Wed, Jan 15, 2025
Whatsapp

ਸਫ਼ਰ-ਏ-ਸ਼ਹਾਦਤ ਭਾਗ ਤੀਜਾ: ਚਮਕੌਰ ਦੀ ਜੰਗ, ਜਦੋਂ 10 ਲੱਖ ਨਾਲ ਲੜੇ ਗੁਰੂ ਗੋਬਿੰਦ ਸਿੰਘ ਦੇ 40 ਸਿੰਘ

Reported by:  PTC News Desk  Edited by:  Jasmeet Singh -- December 22nd 2023 04:51 PM
ਸਫ਼ਰ-ਏ-ਸ਼ਹਾਦਤ ਭਾਗ ਤੀਜਾ: ਚਮਕੌਰ ਦੀ ਜੰਗ, ਜਦੋਂ 10 ਲੱਖ ਨਾਲ ਲੜੇ ਗੁਰੂ ਗੋਬਿੰਦ ਸਿੰਘ ਦੇ 40 ਸਿੰਘ

ਸਫ਼ਰ-ਏ-ਸ਼ਹਾਦਤ ਭਾਗ ਤੀਜਾ: ਚਮਕੌਰ ਦੀ ਜੰਗ, ਜਦੋਂ 10 ਲੱਖ ਨਾਲ ਲੜੇ ਗੁਰੂ ਗੋਬਿੰਦ ਸਿੰਘ ਦੇ 40 ਸਿੰਘ

ਸਫ਼ਰ-ਏ-ਸ਼ਹਾਦਤ ਭਾਗ ਪਹਿਲਾ: ਸ੍ਰੀ ਅਨੰਦਪੁਰ ਸਾਹਿਬ ਵਸਣ ਤੋਂ ਲੈ ਕੇ ਕਿਲ੍ਹਾ ਅਨੰਦਗੜ੍ਹ ਛੱਡਣ ਤੱਕ

ਸਫ਼ਰ-ਏ-ਸ਼ਹਾਦਤ ਭਾਗ ਦੂਜਾ: ਅਨੰਦਗੜ੍ਹ ਛੱਡਣ ਮਗਰੋਂ ਸਰਸਾ ਦੇ ਕੰਡੇ ਪਰਿਵਾਰ ਵਿਛੋੜੇ ਤੱਕ ਦੀ ਗਾਥਾ

ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਸਰਸਾ ਨਦੀ ਪਾਰ ਕੀਤੀ ਤਾਂ ਉਨ੍ਹਾਂ ਨਾਲ ਦੋ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ ਅਤੇ ਬਾਬਾ ਜੁਝਾਰ ਸਿੰਘ ਅਤੇ 40 ਦੇ ਨੇੜੇ ਸਿੰਘ ਹੀ ਰਹਿ ਗਏ। ਦੂਜੇ ਪਾਸੇ ਸਰਸਾ ਤੋਂ ਵਿੱਛੜ ਕੇ ਮਾਤਾ ਗੁਜਰੀ ਜੀ ਨਾਲ ਸੱਤ ਅਤੇ ਨੌਂ ਸਾਲਾਂ ਦੇ ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫਤਿਹ ਸਿੰਘ ਜੀ ਆਪਣੀ ਨਿੱਕੀਆਂ ਉਂਗਲਾਂ ਨਾਲ ਦਾਦੀ ਮਾਂ ਦਾ ਹੱਥ ਫੜ੍ਹ ਸਰਸਾ ਨਦੀ ਦੇ ਕਿਨਾਰੇ ਤੁਰਦੇ ਗਏ। ਜਿੱਥੇ ਉਨ੍ਹਾਂ ਦਾ ਵਿਛੋੜਾ ਪੈ ਗਿਆ ਅਤੇ  ਉਸ ਪਾਵਨ ਅਸਥਾਨ 'ਤੇ ਅੱਜ ਗੁ. ਪਰਿਵਾਰ ਵਿਛੋੜਾ ਸਾਹਿਬ ਸ਼ਸ਼ੋਭਿਤ ਹੈ। ਦੂਜੇ ਪਾਸੇ ਮਾਤਾ ਸੁੰਦਰ ਕੌਰ ਜੀ, ਮਾਤਾ ਸਾਹਿਬ ਕੌਰ ਜੀ, ਭਾਈ ਮਨੀ ਸਿੰਘ ਜੀ ਅਤੇ ਕੁਝ ਕੁ ਹੋਰ ਸਿੱਖ ਤੀਜੇ ਹਿੱਸੇ ਵਜੋਂ ਰੂਪਨਗਰ ਨੂੰ ਤੁਰ ਪਏ ਅਤੇ ਇਸ ਤਰ੍ਹਾਂ ਗੁਰੂ ਪਰਿਵਾਰ ਤਿੰਨ ਹਿੱਸਿਆਂ 'ਚ ਵਿੱਛੜ ਗਿਆ।

parivar vichora

ਉਧਰ ਜਦੋਂ ਗੁਰੂ ਸਾਹਿਬ ਚਮਕੋਰ ਦੀ ਕੱਚੀ ਗੜ੍ਹੀ ਪਹੁੰਚੇ ਉਦੋਂ ਤਕ ਪਰਿਵਾਰ ਦਾ ਵਿਛੋੜਾ ਹੋ ਚੁਕਾ ਸੀ । ਫਿਰ ਵੀ ਗੁਰੂ ਸਾਹਿਬ, ਸਾਹਿਬਜ਼ਾਦੇ ਅਤੇ ਸਿੰਘ ਚੜ੍ਹਦੀਕਲਾ ਵਿੱਚ ਸਨ। ਅੱਲ੍ਹਾ ਯਾਰ ਖ਼ਾਂ ਜੋਗੀ ਆਪਣੀ ਗੰਜ-ਏ-ਸ਼ਹੀਦਾਂ 'ਚ ਚਮਕੌਰ ਦੀ ਜੰਗ ਨੂੰ ਬਿਆਨ ਕਰਦਾ ਹੋਇਆ ਲਿਖਦਾ ਹੈ;  


ਜਿਸ ਦਮ ਹੂਏ ਚਮਕੌਰ ਮੇਂ ਸਿੰਘੋਂ ਕੇ ਉਤਾਰੇ ।
ਝੱਲਾਏ ਹੂਏ ਸ਼ੇਰ ਥੇ ਸਬ ਗ਼ੈਜ਼ ਕੇ ਮਾਰੇ ।
ਆਂਖੋਂ ਸੇ ਨਿਕਲਤੇ ਥੇ ਦਿਲੇਰੋਂ ਕੇ ਸ਼ਰਾਰੇ ।
ਸਤਿਗੁਰ ਕੇ ਸਿਵਾ ਔਰ ਗ਼ਜ਼ਬਨਾਕ ਥੇ ਸਾਰੇ ।
ਗੁੱਸੇ ਸੇ ਨਜ਼ਰ ਜਾਤੀ ਥੀ ਅਫਵਾਜ-ਏ-ਅਦੂ ਪਰ ।
ਤੇਗ਼ੇ ਸੇ ਨਿਗਾਹ ਪੜਤੀ ਥੀ ਦੁਸ਼ਮਨ ਕੇ ਗਲੂ ਪਰ ।

ਗੁਰੂ ਗੋਬਿੰਦ ਸਿੰਘ ਜੀ ਨੇ ਪਿੱਛਾ ਕਰਿ ਆਉਂਦੀਆਂ ਦੁਸ਼ਮਨ ਫੌਜਾਂ ਦਾ ਮੁਕਾਬਲਾ ਕਰਨ ਲਈ ਕੱਚੀ ਗੜ੍ਹੀ ਦੇ ਅੰਦਰ ਜਿਤਨਾ ਕੁਝ ਇੰਤਜ਼ਾਮ ਹੋ ਸਕਦਾ ਸੀ ਤੁਰੰਤ ਕਰ ਲਿਆ। ਉਨ੍ਹਾਂ ਸਿੱਖਾਂ ਦੇ 5-5 ਸਿੰਘਾਂ ਦੇ ਜੱਥੇ ਬਣਾ ਗੜ੍ਹੀ ਦੇ ਚਾਰੇ ਪਾਸੇ ਤਾਇਨਾਤ ਕਰ ਦਿਤੇ। 

ਕੁਛ ਲੇਟ ਗਏ ਖ਼ਾਕ ਪੇ ਜ਼ੀਂ-ਪੋਸ਼ ਬਿਛਾ ਕਰ ।
ਪਹਰਾ ਲਗੇ ਦੇਨੇ ਕਈ ਤਲਵਾਰ ਉਠਾ ਕਰ ।
ਗੋਬਿੰਦ ਭੀ ਸ਼ਬ-ਬਾਸ਼ ਹੂਏ ਖ਼ੇਮਾ ਮੇਂ ਜਾ ਕਰ ।
ਦੇਖਾ ਤੋ ਵਹਾਂ ਬੈਠੇ ਹੈਂ ਗਰਦਨ ਕੋ ਝੁਕਾ ਕਰ ।
'ਵਾਹਿਗੁਰੂ', 'ਵਾਹਿਗੁਰੂ' ਹੈ ਮੂੰਹ ਸੇ ਨਿਕਲਤਾ ।
'ਹੈ ਤੂ ਹੀ ਤੂ! ਤੂ ਹੀ ਤੂ! ਹੈ ਮੂੰਹ ਸੇ ਨਿਕਲਤਾ ।

ਸਿੰਘ ਥਕੇ, ਟੁੱਟੇ, ਭੁਖੇ ਭਾਣੇ ਸਨ, ਪਰ ਫਿਰ ਵੀ ਸਾਰਿਆਂ ਦੇ ਹੋਂਸਲੇ ਬੁਲੰਦੀ ਤੇ ਸਨ। ਉਧਰ ਮੁਗ਼ਲ ਅਤੇ ਪਹਾੜੀ ਰਾਜਿਆਂ ਦੀਆਂ ਫੌਜਾਂ ਨੇ ਤਕਰੀਬਨ 10 ਲੱਖ ਫੌਜ ਦਾ ਕਾਫ਼ਲਾ ਲੈ ਕੇ ਕੱਚੀ ਗੜ੍ਹੀ ਨੂੰ ਆਉਣ ਘੇਰਿਆ। ਇਤਿਹਾਸ ਕਹਿੰਦਾ ਕਿ ਉਸ ਵੇਲੇ ਜਰਨੈਲ ਨਵਾਬ ਨੇ ਡੋੰਡੀ ਪਿਟਵਾ ਦਿਤੀ ਕਿ ਜੇਕਰ ਗੁਰੂ ਆਪਣੇ ਸਾਥੀਆਂ ਸਮੇਤ ਆਪਣੇ ਆਪ ਨੂੰ ਪੇਸ਼ ਕਰ ਦੇਣ ਤਾਂ ਉਨ੍ਹਾ ਦੀ ਜਾਨ ਬਖਸ਼ ਦਿਤੀ ਜਾਵੇਗੀ, ਜਿਸਦਾ ਜਵਾਬ ਗੁਰੂ ਸਾਹਿਬ ਨੇ ਤੀਰਾਂ ਨਾਲ ਦਿਤਾ। ਦੂਜੇ ਪਾਸਿਓਂ ਵੀ ਤੀਰਾਂ ਤੇ ਗੋਲੀਆਂ ਦੀ ਬੁਛਾੜ ਸ਼ੁਰੂ ਹੋ ਗਈ ਪਰ ਗੜ੍ਹੀ ਦੀ ਦੀਵਾਰ ਦੇ ਨੇੜੇ ਆਓਣ ਦੀ ਕਿਸੇ ਦੀ ਹਿੰਮਤ ਨਾ ਹੋਈ। 

battle of chamkaur (5)

ਨਾਹਰ ਖਾਨ ਤੇ ਗੇਰਤ ਖਾਨ ਸਰਹੰਦ ਦੇ ਦੋ ਜਰਨੈਲਾਂ ਨੇ ਦੀਵਾਰ ਤੋਂ ਉਪਰ ਸਿਰ ਚੁਕਣ ਦੀ ਹਿੰਮਤ ਕੀਤੀ ,ਦੋਨੋ ਗੁਰੂ ਸਾਹਿਬ ਦੇ ਤੀਰਾਂ ਦਾ ਸ਼ਿਕਾਰ ਹੋ ਗਏ। ਪਰ ਖਵਾਜਾ ਮਰਦੂਦ ਗੜ੍ਹੀ ਦੀ ਦੀਵਾਰ ਦੇ ਨਾਲ ਛੁਪਕੇ ਬਚ ਨਿਕਲਿਆ। ਭਾਈ ਦਾਇਆ ਸਿੰਘ, ਭਾਈ ਧਰਮ ਸਿੰਘ ਗੁਰੂ ਸਾਹਿਬ ਨਾਲ ਸਵੇਰ ਦੀ ਲੜਾਈ ਦੀ ਵਿਓਂਤ ਬਣਾਉਣ ਲੱਗੇ। ਚਮਕੋਰ ਦੀ ਗੜ੍ਹੀ ਵਿੱਚ ਬਾਕੀ ਸਿੰਘ ਤਾਂ ਥਕੇ ਹਾਰੇ ਸੋ ਗਏ ਪਰ ਗੁਰੂ ਗੋਬਿੰਦ ਸਿੰਘ ਜੀ ਟਹਿਲਕਦਮੀ ਕਰਦੇ ਗੜੀ ਦੀ ਦੀਵਾਰ ਦੀਆਂ ਕਲਰ ਖਾਧੀਆਂ, ਇਕ ਇਕ ਇਟ ਨੂੰ ਬੜੇ ਪਿਆਰ ਤੇ ਧਿਆਨ ਨਾਲ ਨੀਝ ਲਗਾਕੇ ਦੇਖਦੇ ਤੇ ਸੋਚ ਰਹੇ ਕਿ ਇਹ ਥਾਂ ਤੇ ਅਜ ਉਹ ਕੁਝ ਹੋਣਾ ਹੈ ਜੋ ਰਹਿੰਦੀ ਦੁਨਿਆ ਤਕ ਲੋਗ ਯਾਦ ਰਖਣਗੇ। 

ਕੋਲ ਭਾਈ ਦਾਇਆ ਸਿੰਘ ਜੀ ਖੜੇ ਗੁਰੂ ਸਾਹਿਬ ਤੋਂ ਪੁੱਛਿਆ, "ਪਾਤਸ਼ਾਹ ਕੀ ਇਹ ਕੰਧਾ ਪਟਨਾ ਸਾਹਿਬ ਤੇ ਆਨੰਦਪੁਰ ਦੀਆਂ ਕੰਧਾਂ ਨਾਲੋਂ ਵੀ ਜਿਆਦਾ ਸੋਹਣੀਆਂ ਹਨ?" ਤਾਂ ਗੁਰੂ ਸਾਹਿਬ ਨੇ ਜਵਾਬ ਦਿੱਤਾ, "ਪਟਨਾ ਸਾਹਿਬ ਸਿੱਖੀ ਦਾ ਬਚਪਨ ਸੀ, ਆਨੰਦਪੁਰ ਸਿੱਖੀ ਦਾ ਸਕੂਲ ਹੈ ਪਰ ਇਹ ਗੜ੍ਹੀ ਸਿੱਖੀ ਦਾ ਵਿਸ਼ਵ ਵਿਦਿਆਲਾ ਬਣਨ ਜਾ ਰਿਹਾ ਹੈ, ਕਲ ਇੱਥੇ ਸਿੱਖੀ ਦਾ ਇਮਤਿਹਾਨ ਹੋਵੇਗਾ।" 

ਗੁਰੂ ਸਾਹਿਬ ਦੀ ਟਹਿਲਕਦਮੀ ਬਾਰੇ ਅਲਾ ਯਾਰ ਜੋਗੀ ਲਿਖਦਾ ਹੈ:

ਕਦਮੋ ਸੇ ਟਹਿਲਤੇ ਥੇ ਪਰ ਦਿਲ ਥਾ ਦੁਵਾ ਮੈਂ
ਬੋਲੇ ਐ ਖੁਦਾਵੰਦ ਖੂਬ ਖੁਸ਼ ਹੂੰ ਤੇਰੀ ਰਜ਼ਾ ਮੈਂ
ਕਿਰਦਾਰ ਸੇ ਕਹਿਤੇ ਥੇ ਗੋਇਆ ਰੂ-ਬਰੂ ਹੋਕਰ
ਕਬ ਜਾਊਂਗਾ ਮੈਂ ਚਮਕੋਰ ਸੇ ਸੁਰਖਰੂ ਹੋਕਰ।।

ਰਾਤ ਪਈ ਸਿੰਘਾਂ ਨੇ ਗੁਰੂ ਸਾਹਿਬ ਅਗੇ ਬੇਨਤੀ ਕੀਤੀ ਕਿ ਤੁਸੀਂ ਦੋਨੋ ਸਾਹਿਬਜ਼ਾਦਿਆਂ ਨੂੰ ਲੈਕੇ ਨਿਕਲ ਜਾਉ। ਗੁਰੂ ਸਾਹਿਬ ਨੇ ਉਤਰ ਦੇ ਕੇ ਸਭ ਨੂੰ ਚੁਪ ਕਰਾ ਦਿਤਾ ਕਿ "ਤੁਸੀਂ ਕੇਹੜੇ ਸਾਹਿਬਜਾਦਿਆਂ ਦੀ ਗਲ ਕਰਦੇ ਹੋ, ਤੁਸੀਂ ਸਾਰੇ ਹੀ ਮੇਰੇ ਸਾਹਿਬਜ਼ਾਦੇ ਹੋ।” ਸਿੰਘ ਇਹ ਸੁਣ ਭੁਖ਼ੇ ਭਾਣੇ ਗੁਰੂ ਸਾਹਿਬ ਦੇ ਓਟ ਆਸਰੇ 'ਚ ਸੋ ਗਏ। ਗੁਰੂ ਸਾਹਿਬ ਬੜੇ ਪਿਆਰ ਨਾਲ ਹਰੇਕ ਸਿੰਘ ਨੂੰ ਨਿਹਾਰਦੇ, ਉਹਨਾਂ ਦੀਆਂ ਦਸਤਾਰਾਂ ਠੀਕ ਕਰਦੇ, ਕਦੀ ਉਨ੍ਹਾਂ ਦੇ ਮੂੰਹ ਤੇ ਕਦੀ ਪੈਰਾਂ ਵਲ ਦੇਖਦੇ ਹਨ।

ਅਲਾ ਯਾਰ ਜੋਗੀ ਇਸ ਵਕਤ ਉਨ੍ਹਾ ਦੇ ਅੰਦਰ ਉਠ ਰਹੇ ਵਲਵਲਿਆਂ ਦਾ ਅੰਦਾਜ਼ਾ ਲਗਾਕੇ ਬਿਆਨ ਕਰਦਾ ਹੈ।

ਜਿਨ ਸਿੰਘੋਂ ਨੇ ਕਲ ਮੌਤ ਕੇ ਸਾਹਿਲ ਥਾ ਉਤਰਨਾ ।
ਕਲ ਸੁਬਹ ਥਾ ਜਿਨ ਖਾਲਸੋਂ ਨੇ ਜੰਗ ਮੇਂ ਮਰਨਾ ।
ਬਾਲੀਂ ਸੇ ਸ਼ਹੀਦੋਂ ਕੇ ਹੁਆ ਜਬਕਿ ਗੁਜ਼ਰਨਾ ।
ਮੁਸ਼ਕਲ ਹੁਆ ਇਸ ਜਾ ਸੇ ਕਦਮ ਆਗੇ ਕੋ ਧਰਨਾ ।
ਚੂੰਮਾਂ ਕਭੀ ਹਲਕੂਮ ਦਹਨ ਚੂੰਮਨੇ ਬੈਠੇ ।
ਜਬ ਪਾਇਤੀ ਆਏ ਤੋ ਚਰਨ ਚੂੰਮਨੇ ਬੈਠੇ ।

ਸਵੇਰ ਹੋਈ ਪੰਜ-ਪੰਜ ਸਿੰਘਾਂ ਦੇ ਜੱਥੇ ਤਿਆਰ ਬਰ ਤਿਆਰ ਮੈਦਾਨ ਵਿੱਚ ਉਤਰੇ। ਗੁਰੂ ਸਾਹਿਬ ਨੇ ਆਪਣੇ ਦੋਨੋ ਪੁਤਰਾਂ ਨੂੰ ਆਪਣੇ ਹਥੀਂ ਤਿਆਰ ਕਰ ਜੰਗ ਦੇ ਮੈਦਾਨ 'ਚ ਉਤਾਰਿਆ। ਇੱਕ-ਇੱਕ ਜੱਥਾ ਗੜ੍ਹੀ ਤੋਂ ਬਾਹਰ ਨਿਕਲਦਾ ਤੇ ਸ਼ਹੀਦੀ ਸੂਰਬੀਰਤਾ ਦਾ ਨਵਾਂ ਕਿਆਮ ਸਥਾਪਿਤ ਕਰਕੇ ਵੀਰਗਤੀ ਨੂੰ ਪ੍ਰਾਪਤ ਹੋ ਜਾਂਦੇ। ਹੁਣ ਬਾਬਾ ਅਜੀਤ ਸਿੰਘ ਦੇ ਜੱਥੇ ਦੀ ਵਾਰੀ ਆਈ। 18 ਸਾਲ ਦੇ ਪੁਤਰ ਨੇ ਆਪਣੇ ਪਿਤਾ ਤੋਂ ਇਜਾਜ਼ਤ ਮੰਗੀ ਅਤੇ ਪਿਤਾ ਦੇ ਦਿਲ ਦੀ ਗਲ ਸਮਝ ਕੇ ਕਹਿੰਦਾ ਹੈ।

ਨਾਮ ਕਾ ਅਜੀਤ ਹੂੰ ਜੀਤਾ ਨਹੀਂ ਜਾਊਂਗਾ।।
ਜੀਤਾ ਜੋ ਗਿਆ ਖੈਰ ਜੀਤਾ ਨਾ ਆਊਂਗਾ।।

baba ajit singh .jpg

ਪਿਤਾ ਦੇ ਦਿਲ ਤੇ ਕੀ ਗੁਜਰੀ ਹੋਵੇਗੀ ? ਜਦ ਪਤਾ ਹੋਵੇ ਕੀ ਪੁਤ ਨੇ ਮੁੜ ਕੇ ਵਾਪਸ ਨਹੀਂ ਆਉਣਾ। ਪਰ ਉਹ ਪੁੱਤਰਾਂ ਦੇ ਦਾਨੀ ਨੇ ਅਸੀਸ ਦਿੱਤੀ, ਸਭ ਤੋਂ ਵੱਡੇ ਸਾਹਿਬਜ਼ਾਦੇ ਨੂੰ ਜੰਗ ਵਿੱਚ ਜੂਝਦੇ ਦੇਖਿਆ। ਇਤਿਹਾਸ ਕਹਿੰਦਾ ਕਿ ਸਤਿਗੂਰਾਂ ਦੇ ਚੇਹਰੇ ਦਾ ਜਲਾਲ ਦੇਖ ਕੇ ਇੱਕ ਵਾਰੀ ਤਾਂ ਮੁਗਲ ਫੋਜ਼ ਵੀ ਘਬਰਾ ਗਈ, ਵੱਡੇ-ਵੱਡੇ ਜਿਗਰੇ ਵਾਲੇ ਗੜ੍ਹੀ ਵਿਚੋਂ ਗੁਰੂ ਸਾਹਿਬ ਦੀ ਬਿਜਲੀ ਵਾਂਗ ਗਰਜਦੀ ਆਵਾਜ਼ 'ਚ 'ਜੋ ਬੋਲੇ ਸੋ ਨਿਹਾਲ' ਦੇ ਜੈਕਾਰਿਆਂ ਨੂੰ ਸੁਣ ਡੋਲ ਗਏ। 

ਬਾਬਾ ਅਜੀਤ ਸਿੰਘ ਨੇ ਅਜਿਹੇ ਜੋਹਰ ਦਿਖਾਏ ਕੀ ਵੈਰੀ ਤਰਾਹ ਤਰਾਹ ਕਰ ਉਠਿਆ। ਜਿਸ ਬਹਾਦਰੀ ਨਾਲ ਉਨ੍ਹਾਂ ਨੇ ਵੇਰੀਆਂ ਦਾ ਮੁਕਾਬਲਾ ਕੀਤਾ, ਉਹ ਇਤਿਹਾਸ ਵਿੱਚ ਇੱਕ ਅਮਿਟ ਘਟਨਾ ਬਣ ਕੇ ਰਹਿ ਗਈ। ਤੀਰ ਅਜਿਹੀ ਫੁਰਤੀ ਨਾਲ ਚਲਾਏ ਕੀ ਕੁਝ ਚਿਰ ਲਈ ਤਾਂ ਵੈਰੀ ਵੀ ਪਿਛੇ ਹਟਣ ਲਈ ਮਜਬੂਰ ਹੋ ਗਿਆ। ਤੀਰਾਂ ਦਾ ਭਠਾ ਖਾਲੀ ਹੋਇਆ ਤਾਂ ਨੇਜੇ ਨਾਲ ਵਾਰ ਸ਼ੁਰੂ ਕਰ ਦਿੱਤਾ। ਜਦ ਨੇਜਾ ਮੁਗਲ ਸਰਦਾਰ ਦੀ ਛਾਤੀ ਤੋਂ ਕਢਣ ਵੇਲੇ ਟੁਟਿਆ ਤਾਂ ਤਲਵਾਰ ਪਕੜ ਲਈ। ਪੰਜੇ ਸਿੱਖ ਸ਼ਹੀਦ ਹੋ ਗਏ। ਇੱਕਲਾ ਜਾਣ ਕੇ ਸਾਰੇ ਵੈਰੀ ਇਕਠੇ ਹੋ ਉਨ੍ਹਾਂ 'ਤੇ ਟੁੱਟ ਪਏ ਅਖੀਰ ਜੁਰਤ ਤੇ ਸੂਰਮਤਾਈ ਦੇ ਨਵੇਂ ਪੂਰਨੇ ਪਾਂਦੇ ਵੱਡੇ ਸਾਹਿਬਜ਼ਾਦੇ ਸ਼ਹੀਦ ਹੋ ਗਏ। 

ਪੁਤਰ ਨੂੰ ਸ਼ਹੀਦ ਹੁੰਦਿਆਂ ਗੁਰੂ ਸਾਹਿਬ ਡੋਲੇ ਨਹੀਂ ਅਤੇ ਚੜ੍ਹਦੀਕਲਾ ਵਿੱਚ ਬੋਲੇ ਜਿਸਨੂੰ ਕਵੀ ਬਿਆਨ ਕਰਦਾ ਹੈ, "ਸ਼ਾਬਾਸ਼ ਪਿਸਰ ਖੂਬ ਦਲੇਰੀ ਸੇ ਲੜੇ ਹੋ, ਹਾਂ ਕਿਉਂ ਨਾ ਹੋ ਗੋਬਿੰਦ ਕੇ ਫਰਜੰਦ ਬੜੇ ਹੋ” ਬੋਲੇ ਸੋ ਨਿਹਾਲ ਦਾ ਨਾਹਰਾ ਲਗਾਇਆ ਤੇ ਅਕਾਲ ਪੁਰਖ ਦਾ ਧੰਨਵਾਦ ਕੀਤਾ।” ਅਲਾ ਯਾਰ ਜੋਗੀ ਗੁਰੂ ਸਾਹਿਬ ਦੇ ਵਲਵਲਿਆਂ ਦਾ ਅੰਦਾਜ਼ਾ ਲਗਾਕੇ ਲਿਖਦਾ ਹੈ।

ਬੇਟੇ ਕੋ ਸ਼ਹਾਦਤ ਮਿਲੀ ਦੇਖਾ ਜੋ ਪਿਦਰ ਨੇ ।
ਤੂਫ਼ਾਂ ਬਪਾ ਗ਼ਮ ਸੇ ਕੀਯਾ ਦੀਦਾ-ਏ-ਤਰ ਨੇ ।
ਇਸ ਵਕਤ ਕਹਾ ਨੰਨ੍ਹੇ ਸੇ ਮਾਸੂਮ ਪਿਸਰ ਨੇ ।
ਰੁਖ਼ਸਤ ਹਮੇਂ ਦਿਲਵਾਉ ਪਿਤਾ ਜਾਏਂਗੇ ਮਰਨੇ ।
ਭਾਈ ਸੇ ਬਿਛੜ ਕਰ ਹਮੇਂ ਜੀਨਾ ਨਹੀਂ ਆਤਾ ।
ਸੋਨਾ ਨਹੀਂ, ਖਾਨਾ ਨਹੀਂ, ਪੀਨਾ ਨਹੀਂ ਭਾਤਾ ।

baba jhujhar singh.jpg

ਇਤ ਨੇ ਨੂੰ ਛੋਟਾ ਸਾਹਿਬਜ਼ਾਦਾ ਸਾਮਣੇ ਆਇਆ। ਵਡੇ ਭਰਾ ਨੂੰ ਦੇਖਕੇ ਉਸ ਨੂੰ ਵੀ ਸ਼ਹਾਦਤ ਦਾ ਚਾਅ ਚੜਿਆ। ਬਾਬਾ ਝੁਝਾਰ ਸਿੰਘ ਜੀ ਨੇ ਵੀ ਜੰਗ ਵਿੱਚ ਜਾਣ ਦੀ ਇਜਾਜ਼ਤ ਮੰਗੀ।

ਥੀ ਦੂਸਰੇ ਬੇਟੇ ਕੀ ਸੁਨੀ ਬੇਨਤੀ ਜਿਸ ਦਮ ।
ਸਰ ਕੋ, ਦਹਨ-ਏ-ਪਾਕ ਕੋ ਬੋਸੇ ਦੀਯੇ ਪੈਹਮ ।
ਮਰਨੇ ਕੇ ਲੀਏ ਕਹਨੇ ਲਗੇ ਜਾਈਏ ਜਮ ਜਮ ।
ਰੂਠੋ ਨ ਖ਼ੁਦਾ-ਰਾ ! ਨਹੀਂ ਰੋਕੇਂਗੇ ਕਭੀ ਹਮ ।
ਹਮ ਨੇ ਥਾ ਕਹਾ ਬਾਪ ਕੋ ਜਾਂ ਦੀਜੇ ਧਰਮ ਪਰ ।
ਲੋ ਕਹਤੇ ਹੈਂ ਅਬ ਆਪ ਕੋ ਜਾਂ ਦੀਜੇ ਧਰਮ ਪਰ ।

ਪਿਤਾ ਦੇ ਇਨ੍ਹਾਂ ਲਫਜਾਂ ਨਾਲ ਆਗਿਆ ਦਿੱਤੀ ਜਦੋਂ ਤਾਂ ਧਰਤੀ ਵੀ ਇੱਕ ਵਾਰਾਂ ਜ਼ਰੂਰ ਡੋਲੀ ਹੋਵੇਗੀ ਤੇ ਆਸਮਾਨ ਨੇ ਜ਼ਰੂਰ ਆਪਣੀ ਨਜ਼ਰ ਝੁਕਾ ਲਈ ਹੋਵੇਗੀ। ਗੁਰੂ ਸਾਹਿਬ ਗੜ੍ਹੀ ਦੇ ਚੁਬਾਰੇ 'ਤੇ ਖੜੇ ਹੋਕੇ ਆਪਣੇ ਛੋਟੇ ਸਾਹਿਬਜ਼ਾਦੇ ਨੂੰ ਜੂਝਦਿਆ ਵੇਖਦੇ। ਜੋ ਆਪਣੇ ਵਡੇ ਭਰਾ ਤੋਂ ਇਕ ਕਦਮ ਅਗੇ ਨਿਕਲਿਆ। ਅਖ਼ਿਰ ਗੁਰੂ ਸਾਹਿਬ ਨੇ ਆਪਣੀ ਇੱਕ ਹੋਰ ਅਮਾਨਤ ਵੀ ਅਕਾਲ ਪੁਰਖ ਨੂੰ ਭੇਂਟ ਕਰ ਦਿੱਤੀ। 

ਇਤਿਹਾਸ ਗਵਾਹ ਹੈ ਕਿ ਅਵਤਾਰਾਂ, ਰਸੂਲਾਂ, ਪੈਗੰਬਰਾਂ ਵਿੱਚ ਕੋਈ ਐਸਾ ਸਾਬਰ ਨਹੀਂ ਹੋਇਆ ਜਿਸਨੇ ਆਪਣੇ ਪੁਤਰਾਂ ਨੂੰ ਆਪ ਜੰਗ ਤੋਰ ਕੇ ਸ਼ਹੀਦ ਕਰਵਾ ਕੇ ਵੀ ਇੱਕ ਵੀ ਹੰਜੂ ਨਾ ਕੇਰਿਆ ਹੋਵੇ ਅਤੇ ਉਸ ਅਕਾਲ ਪੁਰਖ ਦਾ ਧੰਨਵਾਦ ਕੀਤਾ ਹੋਵੇ। 

ਗੁਰੂ ਸਾਹਿਬ ਹੁਣ ਆਪ ਜੰਗ 'ਚ ਉੱਤਰਣ ਨੂੰ ਤਿਆਰ ਹੋ ਗਏ ਤਾਂ ਬਚੇ ਸਿੰਘਾਂ ਨੂੰ ਚਿੰਤਾ ਪੈ ਗਈ ਕਿ ਜੇਕਰ ਗੁਰੂ ਸਾਹਿਬ ਰਣੰ 'ਚ ਸ਼ਹੀਦੀ ਜਾਮ ਪੀ ਗਏ ਤਾਂ ਫਿਰ ਕੌਮ ਦੀ ਅਗਵਾਈ ਕੌਣ ਕਰੇਗਾ। ਪੰਜ ਪਿਆਰਿਆਂ ਨੇ ਵਿਚਾਰ ਕਰ ਗੁਰੂ ਸਾਹਿਬ ਤੱਕ ਪਹੁੰਚ ਕੀਤੀ ਅਤੇ ਉਨ੍ਹਾਂ ਨੂੰ ਪੰਜ ਪਿਆਰਿਆਂ ਨੂੰ ਬਖਸ਼ੀ ਤਾਕਤ ਦੀ ਯਾਦ ਦਿਲਾਈ 'ਤੇ ਕਿਹਾ ਇਹ ਸਾਡਾ ਹੁਕਮ ਹੈ। ਖਾਲਸੇ ਦਾ ਹੁਕਮ ਟਾਲਿਆ ਨਹੀਂ ਜਾ ਸਕਦਾ, ਤੁਹਾਨੂੰ ਗੜ੍ਹੀ ਵਿਚੋਂ ਨਿਕਲਣਾ ਪੈਣਾ।" 

ਹੁਕਮ ਮਨ ਕੇ ਵੀ ਗੁਰੂ ਸਾਹਿਬ ਚੁੱਪ ਚੁਪੀਤੇ ਨਹੀਂ ਗਏ ਤਾਂ ਜੋ ਸੰਸਾਰ ਇਹ ਨਾ ਕਹੇ ਕਿ ਗੁਰੂ ਗੋਬਿੰਦ ਸਿੰਘ ਮੈਦਾਨ-ਏ-ਜੰਗ 'ਚ ਸਿੰਘਾਂ ਨੂੰ ਛੱਡ ਭੱਜ ਗਿਆ ਹੋਵੇ। ਉਨ੍ਹਾਂ ਗੜ੍ਹੀ 'ਚੋਂ ਨਿਕਲਣ ਤੋਂ ਪਹਿਲਾਂ ਨਰਸਿਮਾ ਵਜਾਇਆ ਤਾਂ ਜੋ ਵੈਰੀ ਨੂੰ ਖ਼ਬਰ ਮਿਲ ਜਾਵੇ ਕਿ ਗੁਰੂ ਗੋਬਿੰਦ ਸਿੰਘ ਨਿਕਲ ਰਿਹਾ ਹੈ। ਕਿਸੇ ਦੀ ਅੱਗੇ ਵਧਣ ਦੀ ਹਿੰਮਤ ਨਹੀਂ ਹੋਈ। ਗੜ੍ਹੀ ਤੋਂ ਚੰਦ ਕਦਮਾਂ ਦੀ ਦੂਰੀ 'ਤੇ ਇੱਕ ਨਿੱਕੇ ਜਿਹੇ ਟੀਲੇ 'ਤੇ  ਖੜੇ ਹੋ ਤਿੰਨ ਵਾਰੀ ਤਾੜੀ ਵਜਾਈ ਅਤੇ ਲਲਕਾਰ ਕੇ ਉੱਚੀ ਅਵਾਜ਼ ਵਿੱਚ ਕਿਹਾ, "ਪੀਰ-ਏ-ਹਿੰਦ ਮੇ ਰਵਦ, ਪੀਰ-ਏ-ਹਿੰਦ ਮੇ ਰਵਦ, ਪੀਰ-ਏ-ਹਿੰਦ ਮੇ ਰਵਦ"। ਜਿਸਦਾ ਮਤਲਬ ਹੈ ਕਿ ਹਿੰਦ ਦਾ ਪੀਰ ਜਾ ਰਿਹਾ ਰੋਕ ਸਕਦੇ ਹੋ ਤਾਂ ਰੋਕ ਲਵੋ। 

guru gobind singh.jpg

ਗੜ੍ਹੀ ਵਿਚੋਂ ਜਾਣ ਤੋਂ ਪਹਿਲਾਂ ਉਨ੍ਹਾਂ ਆਪਣਾ ਚੋਲਾ 'ਤੇ ਕਲਗੀ ਭਾਈ ਸੰਗਤ ਸਿੰਘ ਨੂੰ ਦੇ ਦਿੱਤੀ। ਜੋ ਗੁਰੂ ਸਾਹਿਬ ਵਰਗੇ ਹੀ ਵਿੱਖਦੇ ਸਨ। ਭਾਈ ਸੰਗਤ ਸਿੰਘ ਤੇ ਭਾਈ ਸੰਤ ਸਿੰਘ ਦੋਨੋ ਭਰਾਵਾਂ ਨੇ ਸ਼ਾਦੀ ਨਾ ਕਰ ਸ਼ੁਰੂ ਤੋਂ ਹੀ ਗੁਰੂ ਸਾਹਿਬ ਦੀ ਪਿਆਰ ਖਾਤਿਰ ਆਪਣਾ ਤਨ-ਮੰਨ-ਧੰਨ ਗੁਰੂ ਸਾਹਿਬ ਨੂੰ ਸਮਰਪਿਤ ਕਰ ਦਿੱਤਾ ਸੀ। ਗੁਰੂ ਸਾਹਿਬ ਨੇ 14 ਲੜਾਈਆਂ ਲੜੀਆਂ ਜਿਨ੍ਹਾਂ ਵਿਚੋਂ 13 ਲੜਾਈਆਂ ਦੇ ਦੋਰਾਨ ਭਾਈ ਸੰਗਤ ਸਿੰਘ ਗੁਰੂ ਸਾਹਿਬ ਨਾਲ ਸਨ। ਸਿਰਫ਼ ਆਖ਼ਰੀ ਲੜਾਈ ਖਿਦਰਾਨੇ ਦੀ ਢਾਬ ਵੇਲੇ ਉਹ ਚਮਕੌਰ ਦੀ ਗੜ੍ਹੀ ਵਿੱਚ ਸ਼ਹੀਦ ਹੋ ਚੁਕੇ ਸਨ।

ਇਸ ਜੰਗ 'ਚ 40 ਸਿੰਘਾਂ ਨੇ 10 ਲੱਖ ਦਾ ਟਾਕਰਾ ਕਰਦਿਆਂ ਸ਼ਹੀਦੀ ਜਾਮ ਪੀ ਲਿਆ। ਪੰਜ ਵਿਚੋਂ ਦੋ ਪਿਆਰੇ ਜੋ ਗੁਰੂ ਸਾਹਿਬ ਦੇ ਨਾਲ ਸੀ। ਜਦੋਂ ਬਾਹਰ ਨਿਕਲੇ ਤਾਂ ਭਾਈ ਦਇਆ ਸਿੰਘ ਦੇ ਪੈਰ ਨਾਲ ਬਾਬਾ ਜੁਝਾਰ ਦੀ ਪਵਿੱਤਰ ਮ੍ਰਿਤਕ ਦੇਹ ਟਕਰਾ ਗਈ ਤਾਂ ਉਨ੍ਹਾਂ ਗੁਰੂ ਸਾਹਿਬ ਨੂੰ ਕਿਹਾ "ਮੇਰਾ ਦਿਲ ਕਰਦਾ ਹੈ, ਮੈਂ ਆਪਣੀ ਦਸਤਾਰ ਸਾਹਿਬਜ਼ਾਦੇ 'ਤੇ ਪਾ ਦਵਾਂ। ਉਸ ਵੇਲੇ ਗੁਰੂ ਸਾਹਿਬ ਨੇ ਹੋਰ ਸਭ ਸਿੰਘਾਂ ਦੀਆਂ ਮ੍ਰਿਤਕ ਦੇਹਾਂ ਵੱਲ ਇਸ਼ਾਰਾ ਕੀਤਾ 'ਤੇ ਕਿਹਾ, "ਮੈਂ ਪੰਥ ਵਿਚ ਵਖੇਵਾਂ ਕਿਵੇਂ ਪਾ ਦਿਆਂ, ਇਹ ਵੀ ਸਭ ਮੇਰੇ ਬਚੇ ਹਨ, ਜੇ ਤੇਰੇ ਕੋਲ ਸਭ ਵਾਸਤੇ ਇੰਤਜ਼ਾਮ ਹੈ ਤਾਂ ਪਾ ਦੇ ਨਹੀਂ ਤਾਂ ਕਿਸੇ ਤੇ ਵੀ ਨਾ।" 

ਅਗਲੇ ਦਿਨ ਬਾਕੀ ਬਚੇ ਸਿੰਘ ਵੀ ਇੱਕ-ਇੱਕ ਕਰਕੇ ਸ਼ਹੀਦ ਹੋ ਗਏ ਪਰ ਵੈਰੀ ਦੀ ਈਨ ਨਹੀਂ ਮੰਨੀ।

ਇੰਝ ਸਾਹਿਬ-ਏ-ਕਮਾਲ, ਦਸਮੇਸ਼ ਪਿਤਾ, ਪੁੱਤਰਾਂ ਦੇ ਦਾਨੀ, ਗੁਰੂ ਗੋਬਿੰਦ ਸਿੰਘ ਸਾਹਿਬ ਦਾ ਬਚਨ '“ਸਵਾ ਲਾਖ ਸੇ ਏਕ ਲੜਾਊਂ, ਤਬੈ ਗੋਬਿੰਦ ਸਿੰਘ ਨਾਮ ਕਹਾਊਂ।” ਦਾ ਮਹਾਂਵਾਕ ਪੂਰਾ ਹੋਇਆ। 

ਸ੍ਰੀ ਚਮਕੌਰ ਸਾਹਿਬ ਦੀ ਜੰਗ ਦੇ ਸ਼ਹੀਦਾਂ ਦੀ ਸੂਚੀ

ਸ੍ਰੀ ਚਮਕੌਰ ਸਾਹਿਬ ਦੀ ਰਣ-ਭੂਮੀ 'ਤੇ ਗੁਰੂ ਗੋਬਿੰਦ ਸਿੰਘ ਜੀ ਦੇ ਵੱਡੇ ਸਾਹਿਬਜ਼ਾਦਿਆਂ ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ ਦੇ ਨਾਲ ਪੰਜ ਪਿਆਰਿਆਂ ‘ਚੋਂ ਭਾਈ ਮੋਹਕਮ ਸਿੰਘ ਜੀ, ਭਾਈ ਹਿੰਮਤ ਸਿੰਘ ਜੀ ਤੇ ਭਾਈ ਸਾਹਿਬ ਸਿੰਘ ਜੀ ਨੇ ਸ਼ਹੀਦੀਆਂ ਪ੍ਰਾਪਤ ਕੀਤੀਆਂ।

ਇਨ੍ਹਾਂ ਤੋਂ ਬਿਨਾਂ ਹੇਠ ਲਿਖੇ ਸੂਰਬੀਰਾਂ ਨੇ ਸ਼ਹੀਦੀ ਪਾਈ :

ਭਾਈ ਜਵਾਹਰ ਸਿੰਘ ਜੀ, ਅੰਮ੍ਰਿਤਸਰ
ਭਾਈ ਰਤਨ ਸਿੰਘ ਜੀ, ਮਾਣਕਪੁਰਾ
ਭਾਈ ਮਾਣਕ ਸਿੰਘ ਜੀ, ਮਾਣਕ ਮਾਣਕੋ, ਦੁਆਬਾ
ਭਾਈ ਕ੍ਰਿਪਾਲ ਸਿੰਘ ਜੀ, ਕਰਤਾਰਪੁਰ (ਰਾਈਵਾਲਾ)
ਭਾਈ ਦਿਆਲ ਸਿੰਘ ਜੀ, ਰਮਦਾਸ
ਭਾਈ ਗੁਰਦਾਸ ਸਿੰਘ ਜੀ, ਅੰਮ੍ਰਿਤਸਰ
ਭਾਈ ਠਾਕਰ ਸਿੰਘ ਜੀ, ਛਾਰਾ
ਭਾਈ ਪ੍ਰੇਮ ਸਿੰਘ ਜੀ, ਮਨੀਮਾਜਰਾ
ਭਾਈ ਹਰਦਾਸ ਸਿੰਘ ਜੀ, ਗਵਾਲੀਅਰ
ਭਾਈ ਸੰਗੋ ਸਿੰਘ ਜੀ, ਮਾਛੀਵਾੜਾ
ਭਾਈ ਨਿਹਾਲ ਸਿੰਘ ਜੀ, ਮਾਛੀਵਾੜਾ
ਭਾਈ ਗੁਲਾਬ ਸਿੰਘ ਜੀ, ਮਾਛੀਵਾੜਾ
ਭਾਈ ਮਹਿਤਾਬ ਸਿੰਘ ਜੀ, ਰੂਪਨਗਰ
ਭਾਈ ਖੜਕ ਸਿੰਘ ਜੀ, ਰੂਪਨਗਰ
ਭਾਈ ਟੇਕ ਸਿੰਘ ਜੀ, ਰੂਪਨਗਰ
ਭਾਈ ਤੁਲਸਾ ਸਿੰਘ ਜੀ, ਰੂਪਨਗਰ
ਭਾਈ ਸਹਿਜ ਸਿੰਘ ਜੀ, ਰੂਪਨਗਰ
ਭਾਈ ਚੜ੍ਹਤ ਸਿੰਘ ਜੀ, ਰੂਪਨਗਰ
ਭਾਈ ਝੰਡਾ ਸਿੰਘ ਜੀ, ਰੂਪਨਗਰ
ਭਾਈ ਸੁਜਾਨ ਸਿੰਘ ਜੀ, ਰੂਪਨਗਰ
ਭਾਈ ਗੰਡਾ ਸਿੰਘ ਜੀ, ਪਿਸ਼ਾਵਰ
ਭਾਈ ਕਿਸ਼ਨ ਸਿੰਘ ਜੀ
ਭਾਈ ਬਿਸ਼ਨ ਸਿੰਘ ਜੀ
ਭਾਈ ਗੁਰਦਿੱਤ ਸਿੰਘ ਜੀ
ਭਾਈ ਕਰਮ ਸਿੰਘ ਜੀ, ਭਰਤਪੁਰ
ਭਾਈ ਰਣਜੀਤ ਸਿੰਘ ਜੀ
ਭਾਈ ਨਰਾਇਣ ਸਿੰਘ ਜੀ
ਭਾਈ ਜੈਮਲ ਸਿੰਘ ਜੀ
ਭਾਈ ਗੰਗਾ ਸਿੰਘ ਜੀ, ਜੁਆਲਾ ਮੁਖੀ
ਭਾਈ ਸ਼ੇਰ ਸਿੰਘ ਜੀ, ਆਲਮਗੀਰ
ਭਾਈ ਸਰਦੂਲ ਸਿੰਘ ਜੀ
ਭਾਈ ਸੁੱਖਾ ਸਿੰਘ ਜੀ
ਭਾਈ ਪੰਜਾਬ ਸਿੰਘ ਜੀ, ਖੰਡੂ
ਭਾਈ ਦਮੋਦਰ ਸਿੰਘ ਜੀ
ਭਾਈ ਭਗਵਾਨ ਸਿੰਘ ਜੀ
ਭਾਈ ਸਰੂਪ ਸਿੰਘ ਜੀ, ਕਾਬਲ
ਭਾਈ ਜਵਾਲਾ ਸਿੰਘ ਜੀ
ਭਾਈ ਸੰਤ ਸਿੰਘ ਜੀ, ਪੋਠੋਹਾਰ
ਭਾਈ ਆਲਮ ਸਿੰਘ ਜੀ
ਭਾਈ ਸੰਗਤ ਸਿੰਘ ਜੀ
ਭਾਈ ਮਦਨ ਸਿੰਘ ਜੀ
ਭਾਈ ਕੋਠਾ ਸਿੰਘ ਜੀ

-

Top News view more...

Latest News view more...

PTC NETWORK