Shiromani Akali Dal Talwandi Sabo Conference : ਵਿਸਾਖੀ ਮੌਕੇ ਤਲਵੰਡੀ ਸਾਬੋ 'ਚ ਸ਼੍ਰੋਮਣੀ ਅਕਾਲੀ ਦਲ ਦੀ ਕਾਨਫਰੰਸ ਵਿੱਚ ਸ਼ਾਮਿਲ ਹੋਣ ਲਈ ਜਥੇਦਾਰ ਤੀਰਥ ਸਿੰਘ ਮਾਹਲਾ ਦੀ ਅਗਵਾਈ ਹੇਠ ਬਾਘਾ ਪੁਰਾਣਾ ਤੋਂ ਵੱਡਾ ਕਾਫਲਾ ਰਵਾਨਾ
Shiromani Akali Dal Talwandi Sabo Conference : ਅੱਜ ਹਲਕਾ ਬਾਘਾ ਪੁਰਾਣਾ ਦੇ ਪਿੰਡ ਬਾਂਦਰ ਦੀ ਦਾਣਾ ਮੰਡੀ ਤੋਂ ਇੰਚਾਰਜ ਜਥੇਦਾਰ ਤੀਰਥ ਸਿੰਘ ਮਾਹਲਾ ਦੀ ਅਗਵਾਈ ਹੇਠ ਅਕਾਲੀ ਦਲ ਦੇ ਵਰਕਰਾਂ ਦਾ ਵੱਡਾ ਕਾਫਲਾ ਤਲਵੰਡੀ ਸਾਬੋ ਵਿਖੇ ਹੋਣ ਵਾਲੀ ਸ਼੍ਰੋਮਣੀ ਅਕਾਲੀ ਦਲ ਦੀ ਕਾਨਫਰੰਸ ਲਈ ਰਵਾਨਾ ਹੋਇਆ। ਰਵਾਨਾ ਹੋਣ ਤੋਂ ਪਹਿਲਾਂ ਜਥੇਦਾਰ ਤੀਰਥ ਸਿੰਘ ਮਾਹਲਾ ਵੱਲੋਂ ਸੁਖਬੀਰ ਸਿੰਘ ਬਾਦਲ ਦੇ ਮੁੜ ਪ੍ਰਧਾਨ ਬਣਨ 'ਤੇ ਲੱਡੂ ਵੰਡ ਕੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ।
ਇਸ ਮੌਕੇ 'ਤੇ ਉਹਨਾਂ ਕਿਹਾ ਕਿ ਜੇਕਰ ਅਕਾਲੀ ਦਲ ਨੂੰ ਸਹੀ ਤਰੀਕੇ ਨਾਲ ਚਲਾ ਸਕਦਾ ਹੈ ਤਾਂ ਉਹ ਸਿਰਫ ਤੇ ਸਿਰਫ ਸੁਖਬੀਰ ਸਿੰਘ ਬਾਦਲ ਹੀ ਚਲਾ ਸਕਦਾ ਹੈ। ਉਹਨਾਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਇੱਕ ਸਾਫ ਸੁਥਰੇ ਵਿਅਕਤੀ ਹਨ, ਜਿਨਾਂ ਨੂੰ ਹਰ ਪੰਜਾਬ ਦਾ ਨਾਗਰਿਕ ਪਿਆਰ ਕਰਦਾ ਹੈ ਤੇ ਅੱਜ ਉਹਨਾਂ ਦੇ ਮੁੜ ਤੋਂ ਪ੍ਰਧਾਨ ਬਣਨ 'ਤੇ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ।
ਮੀਡੀਆ ਵੱਲੋਂ ਗਿਆਨੀ ਹਰਪ੍ਰੀਤ ਸਿੰਘ ਬਾਰੇ ਕੀਤੇ ਸਵਾਲ ਦੇ ਜਵਾਬ ਦਿੰਦਿਆਂ ਜਥੇਦਾਰ ਤੀਰਥ ਸਿੰਘ ਮਾਹਲਾ ਨੇ ਕਿਹਾ ਕਿ ਮੈਂ ਹੁਣ ਗਿਆਨੀ ਹਰਪ੍ਰੀਤ ਸਿੰਘ ਨੂੰ ਜਥੇਦਾਰ ਨਹੀਂ ਕਹਾਂਗਾ ਕਿਉਂਕਿ ਉਹਨਾਂ ਨੇ ਹੁਣ ਬੀਜੇਪੀ ਦਾ ਮਖੌਟਾ ਪਹਿਨਿਆ ਹੋਇਆ ਹੈ ਅਤੇ ਸਿੱਖ ਕੌਮ ਵਿੱਚ ਵੰਡੀਆਂ ਪਾਉਣ ਦਾ ਕੰਮ ਜਥੇਦਾਰ ਕਰ ਰਿਹਾ। ਉਹਨਾਂ ਕਿਹਾ ਕਿ ਜਥੇਦਾਰ ਕੌਮ ਦੇ ਸਰਬ ਸਾਂਝੇ ਹੁੰਦੇ ਹਨ ਅਤੇ ਉਹਨਾਂ ਨੂੰ ਸਿਆਸਤ ਵਿੱਚ ਨਹੀਂ ਆਉਣਾ ਚਾਹੀਦਾ।
ਇਸ ਮੌਕੇ 'ਤੇ ਉਹਨਾਂ ਕਿਹਾ ਕਿ ਹਰਪ੍ਰੀਤ ਸਿੰਘ ਖੁਦ ਦੱਸਣ ਕਿ ਉਹ ਕਿਸ ਮੁੱਦੇ 'ਤੇ ਕਿਸ ਨਿਸ਼ਾਨ 'ਤੇ ਅਕਾਲੀ ਦਲ ਦੀ ਭਰਤੀ ਕਰ ਰਹੇ ਹਨ, ਜੋ ਹਰਪ੍ਰੀਤ ਸਿੰਘ ਭਰਤੀ ਕਰਵਾ ਰਹੇ ਹਨ, ਉਹ ਪੂਰੀ ਤਰ੍ਹਾਂ ਨਾਲ ਫੈਕ ਹੈ। ਉਹਨਾਂ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਬਾਰੇ ਗੱਲਬਾਤ ਕਰਦਿਆਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਨੂੰ ਪੰਜਾਬ ਦੇ ਸਾਰੇ ਡੈਲੀਗੇਟਾਂ ਨੇ ਸਰਬ ਸੰਮਤੀ ਨਾਲ ਚੁਣਿਆ ਹੈ ਅਤੇ ਅਸੀਂ ਸਾਰਿਆਂ ਨੇ ਸੁਖਬੀਰ ਸਿੰਘ ਬਾਦਲ ਨੂੰ ਪ੍ਰਧਾਨ ਦੇ ਰੂਪ ਵਿੱਚ ਸਵੀਕਾਰ ਕੀਤਾ ਹੈ। ਉਹਨਾਂ ਕਿਹਾ ਕਿ ਆਉਣ ਵਾਲੀਆਂ 2027 ਦੀਆਂ ਚੋਣਾਂ ਵਿੱਚ ਅਕਾਲੀ ਦਲ ਭਾਰੀ ਬਹੁਮਤ ਨਾਲ ਅੱਗੇ ਵਧੇਗਾ।
ਇਸ ਮੌਕੇ 'ਤੇ ਜਥੇਦਾਰ ਤੀਰਥ ਸਿੰਘ ਮਾਹਲਾ ਨੇ ਮਹਰੂਮ ਆਗੂ ਜਥੇਦਾਰ ਤੋਤਾ ਸਿੰਘ ਦੇ ਬੇਟੇ ਬਰਜਿੰਦਰ ਸਿੰਘ ਮੱਖਣ ਬਰਾੜ ਦੇ ਪਾਰਟੀ ਤੋਂ ਵੱਖ ਹੋਣ 'ਤੇ ਵੀ ਸਵਾਲ ਚੁੱਕਦਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਸਭ ਤੋਂ ਵੱਧ ਫਾਇਦਾ ਜਥੇਦਾਰ ਤੋਤਾ ਸਿੰਘ ਦੇ ਪਰਿਵਾਰ ਨੂੰ ਮਿਲਿਆ ਪਰ ਅੱਜ ਬੀਜੇਪੀ ਦੇ ਇਸ਼ਾਰਿਆਂ 'ਤੇ ਚੱਲ ਕੇ ਪਾਰਟੀ ਦੇ ਵਿਰੋਧ ਵਿੱਚ ਉੱਤਰ ਪਏ। ਉਨ੍ਹਾਂ ਕਿਹਾ ਕਿ ਅਜਿਹੇ ਆਗੂਆਂ ਦੇ ਜਾਣ ਨਾਲ ਪਾਰਟੀ ਕਮਜ਼ੋਰ ਨਹੀਂ ਬਲਕੇ ਮਜਬੂਤ ਹੋਵੇਗੀ।
ਇਸ ਮੌਕੇ 'ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸੁੱਖ ਹਰਪ੍ਰੀਤ ਸਿੰਘ ਰੋਡੇ ਅਤੇ ਮੈਂਬਰ ਵਰਕਿੰਗ ਕਮੇਟੀ ਐਸਜੀਪੀਸੀ ਅੰਮ੍ਰਿਤਸਰ ਨੇ ਕਿਹਾ ਕਿ ਅੱਜ ਸਾਨੂੰ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਮਜਬੂਤ ਕਰਨਾ ਚਾਹੀਦਾ ਹੈ ਅਤੇ ਧੜੇਬੰਦੀ ਤੋਂ ਉੱਪਰ ਉੱਠ ਕੇ ਅਕਾਲੀ ਦਲ ਦੀ ਚੜ੍ਹਦੀ ਕਲਾ ਲਈ ਕੰਮ ਕਰਨਾ ਚਾਹੀਦਾ ਹੈ।
ਇਸ ਮੌਕੇ 'ਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਵਰਕਰ ਬਲਵਿੰਦਰ ਸਿੰਘ ਜੈਲਦਾਰ ਨੇ ਕਿਹਾ ਕਿ ਹੁਣ ਵਿਰੋਧੀਆਂ ਨੂੰ ਸੁਖਬੀਰ ਸਿੰਘ ਬਾਦਲ ਪ੍ਰਧਾਨ ਬਣਨ ਤੋਂ ਬਾਅਦ ਸੁਫਨੇ ਵਿੱਚ ਡਰਾਉਣ ਲੱਗ ਪਿਆ ਹੈ ਅਤੇ ਉੱਠਦੇ ਬੈਠਦੇ ਸੁਖਬੀਰ ਸਿੰਘ ਬਾਦਲ ਦਾ ਨਾਂ ਹੀ ਜਪ ਰਹੇ ਹਨ। ਉਹਨਾਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਅਜਿਹੇ ਲੀਡਰ ਹਨ, ਜਿਨਾਂ ਨੇ ਹਮੇਸ਼ਾ ਜਿੱਥੇ ਸਿੱਖ ਪੰਥ ਦੀ ਚੜ੍ਹਦੀ ਕਲਾ ਲਈ ਕੰਮ ਕੀਤਾ। ਉੱਥੇ ਪੰਜਾਬ ਅਤੇ ਪੰਜਾਬੀਅਤ ਲਈ ਵੱਡੇ ਫੈਸਲੇ ਲੈਣ ਦੇ ਨਾਲ ਨਾਲ ਪੰਜਾਬ ਨੂੰ ਵਿਕਾਸ ਪੱਖੋਂ ਮੋਰੀ ਬਣਾਉਣ ਲਈ ਵੀ ਸਿਰ ਤੋੜ ਯਤਨ ਕੀਤੇ। ਇਸ ਮੌਕੇ 'ਤੇ ਉਹਨਾਂ ਕਿਹਾ ਕਿ ਅੱਜ ਸੁਖਬੀਰ ਸਿੰਘ ਬਾਦਲ ਦੇ ਪ੍ਰਧਾਨ ਬਣਨ ਦੀ ਖੁਸ਼ੀ 'ਚ ਵਰਕਰਾਂ ਨੇ ਲੱਡੂ ਵੰਡ ਕੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਅਕਾਲੀ ਦਲ ਮਜਬੂਤੀ ਵੱਲ ਵਧੇਗਾ।
- PTC NEWS