'ਸ਼ਹੀਦ ਭਗਤ ਸਿੰਘ ਤੇ ਬੀ.ਆਰ. ਅੰਬੇਡਕਰ ਦੇ ਬਰਾਬਰ CM ਕੇਜਰੀਵਾਲ ਦੀ ਫੋਟੋ ਕਿੰਨੀ ਕੁ ਜਾਇਜ਼ ?'
ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਨੇ ਕਥਿਤ ਸ਼ਰਾਬ ਘੁਆਲੇ ਵਿੱਚ ਤਿਹਾੜ ਜੇਲ੍ਹ ਅੰਦਰ ਕੈਦ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਤਸਵੀਰ ਨੂੰ ਲੈ ਕੇ ਸਵਾਲ ਚੁੱਕੇ ਹਨ। ਅਕਾਲੀ ਦਲ (SAD) ਦੇ ਮੁੱਖ ਬੁਲਾਰੇ ਐਡਵੋਕੇਟ ਅਰਸ਼ਦੀਪ ਸਿੰਘ ਕਲੇਰ ਨੇ ਦਿੱਲੀ ਦਫਤਰ ਵਿੱਚ ਸ਼ਹੀਦ ਭਗਤ ਸਿੰਘ ਅਤੇ ਬਾਬਾ ਸਾਹਿਬ ਬੀ.ਆਰ. ਅੰਬੇਦਕਰ (Bhimrao Ramji Ambedkar) ਦੀ ਤਸਵੀਰ ਦੇ ਵਿਚਾਲੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ (CM Kejriwal ) ਦੀ ਤਸਵੀਰ 'ਤੇ ਸਵਾਲ ਚੁੱਕੇ ਹਨ।
ਅਕਾਲੀ ਦਲ ਦੇ ਬੁਲਾਰੇ ਨੇ ਟਵਿੱਟਰ ਐਕਸ 'ਤੇ ਪੋਸਟ ਸਾਂਝੀ ਕਰਕੇ ਲਿਖਿਆ ਕਿ ਕੀ ਇਹ ਜਾਇਜ਼ ਹੈ ਕਿ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਤਸਵੀਰ ਸ਼ਹੀਦ ਭਗਤ ਸਿੰਘ (Bhagat Singh) ਅਤੇ ਡਾ. ਭੀਮ ਰਾਓ ਅੰਬੇਦਕਰ ਜੀ ਦੇ ਬਰਾਬਰ ਲਾਈ ਜਾਵੇ। ਉਨ੍ਹਾਂ ਆਮ ਆਦਮੀ ਪਾਰਟੀ ਨੂੰ ਪੁੱਛਿਆ ਕੀ ਇਹ ਸ਼ਹੀਦਾਂ ਦਾ ਅਪਮਾਨ ਨਹੀਂ ਹੈ?
ਉਨ੍ਹਾਂ ਪੋਸਟ 'ਚ ਅੱਗੇ ਲਿਖਿਆ, ''ਸ਼ਹੀਦ ਭਗਤ ਸਿੰਘ ਅਤੇ ਭੀਮ ਰਾਓ ਅੰਬੇਡਕਰ ਜੀ ਦੇ ਬਰਾਬਰ ਕੇਜਰੀਵਾਲ ਦੀ ਫੋਟੋ। ਕੀ ਇਹ ਅਪਮਾਨ ਨੀ ਸ਼ਹੀਦਾਂ ਦਾ? ਸ਼ਰਾਬ ਘੋਟਾਲੇ ਦੇ ਦੋਸ਼ੀ ਦਿੱਲੀ ਦੇ ਮੁੱਖ ਮੰਤਰੀ ਦੀ ਫੋਟੋ ਸ਼ਹਿਦ ਭਗਤ ਸਿੰਘ ਅਤੇ ਡਾ. ਭੀਮ ਰਾਓ ਅੰਬੇਦਕਰ ਜੀ ਦੇ ਵਿਚਕਾਰ ਲੱਗੀ
ਮਤਲਬ ਹੁਣ ਭਿਰਸ਼ਟਾਚਾਰ ਵਾਲੇ ਮੁੱਖ ਮੰਤਰੀ ਖੁਦ ਨੂੰ ਇਸ ਮਹਾਨ ਸ਼ਖ਼ਸੀਅਤਾ ਦੇ ਸਮਾਨ ਸਮਝਣ ਲੱਗ ਪਏ ਹਨ, ਦੇਸ਼ ਲਈ ਕੁਰਬਾਨੀ ਦੇਣ ਵਾਲੇ ਸ਼ਹਿਦ ਭਗਤ ਸਿੰਘ ਅਤੇ ਸਿੱਖਿਆ ਦਾ ਮਿਆਰ ਉਚਾ ਕਰਨ ਵਾਲੇ ਡਾਕਟਰ ਭੀਮ ਰਾਓ ਅੰਬੇਦਕਰ ਦੀ ਬੇਅਬਦੀ ਕੀਤੀ ਹੈ? ਸ਼ਰਮ ਕਰੋ ਆਮ ਆਦਮੀ ਪਾਰਟੀ..''
ਇਸ ਦੇ ਨਾਲ ਹੀ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਇਸ ਬੱਜਰ ਗੁਨਾਹ ਲਈ ਆਮ ਆਦਮੀ ਪਾਰਟੀ ਨੂੰ ਜਲਦ ਤੋਂ ਜਲਦ ਮੁਆਫ਼ੀ ਮੰਗਣ ਲਈ ਕਿਹਾ ਹੈ। ਉਨ੍ਹਾਂ ਕਿਹਾ, ''ਇਕ ਪਾਸੇ ਦੇਸ਼ ਲਈ ਕੁਰਬਾਨ ਹੋਣ ਵਾਲੇ ਸ਼ਹੀਦ ਭਗਤ ਸਿੰਘ, ਦੂਸਰੇ ਪਾਸੇ ਸੰਵਿਧਾਨ ਦੇ ਰਚੇਤਾ ਬਾਬਾ ਸਾਹਿਬ ਬੀ.ਆਰ. ਅੰਬੇਡਕਰ ਜੀ ਦੀ ਤਸਵੀਰ। ਦੋਹਾਂ ਮਹਾਨ ਸਖਸ਼ੀਅਤਾਂ ਦੇ ਬਰਾਬਰ ਸ਼ਰਾਬ ਘੋਟਾਲੇ 'ਚ ਤਿਹਾੜ ਜੇਲ੍ਹ ਵਿਚ ਬੰਦ ਭ੍ਰਿਸ਼ਟ ਅਰਵਿੰਦ ਕੇਜਰੀਵਾਲ ਦੀ ਫੋਟੋ ਲਾਉਣਾ ਸ਼ਹੀਦ-ਏ-ਆਜ਼ਾਮ ਅਤੇ ਬਾਬਾ ਸਾਹਿਬ ਦਾ ਅਨਾਦਰ ਹੈ।''
ਉਨ੍ਹਾਂ ਅੱਗੇ ਕਿਹਾ ਕਿ ਕੇਜਰੀਵਾਲ ਦੀ ਪਤਨੀ ਵੱਲੋਂ ਪ੍ਰੈਸ ਕਾਨਫਰੰਸ ਦੌਰਾਨ ਕੈਮਰੇ 'ਚ ਕੈਦ ਹੋਈ ਇਹ ਤਸਵੀਰ ਬਿਆਨ ਕਰਦੀ ਹੈ ਕਿ ਆਪ ਸੁਪਰੀਮੋ ਇਕ ਹੰਕਾਰੀ ਹੈ।
ਦੱਸ ਦਈਏ ਕਿ ਦਿੱਲੀ ਦੇ ਮੁੱਖ ਮੰਤਰੀ ਅਤੇ 'ਆਪ' ਸੁਪਰੀਮੋ ਅਰਵਿੰਦ ਕੇਜਰੀਵਾਲ ਇਸ ਸਮੇਂ ਤਿਹਾੜ ਜੇਲ੍ਹ ਵਿੱਚ ਹਨ। ਉਨ੍ਹਾਂ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ (ED) ਨੇ ਕਥਿਤ ਸ਼ਰਾਬ ਘੁਟਾਲੇ ਵਿੱਚ ਗ੍ਰਿਫਤਾਰ ਹੋਇਆ ਹੈ।
-