Faridkot News : ਕੇਂਦਰੀ ਮਾਡਰਨ ਜੇਲ੍ਹ ਨੇੜੇ ਲੁਟੇਰਿਆਂ ਨੇ ਕਾਰ ਸਵਾਰ ’ਤੇ ਕੀਤਾ ਤੇਜ਼ਧਾਰ ਹਥਿਆਰਾਂ ਨਾਲ ਹਮਲਾ, ਕਾਰ ਖੋਹ ਕੇ ਹੋਏ ਫਰਾਰ
Faridkot News : ਫਰੀਦਕੋਟ ਦੇ ਤਲਵੰਡੀ ਰੋਡ ਅਤੇ ਕੇਂਦਰੀ ਮਾਡਰਨ ਜੇਲ੍ਹ ਨੇੜੇ ਮੋਟਰਸਾਈਕਲ ਸਵਾਰ ਤਿੰਨ ਨਾਮਲੂਮਾਂ ਵੱਲੋਂ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਇੱਕ ਵਿਅਕਤੀ ਕੋਲੋਂ ਕਾਰ ਖੋਹ ਕੇ ਲਿਜਾਣ ਦੀ ਘਟਨਾ ਸਾਹਮਣੇ ਆਈ ਹੈ। ਇਸ ਘਟਨਾ ਵਿੱਚ ਜਖਮੀ ਹੋਏ ਕਾਰ ਦੇ ਮਾਲਕ ਨੂੰ ਇਲਾਜ ਲਈ ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹੈ ਅਤੇ ਸੂਚਨਾ ਤੋਂ ਬਾਅਦ ਪੁਲਿਸ ਨੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ।
ਜਾਣਕਾਰੀ ਦੇ ਮੁਤਾਬਕ ਫਰੀਦਕੋਟ ਵਿਖੇ ਮਕੈਨਿਕ ਦਾ ਕੰਮ ਕਰਨ ਵਾਲਾ ਕਮਲਜੀਤ ਸਿੰਘ ਹਰ ਰੋਜ਼ ਦੀ ਤਰ੍ਹਾਂ ਕੰਮ ਤੋਂ ਬਾਅਦ ਲੰਘੀ ਰਾਤ ਕਾਰ ਵਿੱਚ ਸਵਾਰ ਹੋ ਕੇ ਆਪਣੇ ਪਿੰਡ ਢੁੱਡੀ ਜਾ ਰਿਹਾ ਸੀ ਅਤੇ ਜਦੋ ਉਹ ਤਲਵੰਡੀ ਰੋਡ ’ਤੇ ਕੇਂਦਰੀ ਮਾਡਰਨ ਜੇਲ ਨੇੜੇ ਪੁੱਜਿਆ ਤਾਂ ਮੋਟਰਸਾਈਕਲ ਸਵਾਰ ਤਿੰਨ ਨਾਮਲੂਮਾਂ ਨੇ ਉਸ ਦੀ ਕਾਰ ਨੂੰ ਘੇਰ ਲਿਆ ਅਤੇ ਉਸਦੇ ਤੇਜ਼ਧਾਰ ਹਥਿਆਰ ਦੇ ਨਾਲ ਵਾਰ ਕੀਤੇ। ਇਸ ਤੋਂ ਬਾਅਦ ਬੇਸਬਾਲ ਦੇ ਨਾਲ ਉਸਦੀ ਮਾਰਕੁੱਟ ਕਰਦੇ ਹੋਏ ਉਸ ਕੋਲੋਂ ਕਾਰ ਖੋਹ ਕੇ ਫਰਾਰ ਹੋ ਗਏ। ਜਖਮੀ ਹੋਏ ਕਮਲਜੀਤ ਸਿੰਘ ਨੂੰ ਇਲਾਜ ਲਈ ਮੈਡੀਕਲ ਕਾਲਜ ਹਸਪਤਾਲ ਦਾਖਲ ਕਰਵਾਇਆ ਗਿਆ ਹੈ।
ਇਸ ਮਾਮਲੇ ਵਿੱਚ ਡੀਐਸਪੀ ਤਰਲੋਚਨ ਸਿੰਘ ਨੇ ਦੱਸਿਆ ਕਿ ਪੁਲਿਸ ਵੱਲੋਂ ਪੂਰੇ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਮੁਲਜਮਾਂ ਦੀ ਸ਼ਨਾਖਤ ਕਰਦੇ ਹੋਏ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।
ਇਹ ਵੀ ਪੜ੍ਹੋ : Fire in Jalandhar Factory : ਸਪੋਰਟਸ ਫੈਕਟਰੀ ਦੇ ਗੋਦਾਮ 'ਚ ਲੱਗੀ ਭਿਆਨਕ ਅੱਗ, ਮੱਚੀ ਹੜਕੰਪ, 5 ਲੋਕ ਰੈਸਕਿਊ
- PTC NEWS