ਅਮਰੀਕਾ ਚ ਹੁਣ ਸਮਲਿੰਗੀ ਵਿਆਹ ਨੂੰ ਮਿਲੀ ਮਾਨਤਾ, ਜੋਅ ਬਾਇਡੇਨ ਨੇ ਲਗਾਈ ਮੋਹਰ
ਅਮਰੀਕਾ: ਅਮਰੀਕਾ ਵਿੱਚ ਸਮਲਿੰਗੀ ਵਿਆਹ ਨੂੰ ਮਨਜ਼ੂਰੀ ਮਿਲ ਗਈ ਹੈ। ਰਾਸ਼ਟਰਪਤੀ ਜੋ ਬਾਇਡੇਨ ਨੇ ਮੰਗਲਵਾਰ ਨੂੰ ਅਮਰੀਕੀ ਸੰਸਦ ਦੁਆਰਾ ਹਾਲ ਹੀ ਵਿੱਚ ਪਾਸ ਕੀਤੇ ਗੇ ਮੈਰਿਜ ਪ੍ਰੋਟੈਕਸ਼ਨ ਬਿੱਲ 'ਤੇ ਦਸਤਖਤ ਕੀਤੇ। ਬਾਇਡੇਨ ਨੇ ਇਸ ਮੌਕੇ ਕਿਹਾ ਕਿ 'ਅੱਜ ਦਾ ਦਿਨ ਚੰਗਾ ਹੈ।' ਇਸ ਤੋਂ ਪਹਿਲਾਂ ਉਨ੍ਹਾਂ ਨੇ ਇਸ ਬਿੱਲ ਦਾ ਸਮਰਥਨ ਕਰਦੇ ਹੋਏ 'ਪਿਆਰ ਪਿਆਰ ਹੁੰਦਾ ਹੈ' ਕਿਹਾ ਸੀ।
ਗੇ ਮੈਰਿਜ ਬਿੱਲ ਨੂੰ ਕਾਨੂੰਨ ਵਜੋਂ ਮਨਜ਼ੂਰੀ ਦਿੱਤੇ ਜਾਣ ਦੇ ਮੌਕੇ 'ਤੇ ਬਾਇਡੇਨ ਨੇ ਟਵੀਟ ਕੀਤਾ ਹੈ ਕਿ ਅੱਜ ਦਾ ਦਿਨ ਚੰਗਾ ਹੈ। ਅੱਜ ਅਮਰੀਕਾ ਨੇ ਬਰਾਬਰੀ ਵੱਲ ਇੱਕ ਹੋਰ ਕਦਮ ਪੁੱਟਿਆ ਹੈ। ਕੁਝ ਲੋਕਾਂ ਦੀ ਆਜ਼ਾਦੀ ਅਤੇ ਨਿਆਂ ਲਈ ਨਹੀਂ, ਸਗੋਂ ਸਾਰਿਆਂ ਲਈ।
ਰਾਸ਼ਟਰਪਤੀ ਦਾ ਕਹਿਣਾ ਹੈ ਕਿ ਹੁਣ ਸਮਲਿੰਗੀ ਲੋਕ ਆਪਣੀ ਮਰਜੀ ਨਾਲ ਵਿਆਹ ਕਰਵਾ ਸਕਣਗੇ।ਉਨ੍ਹਾਂ ਦਾ ਕਹਿਣਾ ਹੈ ਕਿ ਸਾਰਿਆ ਨੂੰ ਅਧਿਕਾਰ ਹੈ ਕਿ ਉਹ ਆਪਣੀ ਆਜ਼ਾਦੀ ਨਾਲ ਜਿੰਦਗੀ ਬਤੀਤ ਕਰ ਸਕਣਗੇ। ਅਮਰੀਕਾ ਦੇ ਹੇਠਲੇ ਸਦਨ 'ਚ ਬਿੱਲ 'ਤੇ ਹੋਈ ਵੋਟਿੰਗ 'ਚ ਬਿੱਲ ਦੇ ਸਮਰਥਨ 'ਚ 258 ਵੋਟਾਂ ਪਈਆਂ, ਜਦਕਿ 169 ਵਿਰੋਧ 'ਚ ਪਈਆਂ। ਵੱਡੀ ਗੱਲ ਇਹ ਹੈ ਕਿ ਵਿਰੋਧੀ ਰਿਪਬਲਿਕਨ ਪਾਰਟੀ ਦੇ 39 ਸੰਸਦ ਮੈਂਬਰਾਂ ਨੇ ਵੀ ਬਿੱਲ ਦਾ ਸਮਰਥਨ ਕੀਤਾ। ਇਸ ਬਿੱਲ ਨੂੰ ਪਿਛਲੇ ਹਫਤੇ ਅਮਰੀਕੀ ਸੈਨੇਟ ਨੇ ਮਨਜ਼ੂਰੀ ਦਿੱਤੀ ਸੀ। ਇਸ ਦੇ ਹੱਕ ਵਿੱਚ 61 ਅਤੇ ਵਿਰੋਧ ਵਿੱਚ 36 ਵੋਟਾਂ ਪਈਆਂ।
ਵ੍ਹਾਈਟ ਹਾਊਸ ਦੇ ਇੱਕ ਬਿਆਨ ਵਿੱਚ ਜੋ ਬਾਇਡੇਨ ਨੇ ਕਿਹਾ ਕਿ ਬਿੱਲ ਪਾਸ ਕਰਨ ਨਾਲ LGBTQI ਅਤੇ ਅੰਤਰਜਾਤੀ ਜੋੜਿਆਂ ਨੂੰ ਮਨ ਦੀ ਸ਼ਾਂਤੀ ਮਿਲੇਗੀ। ਜਿਨ੍ਹਾਂ ਨੂੰ ਹੁਣ ਉਨ੍ਹਾਂ ਅਧਿਕਾਰਾਂ ਅਤੇ ਸੁਰੱਖਿਆ ਦੀ ਗਾਰੰਟੀ ਦਿੱਤੀ ਗਈ ਹੈ ਜਿਨ੍ਹਾਂ ਦੇ ਉਹ ਅਤੇ ਉਨ੍ਹਾਂ ਦੇ ਬੱਚੇ ਹੱਕਦਾਰ ਹਨ।
ਮੰਗਲਵਾਰ ਨੂੰ ਬਿੱਲ 'ਤੇ ਦਸਤਖਤ ਕਰਨ ਦੌਰਾਨ ਦੋਵੇਂ ਸਿਆਸੀ ਪਾਰਟੀਆਂ ਦੇ ਸੰਸਦ ਮੈਂਬਰ ਮੌਜੂਦ ਸਨ, ਜੋ ਦੇਸ਼ ਦੇ ਸਭ ਤੋਂ ਵਿਵਾਦਪੂਰਨ ਮੁੱਦਿਆਂ 'ਤੇ ਦੋਵਾਂ ਪਾਰਟੀਆਂ ਦੀ ਮਨਜ਼ੂਰੀ ਨੂੰ ਦਰਸਾਉਂਦਾ ਹੈ।ਸੈਨੇਟ ਦੇ ਬਹੁਗਿਣਤੀ ਨੇਤਾ ਜਾਮਨੀ ਟਾਈ ਪਹਿਨ ਕੇ ਸਮਾਰੋਹ ਵਿੱਚ ਪਹੁੰਚੇ ਜੋ ਉਨ੍ਹਾਂ ਨੇ ਆਪਣੀ ਧੀ ਦੇ ਵਿਆਹ ਵਿੱਚ ਪਹਿਨੀ ਸੀ। ਉਨ੍ਹਾਂ ਦਾ ਕਹਿਣਾ ਹੈ ਕਿ ਲੱਖਾਂ ਲੋਕਾਂ ਦਾ ਧੰਨਵਾਦ ਜਿਨ੍ਹਾਂ ਨੇ ਇੱਕ ਬਦਲਾਅ ਲਿਆਉਣ ਲਈ ਸਾਲਾਂ ਤੱਕ ਸੰਘਰਸ਼ ਕੀਤਾ ਉਨ੍ਹਾਂ ਦਾ ਕਹਿਣਾ ਹੈ ਕਿ ਹੁਣ ਸਮਲਿੰਗੀ ਆਪਣੀ ਮਰਜੀ ਨਾਲ ਵਿਆਹ ਕਰਵਾ ਸਕਣਗੇ।
- PTC NEWS