Salman Khan Death Threat: ਸਲਮਾਨ ਖਾਨ ਨੂੰ ਜਾਨੋਂ ਮਾਰਨ ਦੀ ਧਮਕੀ ਦੇ ਕੇ 2 ਕਰੋੜ ਮੰਗਣ ਵਾਲਾ ਗ੍ਰਿਫਤਾਰ, ਖੁਦ ਨੂੰ ਬਿਸ਼ਨੋਈ ਦਾ ਦੱਸ ਰਿਹਾ ਸੀ ਭਰਾ
Salman Khan Death Threat: ਮੁੰਬਈ ਪੁਲਿਸ ਨੇ ਸਲਮਾਨ ਖਾਨ ਨੂੰ ਧਮਕੀ ਦੇਣ ਵਾਲੇ ਦੋਸ਼ੀ ਨੂੰ ਕਰਨਾਟਕ ਦੇ ਹਾਵੇਰੀ ਜ਼ਿਲੇ ਤੋਂ ਗ੍ਰਿਫਤਾਰ ਕੀਤਾ ਹੈ, ਮੁਲਜ਼ਮ ਦਾ ਨਾਂ ਬਿਕਰਮ ਜਲਰਾਮ ਬਿਸ਼ਨੋਈ ਹੈ। ਇਸ ਵਿਅਕਤੀ ਨੇ ਸਲਮਾਨ ਖਾਨ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਸੀ। ਇਸ ਗ੍ਰਿਫ਼ਤਾਰੀ ਨਾਲ ਪੁਲਿਸ ਨੂੰ ਇੱਕ ਅਹਿਮ ਸਫਲਤਾ ਮਿਲੀ ਹੈ।
ਬਿਕਰਮ ਜਲਰਾਮ ਬਿਸ਼ਨੋਈ ਨੇ ਧਮਕੀ ਭਰੇ ਸੰਦੇਸ਼ ਵਿੱਚ ਦਾਅਵਾ ਕੀਤਾ ਸੀ ਕਿ ਉਹ ਜੇਲ੍ਹ ਵਿੱਚ ਬੰਦ ਗੈਂਗਸਟਰ ਲਾਰੇਂਸ ਬਿਸ਼ਨੋਈ ਦਾ ਭਰਾ ਹੈ, ਧਮਕੀ 'ਚ ਕਿਹਾ ਗਿਆ ਸੀ ਕਿ ਜੇਕਰ ਸਲਮਾਨ ਖਾਨ ਨੇ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਨਾ ਕੀਤੀਆਂ ਤਾਂ ਉਨ੍ਹਾਂ ਨੂੰ ਮਾਰ ਦਿੱਤਾ ਜਾਵੇਗਾ। ਜਾਣਕਾਰੀ ਮੁਤਾਬਕ ਦੋਸ਼ੀ ਨੇ ਸਲਮਾਨ ਤੋਂ 2 ਕਰੋੜ ਰੁਪਏ ਦੀ ਫਿਰੌਤੀ ਮੰਗਣ ਦੇ ਨਾਲ ਹੀ ਇਹ ਵੀ ਕਿਹਾ ਸੀ ਕਿ ਅਭਿਨੇਤਾ ਨੂੰ ਉਨ੍ਹਾਂ ਦੇ ਮੰਦਰ ਜਾ ਕੇ ਮੁਆਫੀ ਮੰਗਣੀ ਹੋਵੇਗੀ।
ਮੁੰਬਈ ਪੁਲਿਸ ਨੇ ਦੋਸ਼ੀ ਨੂੰ ਕਰਨਾਟਕ ਤੋਂ ਗ੍ਰਿਫ਼ਤਾਰ
ਧਮਕੀ ਭਰੇ ਸੰਦੇਸ਼ ਦੇ ਆਧਾਰ 'ਤੇ ਮੁੰਬਈ ਦੇ ਵਰਲੀ ਪੁਲਿਸ ਸਟੇਸ਼ਨ 'ਚ ਮਾਮਲਾ ਦਰਜ ਕੀਤਾ ਗਿਆ ਸੀ। ਜਦੋਂ ਪੁਲਿਸ ਨੇ ਜਾਂਚ ਸ਼ੁਰੂ ਕੀਤੀ ਤਾਂ ਪਤਾ ਲੱਗਾ ਕਿ ਇਹ ਧਮਕੀ ਕਰਨਾਟਕ ਤੋਂ ਭੇਜੀ ਗਈ ਸੀ, ਇਸ ਤੋਂ ਬਾਅਦ ਮੁੰਬਈ ਪੁਲਿਸ ਨੇ ਕਰਨਾਟਕ ਦੀ ਸਥਾਨਕ ਪੁਲਿਸ ਦੀ ਮਦਦ ਨਾਲ ਦੋਸ਼ੀ ਦੀ ਭਾਲ ਸ਼ੁਰੂ ਕਰ ਦਿੱਤੀ ਅਤੇ ਉਸ ਨੂੰ ਹਾਵੇਰੀ 'ਚ ਗ੍ਰਿਫਤਾਰ ਕਰ ਲਿਆ।
ਮੁੰਬਈ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ
ਬਿਕਰਮ ਜਲਾਰਾਮ ਬਿਸ਼ਨੋਈ ਰਾਜਸਥਾਨ ਦੇ ਜਲੌਰ ਦਾ ਰਹਿਣ ਵਾਲਾ ਹੈ ਅਤੇ ਕਰਨਾਟਕ ਵਿੱਚ ਇੱਕ ਉਸਾਰੀ ਵਾਲੀ ਥਾਂ 'ਤੇ ਕੰਮ ਕਰਦਾ ਸੀ। ਉਹ ਹਾਵੇਰੀ ਦੇ ਗੌਡਰ ਇਲਾਕੇ ਵਿੱਚ ਹੋਰ ਮਜ਼ਦੂਰਾਂ ਨਾਲ ਇੱਕ ਕਮਰੇ ਵਿੱਚ ਰਹਿ ਰਿਹਾ ਸੀ। ਗ੍ਰਿਫਤਾਰੀ ਤੋਂ ਬਾਅਦ ਮੁੰਬਈ ਪੁਲਸ ਦੋਸ਼ੀ ਨੂੰ ਟਰਾਂਜ਼ਿਟ ਰਿਮਾਂਡ 'ਤੇ ਮੁੰਬਈ ਲੈ ਕੇ ਆਈ ਹੈ, ਜਿੱਥੇ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ। ਨਾਲ ਹੀ, ਮੁੰਬਈ ਪੁਲਿਸ ਦੋਸ਼ੀਆਂ ਤੋਂ ਗੈਂਗਸਟਰ ਲਾਰੇਂਸ ਬਿਸ਼ਨੋਈ ਦੇ ਸੰਭਾਵਿਤ ਸਬੰਧਾਂ ਬਾਰੇ ਜਾਣਕਾਰੀ ਹਾਸਲ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।
- PTC NEWS