਣਾ, ਮੱਧ ਪ੍ਰਦੇਸ਼, ਯੂਪੀ ਅਤੇ ਪੰਜਾਬ 'ਚ ਨਹੀਂ ਮਿਲ ਰਹੀ ਹੈ ਅਤੇ ਰਵਨੀਤ ਬਿੱਟੂ ਦੀ ਸਰਕਾਰ ਪੂਰੀ ਤਰ੍ਹਾਂ ਇਸ ਮਾਮਲੇ 'ਚ ਘਿਰੀ ਹੋਈ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਡੀਏਪੀ ਲੁੱਟਣ ਬਾਰੇ ਕਹਿਣ 'ਤੇ ਉਨ੍ਹਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਕਿਸਾਨ ਜ਼ਿਮਨੀ ਚੋਣਾਂ 'ਚ ਡੀਏਪੀ ਪਹੁੰਚਣ ਦਾ ਵਿਰੋਧ ਕਰ ਰਹੇ ਹਨ, ਕਿਉਂਕਿ ਇੱਕ ਪਾਸੇ ਛੋਟੇ ਕਿਸਾਨ ਖਾਧ ਦੀ ਕਮੀ ਨਾਲ ਜੂਝ ਰਹੇ ਹਨ, ਜਦਕਿ ਦੂਜੇ ਪਾਸੇ ਜ਼ਿਮਨੀ ਚੋਣਾਂ ਦੇ ਇਲਾਕੇ 'ਚ ਖਾਧ ਪਹੁੰਚਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਭਾਜਪਾ ਸਾਜਿਸ਼ ਤਹਿਤ ਪੰਜਾਬ ਨੂੰ ਮਾਰਨਾ ਚਾਹੁੰਦੀ ਹੈ, ਕਿਉਂਕਿ ਜਦੋਂ ਪੰਜਾਬ 'ਚ ਚੌਲਾਂ ਦੀ 4 ਵਾਰ ਸੈਂਪਲਿੰਗ ਹੁੰਦੀ ਹੈ ਤਾਂ ਫਿਰ ਬਾਹਰਲਿਆਂ ਸੂਬਿਆਂ 'ਚ ਜਾ ਕੇ ਉਨ੍ਹਾਂ ਦੇ ਸੈਂਪਲ ਕਿਵੇਂ ਫੇਲ੍ਹ ਹੋ ਜਾਂਦੇ ਹਨ।
ਸਰਵਣ ਪੰਧੇਰ ਨੇ ਚੁਟਕੀ ਲੈਂਦਿਆਂ ਕਿਹਾ ਕਿ ਬਿੱਟੂ ਸਾਬ੍ਹ, ਤੁਸੀ ਉਹੀ ਹੋ ਜਦੋਂ 6 ਮਹੀਨੇ ਪਹਿਲਾਂ ਕਾਂਗਰਸ ਵਿੱਚ ਹੁੰਦੇ ਹੋਏ, ਕਿਸਾਨਾਂ ਦੇ ਹੱਕ ਵਿੱਚ ਖੜਦੇ ਹੁੰਦੇ ਸੀ, ਪਰ ਅੱਜ ਤੁਸੀ ਭਾਜਪਾ ਵਿੱਚ ਸ਼ਾਮਲ ਹੋ ਕੇ ਆਪਣੀ ਬੋਲੀ ਬਦਲ ਲਈ। ਕਿਉਂਕਿ ਨਾਗਪੁਰ ਦੀ ਟ੍ਰੇਨਿੰਗ ਬਹੁਤ ਜ਼ਬਰਦਸਤ ਹੈ। ਉਨ੍ਹਾਂ ਨੇ ਰਵਨੀਤ ਬਿੱਟੂ ਨੂੰ ਕਿਹਾ ਕਿ ਤੁਹਾਨੂੰ ਆਪਣੇ ਬਿਆਨ ਤਾਲਿਬਾਨੀ ਬਿਆਨ 'ਤੇ ਤੁਰੰਤ ਮਾਫੀ ਮੰਗਣੀ ਚਾਹੀਦੀ ਹੈ।
- PTC NEWS