Gurdaspur News : ਪਿੰਡ ਵੜੈਚ ਦੇ ਮੌਜੂਦਾ ਸਰਪੰਚ ਅਤੇ ਸਾਬਕਾ ਈਟੀਓ ਦੇ ਘਰ ਦਿਨ ਦਿਹਾੜੇ ਅਣਪਛਾਤਿਆਂ ਨੇ ਚਲਾਈਆਂ ਗੋਲੀਆਂ, ਪੁਲਿਸ ਨੇ ਮੌਕੇ ਦਾ ਲਿਆ ਜਾਇਜ਼ਾ
Gurdaspur News : ਪੰਜਾਬ ਦੇ ਅਮਨ ਕਾਨੂੰਨ ਦੀ ਵਿਵਸਥਾ ਨੂੰ ਲੈ ਕੇ ਹਾਲਾਤ ਦਿਨ ਤੋਂ ਦਿਨ ਬਦ ਤੋਂ ਬਦਤਰ ਹੁੰਦੇ ਜਾ ਰਹੇ ਹਨ। ਜਿਸ ਦੀ ਮਿਸਾਲ ਇੱਕ ਵਾਰ ਫਿਰ ਥਾਣਾ ਕਾਹਨੂੰਵਾਨ ਅਧੀਨ ਪੈਂਦੇ ਪਿੰਡ ਵੜੈਚ ਤੋਂ ਮਿਲੀ ਹੈ ,ਜਿੱਥੇ ਮੌਜੂਦਾ ਸਰਪੰਚ ਅਤੇ ਸਾਬਕਾ ਈਟੀਓ ਸੁਖਜੀਤ ਸਿੰਘ ਦੇ ਘਰ ਵਿੱਚ ਦਿਨ ਦਿਹਾੜੇ ਅਣਪਛਾਤੇ ਨੌਜਵਾਨਾਂ ਨੇ ਗੋਲੀਬਾਰੀ ਕੀਤੀ ਹੈ। ਇਸ ਘਟਨਾ ਨੂੰ ਲੈ ਕੇ ਸੰਬੰਧਿਤ ਪਰਿਵਾਰ ਅਤੇ ਪਿੰਡ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ।
ਮੌਕੇ ਤੋਂ ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਪਰਿਵਾਰਿਕ ਮੈਂਬਰਾਂ ਤੋਂ ਇਲਾਵਾ ਘਰ ਦੀ ਮਾਲਕਣ ਰਜਿੰਦਰ ਕੌਰ ਪਤਨੀ ਸੁਖਜੀਤ ਸਿੰਘ ਨੇ ਦੱਸਿਆ ਕਿ ਉਹ 11 ਕੁ ਵਜੇ ਆਪਣੇ ਘਰ ਵਿੱਚ ਹੀ ਸੀ ਕਿ ਇਸ ਦੌਰਾਨ ਉਸ ਨੂੰ ਪਟਾਕੇ ਨੁਮਾ ਆਵਾਜ਼ ਸੁਣਾਈ ਦਿੱਤੀ ਜਦੋਂ ਉਹ ਬਾਹਰ ਨਿਕਲੀ ਤਾਂ ਗਲੀ ਵਿੱਚ ਮੋਟਰਸਾਈਕਲ ਸਵਾਰ ਦੋ ਅਣਪਛਾਤੇ ਨੌਜਵਾਨ ਮੂੰਹ ਬੰਨ ਕੇ ਖੜੇ ਸਨ ਅਤੇ ਉਹ ਪਹਿਲਾਂ ਘਰ ਵਿੱਚ ਦਾਖਲ ਹੋ ਕੇ ਗੋਲੀ ਚਲਾ ਚੁੱਕੇ ਸਨ। ਜਦੋਂ ਉਹ ਗੇਟ ਤੋਂ ਬਾਹਰ ਆਈ ਤਾਂ ਇਹ ਨੌਜਵਾਨ ਇੱਕ ਵਾਰ ਫਿਰ ਘਰ ਅੰਦਰ ਦਾਖਲ ਹੋਇਆ ਅਤੇ ਉਸ ਨੇ ਫਿਰ ਗੋਲੀ ਚਲਾ ਦਿੱਤੀ। ਇਸ ਉਪਰੰਤ ਇਹ ਦੋਨੋਂ ਨੌਜਵਾਨ ਮੋਟਰਸਾਈਕਲ 'ਤੇ ਫਰਾਰ ਹੋ ਗਏ।
ਇਸ ਸਬੰਧੀ ਸਰਪੰਚ ਸੁਖਜੀਤ ਸਿੰਘ ਨੇ ਦੱਸਿਆ ਕਿ ਉਹ ਵਾਰਦਾਤ ਸਮੇਂ ਪਿੰਡ ਵਿੱਚ ਵਿਕਾਸ ਕਾਰਜਾਂ ਦਾ ਜਾਇਜ਼ਾ ਲੈ ਰਹੇ ਸਨ। ਉਹਨਾਂ ਨੂੰ ਜਦੋਂ ਪਤਾ ਲੱਗਿਆ ਤਾਂ ਉਹ ਆਪਣੇ ਘਰ ਪਹੁੰਚੇ। ਇਸ ਮੌਕੇ ਉਹਨਾਂ ਨੇ ਦੱਸਿਆ ਕਿ ਅਣਪਛਾਤੇ ਨੌਜਵਾਨਾਂ ਵੱਲੋਂ 2 ਫਾਇਰ ਕੀਤੇ ਗਏ ਹਨ। ਇੱਕ ਫਾਇਰ ਉਹਨਾਂ ਦੇ ਡਰਾਇੰਗ ਰੂਮ ਦੀ ਖਿੜਕੀ ਵਿੱਚ ਦੀ ਪਾਰ ਕਰਦਾ ਹੋਇਆ ਸੋਫੇ ਵਿੱਚ ਲੱਗਾ ਹੈ। ਉਹਨਾਂ ਨੇ ਦੱਸਿਆ ਕਿ ਉਸ ਵੇਲੇ ਉਹਨਾਂ ਦੀ ਪਤਨੀ ਰਜਿੰਦਰ ਕੌਰ ਅਤੇ ਉਨਾਂ ਦੀ ਕੰਮ ਵਾਲੀ ਬਜ਼ੁਰਗ ਮਾਈ ਘਰ ਵਿੱਚ ਹਾਜ਼ਰ ਸਨ।
ਉਹਨਾਂ ਨੇ ਦੱਸਿਆ ਕਿ ਜਦੋਂ ਉਹ ਪਿੰਡ ਦੇ ਸਰਪੰਚ ਬਣੇ ਸਨ ਤਾਂ ਉਦੋਂ ਵੀ ਉਹਨਾਂ ਨੂੰ ਇੱਕ ਅੰਤਰਰਾਸ਼ਟਰੀ ਕਾਲ ਤੋਂ ਧਮਕੀ ਆਈ ਸੀ ,ਜਿਸ ਵਿੱਚ ਉਹਨਾਂ ਦਾ ਨੁਕਸਾਨ ਕਰਨ ਦੀ ਗੱਲ ਕਹੀ ਗਈ ਸੀ। ਉਹਨਾਂ ਨੇ ਕਿਹਾ ਕਿ ਉਹਨਾਂ ਨੇ ਇਸ ਮਾਮਲੇ ਨੂੰ ਪੁਲਿਸ ਨੂੰ ਜਾਣੂ ਕਰਾ ਦਿੱਤਾ ਸੀ ਪਰ ਹੁਣ ਕਾਫੀ ਸਮੇਂ ਬਾਅਦ ਇਹ ਘਟਨਾ ਵਾਪਰੀ ਹੈ। ਉਹਨਾਂ ਨੇ ਦੱਸਿਆ ਕਿ ਇਹ ਨੌਜਵਾਨ ਪਿੰਡ ਦੇ ਹੀ ਕਿਸੇ ਵਿਅਕਤੀ ਦੀ ਹਾਜ਼ਰੀ ਵਿੱਚ ਕਹਿ ਕੇ ਗਏ ਹਨ ਕਿ ਸੁਖਜੀਤ ਸਿੰਘ ਦੇ ਕਨੇਡਾ ਰਹਿੰਦੇ ਸਪੁੱਤਰ ਨੂੰ ਉਹ ਇੰਡੀਆ ਨਹੀਂ ਆਉਣ ਦੇਣਗੇ। ਜੇਕਰ ਉਹ ਆਊਗਾ ਤਾਂ ਉਸ ਦਾ ਨੁਕਸਾਨ ਕਰਨਗੇ।
ਇਸ ਮੌਕੇ ਸੀਆਈਏ ਸਟਾਫ ਗੁਰਦਾਸਪੁਰ ਦੀ ਟੀਮ ਵੀ ਪਹੁੰਚੀ ਅਤੇ ਥਾਣਾ ਕਾਹਨੂੰਵਾਨ ਦੀ ਪੁਲਿਸ ਨਾਲ ਡੀਐਸਪੀ ਕੁਲਵੰਤ ਸਿੰਘ ਨੇ ਨੇੜਲੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਹਾਸਿਲ ਕੀਤੀ। ਇਸ ਤੋਂ ਇਲਾਵਾ ਉਹਨਾਂ ਨੇ ਕੁਝ ਥਾਵਾਂ ਉੱਤੇ ਇਹਨਾਂ ਅਣਪਛਾਤੇ ਹਮਲਾਵਰਾਂ ਦੀ ਖੋਜ ਵੀ ਦੱਬਣ ਦੀ ਕੋਸ਼ਿਸ਼ ਕੀਤੀ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਪੁਲਿਸ ਨੇ ਇਸ ਮਾਮਲੇ ਵਿੱਚ ਕੁਝ ਨੌਜਵਾਨਾਂ ਨੂੰ ਸ਼ੱਕ ਦੇ ਘੇਰੇ ਵਿੱਚ ਲੈਂਦੇ ਹੋਏ ਆਪਣੀ ਹਿਰਾਸਤ ਦੇ ਵਿੱਚ ਲਿਆ। ਜ਼ਿਕਰਯੋਗ ਹੈ ਕਿ 2 ਹਫਤੇ ਪਹਿਲਾਂ ਹੀ ਥਾਣਾ ਕਾਹਨੂੰਵਾਨ ਦੇ ਪੁਲ ਸਠਿਆਲੀ ਉੱਤੇ ਹੀ ਦਿਨ ਦਿਹਾੜੇ ਲੁਟੇਰਿਆਂ ਨੇ ਇੱਕ ਦੁਕਾਨਦਾਰ ਉੱਤੇ ਹਮਲਾ ਕਰਕੇ ਉਸ ਨੂੰ ਗੋਲੀ ਮਾਰ ਕੇ ਗੰਭੀਰ ਰੂਪ ਵਿੱਚ ਜ਼ਖਮੀ ਕਰ ਦਿੱਤਾ ਸੀ। ਇਸ ਤੋਂ ਇਲਾਵਾ ਇੱਕ ਬਾਰਵੀਂ ਦੇ ਵਿੱਚ ਪੜ੍ਹਦੇ ਨੌਜਵਾਨ ਨੂੰ ਵੀ ਤੇਜ਼ਧਾਰ ਹਥਿਆਰਾਂ ਨਾਲ ਗੰਭੀਰ ਰੂਪ ਵਿੱਚ ਜ਼ਖਮੀ ਕਰ ਦਿੱਤਾ ਸੀ।
- PTC NEWS