Ropar News : ਨਾਬਾਲਗ ਨਾਲ ਜਬਰ-ਜਨਾਹ ਦਾ ਮਾਮਲਾ, ਅਦਾਲਤ ਨੇ ਦੋਸ਼ੀ ਨੂੰ ਸੁਣਾਈ 20 ਸਾਲ ਦੀ ਕੈਦ, 1 ਲੱਖ ਰੁਪਏ ਜੁਰਮਾਨਾ
Ropar News : ਇੱਕ ਵਿਅਕਤੀ ਨੂੰ ਇੱਕ ਨਾਬਾਲਗ ਕੁੜੀ ਨੂੰ ਅਗਵਾ ਕਰਨ ਅਤੇ ਜਬਰ-ਜਨਾਹ ਦੇ ਮਾਮਲੇ ਵਿੱਚ ਪੋਕਸੋ ਐਕਟ ਦੀ ਧਾਰਾ 6 ਦੇ ਤਹਿਤ ਦੋਸ਼ੀ ਠਹਿਰਾਉਂਦੇ ਹੋਏ ਜ਼ਿਲ੍ਹਾ ਅਦਾਲਤ ਨੇ 20 ਸਾਲ ਦੀ ਸਖ਼ਤ ਕੈਦ ਦੀ ਸਜ਼ਾ ਸੁਣਾਈ ਹੈ। ਅਦਾਲਤ ਨੇ ਮਕਬਾਣਾ ਨਿਹਾਰਵ ਗਣਪਤ ਭਾਈ (23) ਵਾਸੀ ਅਮਰਾਇਵਾੜੀ, ਜ਼ਿਲ੍ਹਾ ਅਹਿਮਦਾਬਾਦ (ਗੁਜਰਾਤ) ਨੂੰ 14 ਸਾਲ ਕੈਦ ਦੀ ਸਜ਼ਾ ਸੁਣਾਈ ਹੈ। ਦੋਸ਼ੀ ਵਿਰੁੱਧ ਧਾਰਾ 363, 366, 376 (2) (ਐਨ), 344 ਆਈਪੀਸੀ ਅਤੇ ਪੋਕਸੋ ਐਕਟ ਦੀ ਧਾਰਾ 6 ਦੇ ਤਹਿਤ ਅਪਰਾਧ ਕਰਨ ਲਈ ਮੁਕੱਦਮਾ ਚਲਾਇਆ ਜਾ ਰਿਹਾ ਸੀ।
ਜਾਣਕਾਰੀ ਅਨੁਸਾਰ ਮੁਕੱਦਮੇ ਦੀ ਸੁਣਵਾਈ 29 ਮਈ 2023 ਨੂੰ ਸ਼ੁਰੂ ਹੋਈ ਸੀ ਅਤੇ ਹੁਣ ਸੁਣਵਾਈ ਪੂਰੀ ਹੋਣ ਤੋਂ ਬਾਅਦ ਰੂਪਨਗਰ ਦੇ ਜ਼ਿਲ੍ਹਾ ਅਤੇ ਸੈਸ਼ਨ ਜੱਜ ਰਮੇਸ਼ ਕੁਮਾਰੀ ਨੇ ਸੋਮਵਾਰ ਨੂੰ ਉਸ ਨੂੰ ਧਾਰਾ 363 ਆਈ.ਪੀ.ਸੀ., ਧਾਰਾ 366 ਆਈ.ਪੀ.ਸੀ ਦੇ ਤਹਿਤ ਅਪਰਾਧ ਕਰਨ ਲਈ 5 ਸਾਲ ਦੀ ਕੈਦ ਦੀ ਸਜ਼ਾ, ਆਈਪੀਸੀ ਦੀ ਧਾਰਾ 344 ਤਹਿਤ 3 ਸਾਲ ਦੀ ਸਖ਼ਤ ਕੈਦ ਅਤੇ ਪੋਕਸੋ ਐਕਟ ਦੀ ਧਾਰਾ 6 ਤਹਿਤ 20 ਸਾਲ ਦੀ ਸਖ਼ਤ ਕੈਦ ਦੀ ਸਜ਼ਾ ਸੁਣਾਈ ਹੈ। ਅਦਾਲਤ ਨੇ ਪੀੜਤਾ ਨੂੰ 1 ਲੱਖ ਰੁਪਏ ਮੁਆਵਜ਼ਾ ਦੇਣ ਦਾ ਵੀ ਹੁਕਮ ਦਿੱਤਾ ਹੈ। ਸਾਰੀਆਂ ਸਜ਼ਾਵਾਂ ਨਾਲ-ਨਾਲ ਚੱਲਣ ਦੇ ਨਿਰਦੇਸ਼ ਦਿੱਤੇ ਗਏ ਹਨ।
ਕੀ ਹੈ ਪੂਰਾ ਮਾਮਲਾ
ਇਸਤਗਾਸਾ ਪੱਖ ਅਨੁਸਾਰ ਪੀੜਤ ਲੜਕੀ ਸਕੂਲ ਦੀ ਵਿਦਿਆਰਥਣ ਹੈ, ਜੋ 15 ਫਰਵਰੀ 2023 ਨੂੰ ਜ਼ਿਲ੍ਹੇ ਦੇ ਆਪਣੇ ਘਰੋਂ ਲਾਪਤਾ ਹੋ ਗਈ ਸੀ। ਪੀੜਤਾ ਦੇ ਮਾਪਿਆਂ ਵੱਲੋਂ ਐਫਆਈਆਰ ਦਰਜ ਕਰਵਾਈ ਗਈ। ਉਨ੍ਹਾਂ ਨੇ ਪੁਲਿਸ ਨੂੰ ਦੱਸਿਆ ਸੀ ਕਿ ਉਨ੍ਹਾਂ ਦੀ ਕੁੜੀ ਨਾ ਤਾਂ ਸਕੂਲ ਪਹੁੰਚੀ ਅਤੇ ਨਾ ਹੀ ਆਪਣੇ ਮਾਪਿਆਂ ਨਾਲ ਸੰਪਰਕ ਕੀਤਾ। ਐਫਆਈਆਰ ਦਰਜ ਹੋਣ ਤੋਂ ਬਾਅਦ ਜਾਂਚ ਕੀਤੀ ਗਈ, ਜਿਸ ਦੌਰਾਨ ਲੜਕੀ ਨੂੰ ਅਮਰਾਇਵਾੜੀ, ਜ਼ਿਲ੍ਹਾ ਅਹਿਮਦਾਬਾਦ (ਗੁਜਰਾਤ) ਤੋਂ ਬਰਾਮਦ ਕੀਤਾ ਗਿਆ। ਪੀੜਤ ਨੂੰ 'ਬੱਚਾ' ਮੰਨਿਆ ਜਾਂਦਾ ਸੀ ਅਤੇ ਅਪਰਾਧ ਦੇ ਸਮੇਂ ਉਸਦੀ ਉਮਰ ਸਿਰਫ 14 ਸਾਲ ਸੀ।
ਪੀੜਤਾ ਦੀ ਆਨਲਾਈਨ ਹੋਈ ਸੀ ਸ਼ਖਸ ਨਾਲ ਦੋਸਤੀ
ਉਹ ਮੁਲਜ਼ਮ ਨਾਲ ਆਨਲਾਈਨ ਮਿਲੀ ਸੀ ਅਤੇ ਉਸ ਨਾਲ ਦੋਸਤੀ ਹੋ ਗਈ ਸੀ। ਪਰ ਬਾਅਦ ਵਿਚ ਦੋਸ਼ੀ ਉਸ ਨੂੰ ਮਿਲਿਆ ਅਤੇ ਉਸ ਨੂੰ ਗੁਜਰਾਤ ਰਾਜ ਵਿਚ ਆਪਣੇ ਘਰ ਲੈ ਗਿਆ ਅਤੇ 15 ਫਰਵਰੀ 2023 ਤੋਂ 6 ਮਾਰਚ 2023 ਤੱਕ ਉਸ ਨੂੰ ਇਕ ਕਮਰੇ ਵਿਚ ਬੰਧਕ ਬਣਾ ਕੇ ਰੱਖਿਆ ਅਤੇ ਵਾਰ-ਵਾਰ ਉਸ ਦਾ ਜਿਨਸੀ ਸ਼ੋਸ਼ਣ ਕੀਤਾ।
ਅਦਾਲਤ ਦਾ ਫੈਸਲੇ ਦਾ ਕੀ ਹੈ ਅਰਥ
ਸਕੱਤਰ, ਡੀਐਲਐਸਏ ਨੇ ਕਿਹਾ ਕਿ ਕਾਨੂੰਨ ਅਨੁਸਾਰ 18 ਸਾਲ ਤੋਂ ਘੱਟ ਉਮਰ ਦੀ ਕੁੜੀ ਦੀ ਸਹਿਮਤੀ ਨਹੀਂ ਹੈ। ਇਹ ਫੈਸਲਾ ਇਹ ਸਮਝਣ ਵਿੱਚ ਬਹੁਤ ਮਦਦਗਾਰ ਹੈ ਕਿ ਕਿਸੇ ਨਾਬਾਲਗ ਦੀ ਸਹਿਮਤੀ ਕਾਨੂੰਨ ਦੀਆਂ ਨਜ਼ਰਾਂ ਵਿੱਚ ਦੋਸ਼ੀ ਲਈ ਬਚਾਅ ਦਾ ਆਧਾਰ ਨਹੀਂ ਹੋਵੇਗੀ। ਉਨ੍ਹਾਂ ਇਹ ਵੀ ਦੱਸਿਆ ਕਿ ਸਕੂਲਾਂ ਵਿੱਚ ਪੜ੍ਹਦੇ ਨੌਜਵਾਨ ਮੁੰਡੇ ਤੇ ਕਿਸ਼ੋਰ ਕੁੜੀਆਂ ਅਤੇ ਆਪਣੇ ਮਾਪਿਆਂ ਨਾਲ ਰਹਿ ਰਹੇ ਬੱਚਿਆਂ ਨੂੰ ਇਸ ਗੱਲ ਤੋਂ ਜਾਣੂ ਕਰਵਾਉਣ ਦੀ ਬਹੁਤ ਲੋੜ ਹੈ ਕਿ 18 ਸਾਲ ਤੋਂ ਘੱਟ ਉਮਰ ਦੀ ਕੁੜੀ ਦੀ ਸਹਿਮਤੀ ਨਹੀਂ ਹੈ।
- PTC NEWS